PM ਮੋਦੀ ਦਾ ਪੰਜਾਬ ਦੇ 58 ਹਜ਼ਾਰ ਵੱਡੇ ਕਿਸਾਨਾਂ ਨੂੰ ਵੀ ਤੋਹਫਾ

06/04/2019 2:53:34 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ 'ਪੀ. ਐੱਮ. ਕਿਸਾਨ' ਯੋਜਨਾ ਦਾ ਫਾਇਦਾ ਉਨ੍ਹਾਂ 8 ਲੱਖ ਅਮੀਰ ਕਿਸਾਨਾਂ ਨੂੰ ਵੀ ਮਿਲਣ ਜਾ ਰਿਹਾ ਹੈ, ਜਿਨ੍ਹਾਂ ਕੋਲ 10 ਹੈਕਟੇਅਰ ਯਾਨੀ ਤਕਰੀਬਨ 25 ਕਿੱਲੇ ਜਾਂ ਇਸ ਤੋਂ ਵੱਧ ਦੀ ਖੇਤੀ ਵਾਲੀ ਜ਼ਮੀਨ ਹੈ। ਇਹ ਕਿਸਾਨ ਵੀ 'ਪੀ. ਐੱਮ. ਕਿਸਾਨ' ਯੋਜਨਾ ਤਹਿਤ ਹਰ ਸਾਲ 6,000 ਰੁਪਏ ਲੈ ਸਕਣਗੇ।

ਇਸ ਤਰ੍ਹਾਂ ਦੇ ਸਭ ਤੋਂ ਵੱਧ ਜਿਮੀਂਦਾਰ ਕਿਸਾਨ ਪੰਜਾਬ, ਰਾਜਸਥਾਨ, ਮੱਧ ਪ੍ਰਦੇਸ਼, ਕਰਨਾਟਕ, ਹਰਿਆਣਾ ਤੇ ਗੁਜਰਾਤ 'ਚ ਹਨ। ਪੰਜਾਬ ਦੇ ਕੁੱਲ ਕਿਸਾਨਾਂ 'ਚੋਂ 5.3 ਫੀਸਦੀ ਇਸ ਸ਼੍ਰੇਣੀ ਚ ਆਉਂਦੇ ਹਨ। ਉੱਥੇ ਹੀ, ਰਾਜਸਥਾਨ 'ਚ 4.7 ਫੀਸਦੀ ਤੇ ਹਰਿਆਣਾ 'ਚ 2.5 ਫੀਸਦੀ ਵੱਡੇ ਕਿਸਾਨ ਹਨ, ਜਦੋਂ ਕਿ ਦੂਜੇ ਰਾਜਾਂ 'ਚ ਇਸ ਤਰ੍ਹਾਂ ਦੇ ਕਿਸਾਨਾਂ ਦੀ ਗਿਣਤੀ 1 ਫੀਸਦੀ ਤੋਂ ਵੀ ਘੱਟ ਹੈ।
 

ਕਿੰਨੇ ਲੋਕਾਂ ਕੋਲ ਹਨ 25 ਤੋਂ ਵੱਧ ਕਿੱਲੇ-
ਖੇਤੀਬਾੜੀ ਜਨਗਣਨਾ 2015-16 ਮੁਤਾਬਕ ਪੰਜਾਬ 'ਚ 58,000 ਵੱਡੇ ਕਿਸਾਨ ਹਨ, ਜਿਨ੍ਹਾਂ ਕੋਲ 25 ਕਿੱਲੇ ਜਾਂ ਇਸ ਤੋਂ ਵੀ ਵੱਧ ਜ਼ਮੀਨ ਹੈ। ਉਂਝ ਤਾਂ ਜ਼ਮੀਨ ਸ਼ਕਤੀ, ਸਿੰਜਾਈ ਆਦਿ ਦੇ ਹਿਸਾਬ ਨਾਲ ਰਾਜਸਥਾਨ ਦੀ ਤੁਲਨਾ ਪੰਜਾਬ ਤੇ ਹਰਿਆਣਾ ਨਾਲ ਨਹੀਂ ਕੀਤੀ ਜਾ ਸਕਦੀ ਹੈ ਪਰ ਘੱਟ ਪਾਣੀ ਵਾਲੇ ਇਸ ਸੂਬੇ 'ਚ ਵੱਡੇ ਕਿਸਾਨਾਂ ਦੀ ਗਿਣਤੀ ਦਿਲਚਸਪ ਹੈ, ਇੱਥੇ 3.6 ਲੱਖ ਵੱਡੇ ਕਿਸਾਨ ਹਨ। ਉੱਥੇ ਹੀ, ਮੱਧ ਪ੍ਰਦੇਸ਼ 'ਚ 63,000 ਤੇ ਹਰਿਆਣਾ 'ਚ 25 ਕਿੱਲਿਆਂ ਤੋਂ ਵੱਧ ਜ਼ਮੀਨ ਵਾਲੇ ਕਿਸਾਨਾਂ ਦੀ ਗਿਣਤੀ 41,000 ਹੈ। ਯੂ. ਪੀ. 'ਚ ਇਨ੍ਹਾਂ ਦੀ ਗਿਣਤੀ 23,000 ਹੈ।
ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਨੇ ਦੂਜੀ ਵਾਰ ਸੱਤਾ ਸੰਭਾਲਣ ਦੇ ਨਾਲ ਹੀ ਪਹਿਲੀ ਕੈਬਨਿਟ ਮੀਟਿੰਗ 'ਚ ਪੀ. ਐੱਮ. ਕਿਸਾਨ ਯੋਜਨਾ ਦਾ ਦਾਇਰਾ ਵਧਾਉਣ ਨੂੰ ਹਰੀ ਝੰਡੀ ਦੇ ਦਿੱਤੀ ਸੀ। ਇਸ ਯੋਜਨਾ ਦੇ ਵਿਸਥਾਰ ਨਾਲ 2 ਕਰੋੜ ਵਾਧੂ ਕਿਸਾਨਾਂ ਨੂੰ ਫਾਇਦਾ ਮਿਲੇਗਾ, ਜਿਨ੍ਹਾਂ 'ਚ 8.3 ਲੱਖ ਵੱਡੇ ਕਿਸਾਨ ਸ਼ਾਮਲ ਹਨ। ਪਹਿਲਾਂ ਇਸ ਯੋਜਨਾ ਦਾ ਫਾਇਦਾ 12.6 ਕਰੋੜ ਕਿਸਾਨਾਂ ਨੂੰ ਮਿਲਣਾ ਸੀ ਹੁਣ 14.6 ਕਰੋੜ ਕਿਸਾਨਾਂ ਨੂੰ ਇਸ ਸਕੀਮ ਤਹਿਤ ਫਾਇਦਾ ਮਿਲੇਗਾ।


Related News