ਗੂਗਲ ਪੇਅ ਰਾਹੀਂ ਸੇਵਾਵਾਂ ਦੀ ਵਿਕਰੀ ‘ਤੇ ਪਲੇ ਬਿਲਿੰਗ ਲਾਜ਼ਮੀ : ਗੂਗਲ
Wednesday, Sep 30, 2020 - 02:06 AM (IST)

ਨਵੀਂ ਦਿੱਲੀ–ਗੂਗਲ ਨੇ ਕਿਹਾ ਕਿ ਪਲੇ ਸਟੋਰ ਰਾਹੀਂ ਡਿਜੀਟਲ ਸਮੱਗਰੀ ਵੇਚਣ ਵਾਲੇ ਐਪ ਨੂੰ ਗੂਗਲ ਪਲੇ ਬਿਲਿੰਗ ਪ੍ਰਣਾਲੀ ਦਾ ਇਸਤੇਮਾਲ ਕਰਨਾ ਹੋਵੇਗਾ ਅਤੇ ਐਪ ਨਾਲ ਹੋਈ ਵਿਕਰੀ ਦਾ ਇਕ ਫੀਸਦੀ ਟੈਕਸ ਦੇ ਤੌਰ ‘ਤੇ ਦੇਣਾ ਹੋਵੇਗਾ। ਗੂਗਲ ਹਾਲ ਹੀ ‘ਚ ਕੁਝ ਘੰਟਿਆਂ ਲਈ ਪੇ. ਟੀ. ਐੱਮ. ਨੂੰ ਬਲਾਕ ਕਰ ਕੇ ਵਿਵਾਦਾਂ ‘ਚ ਆ ਗਈ ਸੀ। ਕੰਪਨੀ ਨੇ ਕਿਹਾ ਕਿ ਉਸ ਦੀ ਬਿਲਿੰਗ ਪ੍ਰਣਾਲੀ ਦੇ ਇਸਤੇਮਾਲ ਦੀ ਨੀਤੀ ਪਹਿਲਾਂ ਤੋਂ ਬਣੀ ਹੋਈ ਹੈ ਪਰ ਇਸ ਨੂੰ ਸਪੱਸ਼ਟ ਕਰਨ ਦੀ ਲੋੜ ਸੀ।
ਗੂਗਲ ਦੇ ਡਾਇਰੈਕਟਰ (ਕਾਰੋਬਾਰ ਵਿਕਾਸ, ਗੇਮ ਅਤੇ ਐਪਲੀਕੇਸ਼ਨਸ ਪੂਰਣਿਮਾ ਕੋਚੀਕਰ ਨੇ ਇਕ ਵਰਚੁਅਲ ਮੀਟਿੰਗ ‘ਚ ਕਿਹਾ ਕਿ ਅਸੀਂ ਪਲੇ ਬਿਲਿੰਗ ਨੀਤੀ ਨੂੰ ਸਪੱਸ਼ਟ ਕਰ ਰਹੇ ਹਾਂ ਜੋ ਲੰਮੇ ਸਮੇਂ ਤੋਂ ਚਲੀ ਆ ਰਹੀ ਹੈ ਅਤੇ ਹਾਲ ਹੀ ਦੀਆਂ ਘਟਨਾਵਾਂ ਤੋਂ ਅਸੀਂ ਮਹਿਸੂਸ ਕੀਤਾ ਹੈ ਕਿ ਨੀਤੀਆਂ ਨੂੰ ਸਪੱਸ਼ਟ ਕਰਨਾ ਅਤੇ ਉਨ੍ਹਾਂ ਨੂੰ ਸਮਾਨ ਰੂਪ ਨਾਲ ਲਾਗੂ ਕਰਨਾ ਬਹੁਤ ਅਹਿਮ ਹੈ, ਹਰੇਕ ਡਿਵੈੱਲਪਰ ਜੋ ਗੂਗਲ ਪਲੇ ਰਾਹੀਂ ਆਪਣੀ ਡਿਜੀਟਲ ਸਮੱਗਰੀ ਨੂੰ ਵੇਚਦਾ ਹੈ, ਉਨ੍ਹਾਂ ਨੂੰ ਪਲੇ ਬਿਲਿੰਗ ਦਾ ਇਸਤੇਮਾਲ ਕਰਨਾ ਹੋਵੇਗਾ।
ਇਸ ਦਾ ਮਤਲਬ ਹੈ ਕਿ ਡਿਵੈੱਲਪਰ ਨੂੰ ਸਤੰਬਰ 2021 ਤੋਂ ਗੂਗਲ ਬਿਲਿੰਗ ਪ੍ਰਣਾਲੀ ਦਾ ਇਸਤੇਮਾਲ ਕਰਨਾ ਹੋਵੇਗਾ, ਜੋ ਐਪ ਰਾਹੀਂ ਕੀਤੇ ਗਏ ਭੁਗਤਾਨ ‘ਤੇ 30 ਫੀਸਦੀ ਟੈਕਸ ਲੈਂਦਾ ਹੈ। ਹਾਲਾਂਕਿ ਜੇ ਡਿਵੈੱਲਪਰ ਕੋਈ ਭੌਤਿਕ ਵਸਤੂ ਜਾਂ ਆਪਣੀ ਵੈੱਬਸਾਈਟ ਰਾਹੀਂ ਭੁਗਤਾਨ ਲੈਂਦਾ ਹੈ ਤਾਂ ਉਸ ਨੂੰ ਪਲੇ ਬਿਲਿੰਗ ਦੀ ਲੋੜ ਨਹੀਂ ਹੋਵੇਗੀ। ਕੋਚੀਕਰ ਨੇ ਕਿਹਾ ਕਿ ਲਗਭਗ 97 ਫੀਸਦੀ ਡਿਵੈੱਲਪਰਸ ਇਸ ਨੀਤੀ ਨੂੰ ਸਮਝਦੇ ਹਨ ਅਤੇ ਇਸ ਦੀ ਪਾਲਣਾ ਕਰਦੇ ਹਨ, ਹਾਲਾਂਕਿ ਉਨ੍ਹਾਂ ਨੇ ਉਨ੍ਹਾਂ ਲੋਕਾਂ ਦੇ ਨਾਂ ਨਹੀਂ ਲਏ ਜਿਨ੍ਹਾਂ ਨੇ ਇਸ ਦਾ ਪਾਲਣ ਨਹੀਂ ਕੀਤਾ।