USA ਤੇ ਜਰਮਨੀ ਦੀ ਕੰਪਨੀ ਦਾ ਦਾਅਵਾ ਬਣ ਗਿਆ ਕੋਰੋਨਾ ਦਾ ਪਹਿਲਾ ਟੀਕਾ
Monday, Nov 09, 2020 - 08:24 PM (IST)
ਵਾਸ਼ਿੰਗਟਨ : ਸੰਯੁਕਤ ਰਾਜ ਅਮਰੀਕਾ ਦੀ ਫਾਰਮਾ ਕੰਪਨੀ ਫਾਈਜ਼ਰ ਇੰਕ ਅਤੇ ਜਰਮਨ ਬਾਇਓਨਟੈਕ ਐੱਸ. ਈ. ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਵੱਲੋਂ ਵਿਕਸਤ ਕੋਵਿਡ-19 ਟੀਕਾ ਹਜ਼ਾਰਾਂ ਵਲੰਟੀਅਰ 'ਤੇ ਕੀਤੇ ਗਏ ਟਰਾਇਲ ਵਿਚ ਸਫਲ ਸਾਬਤ ਹੋਇਆ ਹੈ।
ਫਾਈਜ਼ਰ ਤੇ ਬਾਇਓਨਟੈਕ ਨੇ ਕਿਹਾ ਕਿ ਉਨ੍ਹਾਂ ਵੱਲੋਂ ਬਣਾਇਆ ਗਿਆ ਟੀਕਾ ਕਲੀਨੀਕਲ ਟਰਾਇਲ ਦੇ ਤੀਜੇ ਪੜਾਅ ਵਿਚ ਕੋਰੋਨਾ ਸੰਕਰਮਣ ਨੂੰ ਰੋਕਣ ਵਿਚ 90 ਫੀਸਦੀ ਤੋਂ ਜ਼ਿਆਦਾ ਪ੍ਰਭਾਵੀ ਦਿਸਿਆ ਹੈ। ਫਾਈਜ਼ਰ ਅਤੇ ਬਾਇਓਨਟੈਕ ਨੇ ਕਿਹਾ ਕਿ ਉਨ੍ਹਾਂ ਦਾ ਟੀਕਾ ਉਨ੍ਹਾਂ ਲੋਕਾਂ 'ਤੇ ਅਸਰਦਾਰ ਸਾਬਤ ਹੋਇਆ ਹੈ ਜਿਨ੍ਹਾਂ ਵਿਚ ਕੋਰੋਨਾ ਦੇ ਲੱਛਣ ਪਹਿਲਾਂ ਤੋਂ ਦਿਖਾਈ ਨਹੀਂ ਦੇ ਰਹੇ ਸਨ।
ਫਾਈਜ਼ਰ ਅਤੇ ਜਰਮਨ ਪਾਰਟਨਰ ਬਾਇਓਨਟੈਕ ਕੋਰੋਨਾ ਵਾਇਰਸ ਟੀਕੇ ਦੇ ਵੱਡੇ ਪੱਧਰ 'ਤੇ ਕਲੀਨੀਕਲ ਟਰਾਇਲ ਵਿਚ ਸਫਲ ਡਾਟਾ ਦਿਖਾਉਣ ਵਾਲੇ ਪਹਿਲੇ ਦਵਾ ਨਿਰਮਾਤਾ ਹਨ।
ਕੰਪਨੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਹੁਣ ਤੱਕ ਇਸ ਵਿਚ ਕੋਈ ਗੰਭੀਰ ਸਮੱਸਿਆ ਨਹੀਂ ਮਿਲੀ ਹੈ ਅਤੇ ਇਸ ਮਹੀਨੇ ਦੇ ਅਖੀਰ ਵਿਚ ਉਹ ਯੂ. ਐੱਸ. ਦੀ ਐਮਰਜੈਂਸੀ ਯੂਜ਼ ਅਥਾਰਟੀ ਤੋਂ ਪ੍ਰਵਾਨਗੀ ਲੈਣ ਦੀ ਉਮੀਦ ਕਰਦੇ ਹਨ। ਕੰਪਨੀਆਂ ਦਾ ਕਹਿਣਾ ਹੈ, "ਮੌਜੂਦਾ ਅਨੁਮਾਨਾਂ ਦੇ ਅਧਾਰ 'ਤੇ ਅਸੀਂ 2020 ਵਿਚ ਵਿਸ਼ਵ ਪੱਧਰ' ਤੇ 5 ਕਰੋੜ ਵੈਕਸੀਨ ਖੁਰਾਕਾਂ ਤੇ 2021 ਵਿਚ 1.3 ਅਰਬ ਖੁਰਾਕਾਂ ਦਾ ਉਤਪਾਦਨ ਕਰਾਂਗੇ।"