ਸਰਕਾਰ ਨੇ ਦਿੱਤੀ ਵੱਡੀ ਰਾਹਤ, ਇੱਥੇ ਪੰਜ ਸਾਲ 'ਚ ਕਮਾ ਸਕੋਗੇ 4 ਲੱਖ ਵਿਆਜ

Thursday, Oct 01, 2020 - 02:15 PM (IST)

ਸਰਕਾਰ ਨੇ ਦਿੱਤੀ ਵੱਡੀ ਰਾਹਤ, ਇੱਥੇ ਪੰਜ ਸਾਲ 'ਚ ਕਮਾ ਸਕੋਗੇ 4 ਲੱਖ ਵਿਆਜ

ਨਵੀਂ ਦਿੱਲੀ— ਬੈਂਕਾਂ ਵੱਲੋਂ ਫਿਕਸਡ ਡਿਪਾਜ਼ਿਟ (ਐੱਫ. ਡੀ.) ਦਰਾਂ 'ਚ ਲਗਾਤਾਰ ਕੀਤੀ ਜਾ ਰਹੀ ਕਟੌਤੀ ਵਿਚਕਾਰ ਪੀ. ਪੀ. ਐੱਫ., ਸੁਕੰਨਿਆ ਸਮਰਿਧੀ ਤੇ ਐੱਨ. ਐੱਸ. ਸੀ. ਵਰਗੀਆਂ ਛੋਟੀਆਂ ਬਚਤ ਯੋਜਨਾਵਾਂ ਦੇ ਨਿਵੇਸ਼ਕਾਂ ਲਈ ਰਾਹਤ ਭਰੀ ਖ਼ਬਰ ਹੈ। ਸਰਕਾਰ ਨੇ ਅਕਤੂਬਰ-ਦਸੰਬਰ 2020 ਤਿਮਾਹੀ ਲਈ ਇਨ੍ਹਾਂ ਦੀਆਂ ਵਿਆਜ ਦਰਾਂ 'ਚ ਕੋਈ ਕਟੌਤੀ ਨਾ ਕਰਨ ਦਾ ਫ਼ੈਸਲਾ ਕੀਤਾ ਹੈ।

ਇਸ ਤੋਂ ਪਹਿਲਾਂ ਵੀ ਜੁਲਾਈ ਤੋਂ ਸਤੰਬਰ ਤਿਮਾਹੀ 'ਚ ਦਰਾਂ 'ਚ ਕੋਈ ਬਦਲਾਅ ਨਹੀਂ ਹੋਇਆ ਸੀ। ਸਿਰਫ ਅਪ੍ਰੈਲ-ਜੂਨ 2020 'ਚ ਵਿਆਜ ਦਰਾਂ 'ਚ ਕਟੌਤੀ ਹੋਈ ਸੀ। ਸਰਕਾਰ ਹਰ ਤਿਮਾਹੀ ਵਿਆਜ ਦਰਾਂ ਦੀ ਸਮੀਖਿਆ ਕਰਦੀ ਹੈ। ਹਾਲਾਂਕਿ, ਇਨ੍ਹਾਂ 'ਚੋਂ ਕੁਝ ਸਕੀਮਾਂ ਹਨ ਜੋ ਵਿਆਜ ਦਰਾਂ 'ਚ ਸੋਧ ਹੋ ਵੀ ਜਾਵੇ ਤਾਂ ਮੌਜੂਦਾ ਨਿਵੇਸ਼ਕਾਂ ਨੂੰ ਪ੍ਰਭਾਵਿਤ ਨਹੀਂ ਕਰਦੀ।

ਰਾਸ਼ਟਰੀ ਬਚਤ ਸਰਟੀਫਿਕੇਟ (ਐੱਨ. ਐੱਸ. ਸੀ.), ਕਿਸਾਨ ਵਿਕਾਸ ਪੱਤਰ (ਕੇ. ਵੀ. ਪੀ.), ਡਾਕਘਰ ਦੀ ਟਾਈਮ ਡਿਪਾਜ਼ਿਟ (ਟੀ. ਡੀ.) ਤੇ ਸੀਨੀਅਰ ਸਿਟੀਜ਼ਨ ਬਚਤ ਸਕੀਮ (ਐੱਸ. ਸੀ. ਐੱਸ. ਐੱਸ.) 'ਚ ਨਿਵੇਸ਼ ਕਰਨ ਦੀ ਸੋਚ ਰਹੇ ਲੋਕਾਂ ਲਈ ਇਹ ਸ਼ਾਨਦਾਰ ਮੌਕਾ ਹੈ ਕਿਉਂਕਿ ਇਹ ਉਹ ਯੋਜਨਾਵਾਂ ਹਨ ਜਿਨ੍ਹਾਂ ਦੀ ਵਿਆਜ ਦਰ ਮਿਆਦ ਪੂਰੀ ਹੋਣ ਤੱਕ ਬਰਕਰਾਰ ਰਹਿੰਦੀ ਹੈ। ਹਾਲਾਂਕਿ, ਪੀ. ਪੀ. ਐੱਫ. ਅਤੇ ਸੁਕਨਿਆ ਸਮਰਿਧੀ ਯੋਜਨਾ ਦੀਆਂ ਵਿਆਜ ਦਰਾਂ 'ਚ ਬਦਲਾਅ ਹੋ ਜਾਂਦਾ ਹੈ ਜਦੋਂ ਸਰਕਾਰ ਕਿਸੇ ਵਿੱਤੀ ਸਾਲ ਦੀ ਤਿਮਾਹੀ 'ਚ ਵਿਆਜ ਦਰਾਂ ਨੂੰ ਸੋਧਦੀ ਹੈ। 

ਪੀ. ਪੀ. ਐੱਫ. 'ਤੇ ਵਿਆਜ ਦਰ 7.1 ਫੀਸਦੀ ਹੈ, ਸੁਕੰਨਿਆ ਸਮਰਿਧੀ ਲਈ ਵਿਆਜ ਦਰ 7.6 ਫੀਸਦੀ ਹੈ। ਉੱਥੇ ਹੀ, 5 ਸਾਲਾ ਐੱਨ. ਐੱਸ. ਸੀ.  'ਤੇ ਵਿਆਜ ਦਰ 6.8 ਫੀਸਦੀ, 5 ਸਾਲ ਵਾਲੀ ਡਾਕਘਰ ਦੀ ਟਾਈਮ ਡਿਪਾਜ਼ਿਟ ਸਕੀਮ ਲਈ 6.7 ਫੀਸਦੀ ਹੈ। ਕੇ. ਵੀ. ਪੀ. 'ਤੇ 6.9 ਫੀਸਦੀ ਵਿਆਜ ਦਰ ਹੈ।

ਇਹ ਵੀ ਪੜ੍ਹੋ- ਗੱਡੀ 'ਚ RC, ਲਾਇਸੈਂਸ ਰੱਖਣ ਦੀ ਜ਼ਰੂਰਤ ਖ਼ਤਮ ► ਤਿਉਹਾਰਾਂ 'ਚ LED/LCD ਟੀ. ਵੀ. ਖਰੀਦਣ ਦੀ ਸੋਚ ਰਹੇ ਲੋਕਾਂ ਲਈ ਬੁਰੀ ਖ਼ਬਰ

5 ਸਾਲ ਚ ਬਣੇਗਾ 4 ਲੱਖ ਤੋਂ ਵੱਧ ਵਿਆਜ
ਉੱਥੇ ਹੀ, ਜੇਕਰ ਤੁਸੀਂ ਸੀਨੀਅਰ ਸਿਟੀਜ਼ਨ ਹੋ ਅਤੇ ਆਪਣੇ ਪੈਸੇ ਨੂੰ ਕਿਤੇ ਨਿਵੇਸ਼ ਕਰਨਾ ਚਾਹੁੰਦੇ ਹੋ, ਤਾਂ ਡਾਕਘਰ ਦੀ 'ਸੀਨੀਅਰ ਸਿਟੀਜ਼ਨ ਬਚਤ ਯੋਜਨਾ' ਤੁਹਾਡੇ ਲਈ ਬਿਹਤਰ ਸਾਬਤ ਹੋ ਸਕਦੀ ਹੈ। ਸੀਨੀਅਰ ਸਿਟੀਜ਼ਨਸ ਜੇਕਰ ਇਸ ਸਕੀਮ ਵਿਚ ਇਕਮੁਸ਼ਤ 10 ਲੱਖ ਰੁਪਏ ਨਿਵੇਸ਼ ਕਰਦੇ ਹਨ ਤਾਂ 7.4 ਫੀਸਦੀ ਦੀ ਮਿਸ਼ਰਤ ਵਿਆਜ ਦਰ 'ਤੇ 5 ਸਾਲ ਬਾਅਦ ਯਾਨੀ ਮਿਆਦ ਪੂਰੀ ਹੋਣ 'ਤੇ ਕੁੱਲ ਰਕਮ 14,28,964 ਰੁਪਏ ਹੋ ਜਾਏਗੀ, ਯਾਨੀ 5 ਸਾਲ 'ਚ 4,28,964 ਰੁਪਏ ਦਾ ਫਾਇਦਾ ਹੋਵੇਗਾ।

ਡਾਕਘਰ ਸੀਨੀਅਰ ਸਿਟੀਜ਼ਨ ਬਚਤ ਯੋਜਨਾ ਵਿਚ ਜੇਕਰ ਤੁਸੀਂ ਖਾਤਾ ਖੋਲ੍ਹਣਾ ਚਾਹੁੰਦੇ ਹੋ ਤਾਂ ਤੁਹਾਡੀ ਉਮਰ 60 ਸਾਲ ਤੋਂ ਉੁਪਰ ਹੋਣੀ ਚਾਹੀਦੀ ਹੈ। ਇਸ ਸਕੀਮ ਵਿਚ ਫਿਲਹਾਲ ਸਾਲਾਨਾ ਵਿਆਜ ਦਰ 7.4 ਫੀਸਦੀ ਹੈ। ਸਕੀਮ ਦੀ ਮਿਆਦ ਪੂਰੀ ਹੋਣ ਦਾ ਸਮਾਂ 5 ਸਾਲ ਹੈ। ਇਸ ਵਿਚ ਨਿਵੇਸ਼ ਇਕ ਵਾਰ ਕੀਤਾ ਜਾ ਸਕਦਾ ਹੈ। ਘੱਟੋ-ਘੱਟ 1,000 ਰੁਪਏ ਤੋਂ ਲੈ ਕੇ 15 ਲੱਖ ਰੁਪਏ ਤੱਕ ਇਸ ਵਿਚ ਨਿਵੇਸ਼ ਕੀਤੇ ਜਾ ਸਕਦੇ ਹਨ।


author

Sanjeev

Content Editor

Related News