ਪਿਊਸ਼ ਗੋਇਲ ਦੀ ਆਟੋ ਕੰਪਨੀਆਂ ਨੂੰ ਨਸੀਹਤ, ਸੇਲ ਵਧਾਉਣ ਲਈ ਘੱਟ ਕਰਨ ਗੱਡੀਆਂ ਦੀ ਕੀਮਤ
Saturday, Nov 16, 2024 - 12:15 AM (IST)
ਨਵੀਂ ਦਿੱਲੀ- ਆਟੋ ਸੈਕਟਰ ’ਚ ਸਲੋਡਾਊਨ ਨੂੰ ਵੇਖਦੇ ਹੋਏ ਆਟੋ ਮੋਬਾਈਲ ਕੰਪਨੀਆਂ ਆਉਣ ਵਾਲੇ ਦਿਨਾਂ ’ਚ ਆਪਣੀਆਂ ਗੱਡੀਆਂ ਦੀਆਂ ਕੀਮਤਾਂ ’ਚ ਕਟੌਤੀ ਕਰ ਸਕਦੀਆਂ ਹਨ। ਕੇਂਦਰੀ ਵਣਜ ਮੰਤਰੀ ਪਿਊਸ਼ ਗੋਇਲ ਨੇ ਇਨ੍ਹਾਂ ਕੰਪਨੀਆਂ ਨੂੰ ਕਾਰ ਸੇਲ ’ਚ ਆ ਰਹੀ ਗਿਰਾਵਟ ਅਤੇ ਸਲੋਡਾਊਨ ਨਾਲ ਨਿੱਬੜਨ ਲਈ ਗੱਡੀਆਂ ਦੀਆਂ ਕੀਮਤਾਂ ’ਚ ਕਟੌਤੀ ਕਰਨ ਦੀ ਨਸੀਹਤ ਦਿੱਤੀ ਹੈ।
ਪਿਊਸ਼ ਗੋਇਲ ਨੇ ਕਿਹਾ ਕਿ ਆਟੋ ਇੰਡਸਟਰੀ ਬੇਹੱਦ ਹਾਈ ਮਾਰਜਨ ’ਤੇ ਬੈਠੀ ਹੈ ਅਤੇ ਘਰੇਲੂ ਆਟੋ ਮਾਰਕੀਟ ਦੀ ਗ੍ਰੋਥ ਨੂੰ ਬੜ੍ਹਾਵਾ ਦੇਣ ਲਈ ਇਨ੍ਹਾਂ ਕੰਪਨੀਆਂ ਨੂੰ ਆਪਣੀਆਂ ਗੱਡੀਆਂ ਦੀਆਂ ਕੀਮਤਾਂ ’ਚ ਕਮੀ ਲਿਆਉਣੀ ਚਾਹੀਦੀ ਹੈ। ਪਿਊਸ਼ ਗੋਇਲ ਨੇ ਹਾਲ ਹੀ ’ਚ ਸਟਾਕ ਐਕਸਚੇਂਜ ’ਤੇ ਲਿਸਟਿਡ ਹੋਏ ਹੁੰਡਈ ਮੋਟਰ ਇੰਡੀਆ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਹਾਲ ਹੀ ’ਚ ਸਟਾਕ ਐਕਸਚੇਂਜ ’ਤੇ ਜੋ ਆਟੋ ਕੰਪਨੀ ਲਿਸਟਿਡ ਹੋਈ ਹੈ, ਉਸ ਨੇ 25 ਸਾਲ ਪਹਿਲਾਂ 200 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਸੀ ਅਤੇ ਇਸ ਨਿਵੇਸ਼ ’ਤੇ ਕੰਪਨੀ ਨੇ ਇਸ ਮਿਆਦ ਦੌਰਾਨ ਬੇਮਿਸਾਲ ਰਿਟਰਨ ਬਣਾਇਆ ਹੈ।
ਭਾਰਤ ’ਚ ਕਾਰਾਂ ਦੀ ਜ਼ਬਰਦਸਤ ਡਿਮਾਂਡ
ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ’ਚ ਕਾਰਾਂ ਦੀ ਜ਼ਬਰਦਸਤ ਡਿਮਾਂਡ ਹੈ ਅਤੇ ਕਾਰਾਂ ਦੀ ਉਚਿਤ ਕੀਮਤ ਰੱਖਣ ਨਾਲ ਕੰਪਨੀਆਂ ਨੂੰ ਹੀ ਫਾਇਦਾ ਹੋਵੇਗਾ। ਹਾਲ ਹੀ ’ਚ ਮਾਰੂਤੀ ਸੁਜ਼ੂਕੀ ਦੇ ਚੇਅਰਮੈਨ ਆਰ. ਸੀ. ਭਾਰਗਵ ਨੇ 10 ਲੱਖ ਤੋਂ ਘੱਟ ਕੀਮਤ ਵਾਲੀਆਂ ਕਾਰਾਂ ਦੀ ਸੇਲ ’ਚ ਗਿਰਾਵਟ ’ਤੇ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਸੀ ਕਿ ਇਸ ਸੈਗਮੈਂਟ ਦੀਆਂ ਕਾਰਾਂ ਦੀ ਮਾਰਕੀਟ ਸੁੰਗੜਦੀ ਜਾ ਰਹੀ ਹੈ।