ਗੁਜਰਾਤ ''ਚ ਪਲਾਸਟਿਕ ''ਤੇ ਪਾਬੰਦੀ ਨਾਲ 2000 ਤੋਂ ਜ਼ਿਆਦਾ ਇਕਾਈਆਂ ''ਤੇ ਖ਼ਤਰਾ
Saturday, Jun 09, 2018 - 12:29 AM (IST)
ਵਡੋਦਰਾ— ਵੱਖ-ਵੱਖ ਸ਼ਹਿਰਾਂ 'ਚ ਪਲਾਸਟਿਕ 'ਤੇ ਪਾਬੰਦੀ ਤੋਂ ਬਾਅਦ ਗੁਜਰਾਤ 'ਚ ਇਸ ਉਦਯੋਗ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਲਾਸਟਿਕ ਪਾਬੰਦੀ ਨਾਲ ਸੂਬੇ 'ਚ 2000 ਤੋਂ ਜ਼ਿਆਦਾ ਛੋਟੇ-ਮੱਧਵਰਗੀ ਕਾਰੋਬਾਰ ਖ਼ਤਮ ਹੋਣ ਦਾ ਖਦਸ਼ਾ ਹੈ।
ਗੁਜਰਾਤ ਪਲਾਸਟਿਕ ਨਿਰਮਾਤਾ ਐਸੋਸੀਏਸ਼ਨ (ਜੀ. ਪੀ. ਐੱਮ. ਏ.) ਦੇ ਪ੍ਰਧਾਨ ਅਲਪੇਸ਼ ਪਟੇਲ ਨੇ ਕਿਹਾ ਕਿ ਵਡੋਦਰਾ, ਅਹਿਮਦਾਬਾਦ, ਰਾਜਕੋਟ ਵਰਗੇ ਕਈ ਸ਼ਹਿਰਾਂ 'ਚ ਪਲਾਸਟਿਕ 'ਤੇ ਪਾਬੰਦੀ ਨਾਲ 2,000 ਤੋਂ ਜ਼ਿਆਦਾ ਛੋਟੇ-ਮੱਧਵਰਗੀ ਕਾਰੋਬਾਰਾਂ ਨੂੰ ਬੰਦ ਹੋਣ ਦਾ ਡਰ ਸਤਾਅ ਰਿਹਾ ਹੈ। ਇਸ ਨਾਲ ਕਰੀਬ 50,000 ਲੋਕਾਂ ਦੇ ਬੇਰੋਜ਼ਗਾਰ ਹੋਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਹ ਐਲਾਨ ਅਜਿਹੇ ਸਮੇਂ 'ਚ ਕੀਤਾ ਹੈ, ਜਦੋਂ ਪਲਾਸਟਿਕ ਉਦਯੋਗ ਇਸ ਮੁੱਦੇ ਨੂੰ ਸੁਲਝਾਉਣ ਲਈ ਸਰਕਾਰ ਨਾਲ ਵੱਖ-ਵੱਖ ਪੱਧਰ 'ਤੇ ਗੱਲਬਾਤ ਕਰ ਰਿਹਾ ਹੈ। ਇਸ 'ਚ ਗੁਜਰਾਤ ਪ੍ਰਦੂਸ਼ਣ ਕੰਟਰੋਲ ਬੋਰਡ ਵੀ ਸ਼ਾਮਲ ਹੈ।
ਪਟੇਲ ਅਨੁਸਾਰ ਇਸ 2000 'ਚੋਂ ਜ਼ਿਆਦਾਤਰ ਇਕਾਈਆਂ ਪੰਚਮਹਾਹ ਜ਼ਿਲੇ ਦੇ ਹਲੋਲ 'ਚ ਅਤੇ ਵਡੋਦਰਾ ਦੇ ਵਡੋਦਰਾਂਡ ਅਤੇ ਵਾਘੋਡਯਾ 'ਚ ਸਥਿਤ ਹਨ। ਅਜਿਹੇ 'ਚ ਵਡੋਦਰਾ, ਅਹਿਮਦਾਬਾਦ ਅਤੇ ਰਾਜਕੋਟ ਸ਼ਹਿਰਾਂ ਨੂੰ 'ਪਲਾਸਟਿਕ ਮੁਕਤ' ਬਣਾਉਣ ਦੀ ਮੁਹਿੰਮ 'ਚ ਇਨ੍ਹਾਂ ਸ਼ਹਿਰਾਂ ਦੀਆਂ ਨਗਰ ਨਿਗਮਾਂ ਨੇ ਵਾਤਾਵਰਣ ਦਿਵਸ ਦੇ ਦਿਨ ਤੋਂ ਸ਼ਹਿਰ 'ਚ ਪਲਾਸਟਿਕ ਦੇ ਚਾਹ ਦੇ ਕੱਪ, ਪਾਣੀ ਦੇ ਪਾਊਚ, ਥੈਲੀਆਂ ਦੀ ਵਰਤੋਂ ਅਤੇ ਉਤਪਾਦਨ 'ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਹੈ।
