ਪੀ. ਐੱਨ. ਬੀ. ਦੇ ਗਾਹਕਾਂ ਲਈ ਚੰਗੀ ਖਬਰ, ਕਾਰ ਤੇ ਘਰ ਲੈਣਾ ਹੋਵੇਗਾ ਸਸਤਾ
Thursday, Oct 26, 2017 - 01:11 PM (IST)

ਨਵੀਂ ਦਿੱਲੀ— ਜਨਤਕ ਖੇਤਰ ਦੇ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਨੇ ਆਪਣੇ ਗਾਹਕਾਂ ਲਈ ਰਾਹਤ ਦਾ ਐਲਾਨ ਕੀਤਾ ਹੈ। ਬੈਂਕ ਨੇ ਐਲਾਨ ਕੀਤਾ ਹੈ ਕਿ ਜਿਹੜੇ ਗਾਹਕ ਉਸ ਕੋਲੋਂ ਹੋਮ ਲੋਨ, ਕਾਰ ਲੋਨ ਜਾਂ ਫਿਰ ਦੋ-ਪਹੀਆ ਲੋਨ ਲੈਣਗੇ ਉਨ੍ਹਾਂ ਕੋਲੋਂ ਕਿਸੇ ਵੀ ਤਰ੍ਹਾਂ ਦੀ ਪ੍ਰੋਸੈਸਿੰਗ ਫੀਸ ਨਹੀਂ ਵਸੂਲੀ ਜਾਵੇਗੀ। ਇੰਨਾ ਹੀ ਨਹੀਂ ਗਾਹਕਾਂ ਨੂੰ ਦਸਤਾਵੇਜ਼ੀ ਚਾਰਜ ਵੀ ਨਹੀਂ ਭਰਨਾ ਹੋਵੇਗਾ। ਪੰਜਾਬ ਨੈਸ਼ਨਲ ਬੈਂਕ ਵੱਲੋਂ ਦਿੱਤਾ ਜਾ ਰਿਹਾ ਹੈ ਇਹ ਆਫਰ 31 ਦਸੰਬਰ 2017 ਤਕ ਦੇਸ਼ ਭਰ 'ਚ ਲਾਗੂ ਰਹੇਗਾ।
ਪੀ. ਐੱਨ. ਬੀ. ਆਮ ਤੌਰ 'ਤੇ ਤਿੰਨ ਕਰੋੜ ਰੁਪਏ ਦੇ ਲੋਨ 'ਤੇ ਕੁੱਲ ਕੀਮਤ ਦਾ 0.50 ਫੀਸਦੀ ਪ੍ਰੋਸੈਸਿੰਗ ਫੀਸ ਦੇ ਰੂਪ 'ਚ ਵਸੂਲਦਾ ਹੈ। ਹਾਲਾਂਕਿ ਵਧ ਤੋਂ ਵਧ ਫੀਸ 20,000 ਰੁਪਏ ਤਕ ਹੁੰਦੀ ਹੈ। ਲੋਨ ਦੀ ਰਕਮ 3 ਕਰੋੜ ਰੁਪਏ ਤੋਂ ਜ਼ਿਆਦਾ ਹੋਵੇ ਤਾਂ ਬੈਂਕ ਦੀ ਪ੍ਰੋਸੈਸਿੰਗ ਫੀਸ ਵਧ ਕੇ 50,000 ਰੁਪਏ ਹੋ ਜਾਂਦੀ ਹੈ। ਦਸਤਾਵੇਜ਼ ਚਾਰਜ ਦੇ ਨਾਮ 'ਤੇ ਬੈਂਕ ਗਾਹਕ ਕੋਲੋਂ 1350 ਰੁਪਏ ਵਸੂਲਦਾ ਹੈ।
ਉੱਥੇ ਹੀ, ਕੇਂਦਰ ਸਰਕਾਰ ਵੱਲੋਂ ਸਰਕਾਰੀ ਬੈਂਕ 'ਚ ਅਗਲੇ ਦੋ ਸਾਲਾਂ ਦੌਰਾਨ 2.11 ਲੱਖ ਕਰੋੜ ਰੁਪਏ ਪਾਏ ਜਾਣਗੇ, ਜਿਸ ਨਾਲ ਬੈਂਕਾਂ ਵੱਲੋਂ ਕਰਜ਼ਾ ਦੇਣ ਦੀ ਸਮਰੱਥਾ ਹੋਰ ਵਧੇਗੀ। ਇਸ ਦੇ ਮੱਦੇਨਜ਼ਰ ਬੈਂਕਾਂ ਵੱਲੋਂ ਗਾਹਕਾਂ ਨੂੰ ਆਕਰਸ਼ਤ ਕਰਨ ਲਈ ਕਰਜ਼ਾ ਸਸਤਾ ਕੀਤਾ ਜਾ ਸਕਦਾ ਹੈ। ਸਰਕਾਰੀ ਬੈਂਕਾਂ 'ਚ ਸਟੇਟ ਬੈਂਕ ਅਤੇ ਬੈਂਕ ਆਫ ਬੜੌਦਾ ਤੋਂ ਬਾਅਦ ਪੰਜਾਬ ਨੈਸ਼ਨਲ ਬੈਂਕ ਤੀਜਾ ਵੱਡਾ ਬੈਂਕ ਹੈ। ਸਰਕਾਰ ਦੇ ਨਿਵੇਸ਼ ਨਾਲ ਬੈਂਕਾਂ ਦੀ ਹਾਲਤ ਸੁਧਰਣ ਦੀ ਉਮੀਦ ਹੈ ਅਤੇ ਇਸ ਨਾਲ ਨਵੇਂ ਸਾਲ ਤੋਂ ਰੁਜ਼ਗਾਰ ਵੀ ਪੈਦਾ ਹੋਣ ਦੀ ਸੰਭਾਵਨਾ ਹੈ।