MTNL-BSNL ਨੂੰ ਬਚਾਉਣ ਦੀ ਯੋਜਨਾ ਨੂੰ ਮਿਲੀ ਸਿਧਾਂਤਕ ਮਨਜ਼ੂਰੀ

Friday, Apr 05, 2019 - 10:04 AM (IST)

MTNL-BSNL ਨੂੰ ਬਚਾਉਣ ਦੀ ਯੋਜਨਾ ਨੂੰ ਮਿਲੀ ਸਿਧਾਂਤਕ ਮਨਜ਼ੂਰੀ

ਨਵੀਂ ਦਿੱਲੀ — ਪ੍ਰਧਾਨ ਮੰਤਰੀ ਦਫਤਰ ਨੇ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਜਨਤਕ ਖੇਤਰ ਦੀ ਦੂਰਸੰਚਾਰ ਕੰਪਨੀ ਮਹਾਨਗਰ ਟੈਲੀਫੋਨ ਨਿਗਮ ਲਿਮਟਿਡ(MTNL) ਅਤੇ ਭਾਰਤ ਸੰਚਾਰ ਨਿਗਮ ਲਿਮਟਿਡ(BSNL) ਨੂੰ ਪਟੜੀ 'ਤੇ ਲਿਆਉਣ ਦੀ ਯੋਜਨਾ ਨੂੰ ਸਿਧਾਂਤਕ ਮਨਜ਼ੂਰੀ ਦੇ ਦਿੱਤੀ ਹੈ। ਇਕ ਸੂਤਰ ਮੁਤਾਬਕ ਪ੍ਰਧਾਨ ਮੰਤਰੀ ਦਫਤਰ ਦੇ ਕੁਝ ਦਿਨ ਪਹਿਲਾਂ ਦੂਰਸੰਚਾਰ, ਵਿੱਤ ਮੰਤਰਾਲੇ ਅਤੇ ਨੀਤੀ ਕਮਿਸ਼ਨ ਦੇ ਨੁਮਾਇੰਦਿਆ ਨਾਲ ਹੋਈ ਬੈਠਕ ਦੌਰਾਨ ਦੂਰਸੰਚਾਰ ਵਿਭਾਗ ਨੂੰ ਇਨ੍ਹਾਂ ਦੋ ਕੰਪਨੀਆਂ ਨੂੰ ਪਟੜੀ 'ਤੇ ਲਿਆਉਣ ਲਈ ਇਕ ਵਿਸਤ੍ਰਿਤ ਯੋਜਨਾ ਸੌਂਪਣ ਨੂੰ ਕਿਹਾ ਗਿਆ। ਇਸ ਵਿਚ ਉਨ੍ਹਾਂ ਨੂੰ 4ਜੀ ਸਪੈਕਟ੍ਰਮ ਅਲਾਟ ਕਰਨਾ, ਸਵੈਇੱਛਤ ਰਿਟਾਇਰਮੈਂਟ ਯੋਜਨਾ ਅਤੇ ਰਾਹਤ ਪੈਕੇਜ ਸ਼ਾਮਲ ਹੈ। ਦੋਵੇਂ ਕੰਪਨੀਆਂ ਲੰਮੇ ਸਮੇਂ ਤੋਂ ਇਸ ਦੀ ਮੰਗ ਕਰ ਰਹੀਆਂ ਸਨ।

ਸੂਤਰਾਂ ਨੇ ਕਿਹਾ, 'ਸਰਕਾਰ ਨੇ ਫੈਸਲਾ ਕੀਤਾ ਹੈ ਕਿ ਇਨ੍ਹਾਂ ਦੋਵਾਂ ਕੰਪਨੀਆਂ ਨੂੰ ਫਿਰ 'ਤੇ ਪਟੜੀ 'ਤੇ ਲਿਆਉਂਦਾ ਜਾਵੇਗਾ। ਪ੍ਰਧਾਨ ਮੰਤਰੀ ਦਫਤਰ ਦੇ ਇਕ ਸੀਨੀਅਰ ਅਧਿਕਾਰੀ ਨੇ ਦੂਰਸੰਚਾਰ ਵਿਭਾਗ, ਵਿੱਤ ਮੰਤਰਾਲਾ ਅਤੇ ਨੀਤੀ ਕਮਿਸ਼ਨ ਨਾਲ ਬੈਠਕ ਕੀਤੀ ਜਿਸ ਵਿਚ ਇਹ ਤੈਅ ਕੀਤਾ ਗਿਆ ਕਿ ਦੂਰਸੰਚਾਰ ਵਿਭਾਗ ਇਸ ਬਾਰੇ 'ਚ ਜਲਦੀ ਤੋਂ ਜਲਦੀ ਯੋਜਨਾ ਸੌਂਪੇਗਾ।' ਦੋਵਾਂ ਕੰਪਨੀਆਂ 'ਚ ਕਰਮਚਾਰੀਆਂ ਦੀ ਸੰਖਿਆ ਬਹੁਤ ਜ਼ਿਆਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਉਨ੍ਹਾਂ ਦੇ ਗਠਨ ਦੇ ਸਮੇਂ ਵੱਡੀ ਸੰਖਿਆ ਵਿਚ ਦੂਰਸੰਚਾਰ ਵਿਭਾਗ ਦੇ ਕਰਮਚਾਰੀਆਂ ਨੂੰ ਇਨ੍ਹਾਂ ਵਿਚ ਭੇਜਿਆ ਗਿਆ ਸੀ। BSNL 'ਚ 1.76 ਲੱਖ ਅਤੇ MTNL 'ਚ 22,000 ਕਰਮਚਾਰੀ ਹਨ।

ਇਸ ਦੌਰਾਨ BSNL ਦੇ ਕਰਮਚਾਰੀ ਯੂਨੀਅਨ ਨੇ ਸ਼ੁੱਕਰਵਾਰ ਤੋਂ ਤਿੰਨ ਦਿਨ ਦੀ ਹੜਤਾਲ ਦਾ ਐਲਾਨ ਕੀਤਾ ਹੈ। ਕਰਮਚਾਰੀ 15 ਫੀਸਦੀ ਫਿਟਮੈਂਟ ਦੇ ਨਾਲ ਤੀਜਾ ਤਨਖਾਹ ਸੋਧ ਲਾਗੂ ਕਰਨ ਦੀ ਮੰਗ ਕਰ ਰਹੇ ਹਨ। ਕੰਪਨੀ ਨੂੰ ਪਟੜੀ 'ਤੇ ਲਿਆਉਣ ਲਈ 35,000 ਕਰਮਚਾਰੀਆਂ ਦੀ ਛਾਂਟੀ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਕਿ ਡਿਜੀਟਲ ਕੰਮਿਊਨੀਕੇਸ਼ਨਸ ਕਮਿਸ਼ਨ ਨੇ ਅਜੇ ਤੱਕ ਇਸ ਬਾਰੇ ਫੈਸਲਾ ਨਹੀਂ ਲਿਆ ਹੈ। ਯੂਨੀਅਨ ਦਾ ਕਹਿਣਾ ਹੈ ਕਿ ਉਸਦੇ ਮੈਂਬਰ ਸ਼ੁੱਕਰਵਾਰ ਨੂੰ BSNL ਦੇ ਦਫਤਰ ਤੋਂ ਦੂਰਸੰਚਾਰ ਵਿਭਾਗ ਤੱਕ ਮਾਰਚ ਕਰਨਗੇ। ਹਾਲਾਂਕਿ ਯੂਨੀਅਨ ਦੇ ਸੂਤਰਾਂ ਨੇ ਕਿਹਾ ਕਿ ਇਸ ਨਾਲ BSNL ਦੀਆਂ ਸੇਵਾਵਾਂ ਪ੍ਰਭਾਵਿਤ ਨਹੀਂ ਹੋਣਗੀਆਂ। ਸੋਮਵਾਰ ਨੂੰ BSNL ਬੋਰਡ ਦੀ ਬੈਠਕ 'ਚ ਵੱਖ-ਵੱਖ ਮੁੱਦਿਆਂ 'ਤੇ ਵਿਚਾਰ ਕੀਤਾ ਗਿਆ। ਬੋਰਡ ਦੇ ਇਕ ਮੈਂਬਰ ਨੇ ਕਿਹਾ ਕਿ ਕਰਮਚਾਰੀਆਂ ਨੂੰ ਉਨ੍ਹਾਂ ਦੀ ਤਨਖਾਹ ਮਿਲ ਰਹੀ ਹੈ ਅਤੇ ਹੁਣ ਕੋਈ ਬਕਾਇਆ ਨਹੀਂ ਹੈ।


Related News