ਬੈਂਕ ਦਾ ਨਾਂ ਬਦਲਣ ਦਾ ਕੋਈ ਪ੍ਰਸਤਾਵ ਨਹੀਂ : PNB

02/11/2020 10:47:29 PM

ਨਵੀਂ ਦਿੱਲੀ (ਭਾਸ਼ਾ)-ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਨੇ ਕਿਹਾ ਕਿ 2 ਹੋਰ ਬੈਂਕਾਂ ਦੇ ਰਲੇਵੇਂ ਤੋਂ ਬਾਅਦ ਬੈਂਕ ਦਾ ਨਾਂ ਬਦਲਣ ਦਾ ਕੋਈ ਪ੍ਰਸਤਾਵ ਨਹੀਂ ਹੈ। ਸਰਕਾਰ ਨੇ ਪੰਜਾਬ ਨੈਸ਼ਨਲ ਬੈਂਕ ਦੇ ਨਾਲ ਜਨਤਕ ਖੇਤਰ ਦੇ 2 ਹੋਰ ਬੈਂਕਾਂ ਓਰੀਐਂਟਲ ਬੈਂਕ ਆਫ ਕਾਮਰਸ (ਓ. ਬੀ. ਸੀ.) ਅਤੇ ਯੂਨਾਈਟਿਡ ਬੈਂਕ ਆਫ ਇੰਡੀਆ (ਯੂ. ਬੀ. ਆਈ.) ਦੇ ਰਲੇਵੇਂ ਦਾ ਫੈਸਲਾ ਕੀਤਾ ਹੈ।

ਪੀ. ਐੱਨ. ਬੀ. ਵੱਲੋਂ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਯੂ. ਬੀ. ਆਈ. ਦੇ ਇਕ ਅਧਿਕਾਰੀ ਨੇ ਕਿਹਾ ਕਿ ਸਰਕਾਰ ਰਲੇਵੇਂ ਤੋਂ ਬਾਅਦ ਬਣਨ ਵਾਲੇ ਨਵੇਂ ਬੈਂਕ ਦਾ ਨਵਾਂ ਨਾਂ ਅਤੇ ਲੋਗੋ ਐਲਾਨ ਸਕਦੀ ਹੈ। ਤਿੰਨਾਂ ਬੈਂਕਾਂ ਦਾ ਰਲੇਵਾਂ 1 ਅਪ੍ਰੈਲ 2020 ਤੋਂ ਹੋਂਦ ’ਚ ਆ ਜਾਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪਿਛਲੇ ਸਾਲ ਜਨਤਕ ਖੇਤਰ ਦੇ 10 ਬੈਂਕਾਂ ਦਾ ਇਕ-ਦੂਜੇ ’ਚ ਰਲੇਵਾਂ ਕਰ ਕੇ 4 ਬੈਂਕ ਬਣਾਉਣ ਦਾ ਐਲਾਨ ਕੀਤਾ ਸੀ। ਓ. ਬੀ. ਸੀ. ਅਤੇ ਯੂ. ਬੀ. ਆਈ. ਬੈਂਕ ਦਾ ਪੀ. ਐੱਨ. ਬੀ. ’ਚ ਰਲੇਵਾਂ ਕਰਨ ਦਾ ਫੈਸਲਾ ਕੀਤਾ ਗਿਆ। ਇਸ ਰਲੇਵੇਂ ਤੋਂ ਬਾਅਦ ਪੀ. ਐੱਨ. ਬੀ. ਜਨਤਕ ਖੇਤਰ ਦਾ ਦੂਜਾ ਵੱਡਾ ਬੈਂਕ ਬਣ ਜਾਵੇਗਾ। ਇਸ ਤੋਂ ਇਲਾਵਾ ਸਿੰਡੀਕੇਟ ਬੈਂਕ ਦਾ ਕੇਨਰਾ ਬੈਂਕ ’ਚ, ਇਲਾਹਾਬਾਦ ਬੈਂਕ ਦਾ ਇੰਡੀਅਨ ਬੈਂਕ ਦੇ ਨਾਲ ਅਤੇ ਇਸੇ ਤਰ੍ਹਾਂ ਆਂਧਰਾ ਬੈਂਕ ਅਤੇ ਕਾਰਪੋਰੇਸ਼ਨ ਬੈਂਕ ਦਾ ਯੂਨੀਅਨ ਬੈਂਕ ਆਫ ਇੰਡੀਆ ਨਾਲ ਰਲੇਵਾਂ ਕਰਨ ਦਾ ਐਲਾਨ ਕੀਤਾ ਗਿਆ।

ਓ. ਬੀ. ਸੀ. ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਪ੍ਰਬੰਧ ਨਿਰਦੇਸ਼ਕ ਮੁਕੇਸ਼ ਕੁਮਾਰ ਜੈਨ ਨੇ ਕਿਹਾ ਕਿ ਓ. ਬੀ. ਸੀ., ਯੂ. ਬੀ. ਆਈ. ਅਤੇ ਪੀ. ਐੱਨ. ਬੀ. ਦਾ ਪ੍ਰਸਤਾਵਿਤ ਰਲੇਵਾਂ ਬਰਾਬਰਤਾ ਦੇ ਆਧਾਰ ’ਤੇ ਹੋਵੇਗਾ। ਉਨ੍ਹਾਂ ਕਿਹਾ, ‘‘ਅਸੀਂ ਵਿੱਤ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਤਿੰਨਾਂ ਬੈਂਕਾਂ ਦੇ ਰਲੇਵੇਂ ਤੋਂ ਬਾਅਦ ਬਣਨ ਵਾਲੇ ਬੈਂਕ ਦਾ ਨਾਂ ਜਾਂ ਤਾਂ ਤਿੰਨਾਂ ਬੈਂਕਾਂ ਤੋਂ ਵੱਖ ਹੋਣਾ ਚਾਹੀਦਾ ਹੈ ਅਤੇ ਇਹ ਨਾਂ ਬੈਂਕਾਂ ਦੀ ਪੁਰਾਣੀ ਪਛਾਣ ਨੂੰ ਬਰਕਰਾਰ ਰੱਖਦਿਆਂ ਰੱਖਿਆ ਜਾਣਾ ਚਾਹੀਦਾ ਹੈ। ਇਸ ਨਾਲ ਨਵੇਂ ਨਾਂ ’ਚ ਤਿੰਨਾਂ ਦੀ ਬਰਾਬਰ ਹਿੱਸੇਦਾਰੀ ਦਾ ਅਹਿਸਾਸ ਹੋਵੇਗਾ।’’


Karan Kumar

Content Editor

Related News