ਪੈਟਰੋਲ 'ਤੇ ਮਿਲ ਸਕਦੀ ਹੈ ਗੁੱਡ ਨਿਊਜ਼, ਬਣ ਰਿਹੈ ਇਹ ਪਲਾਨ

06/18/2019 10:39:19 AM

ਨਵੀਂ ਦਿੱਲੀ— ਹੁਣ ਤੁਸੀਂ ਜਲਦ ਹੀ ਸੁਪਰ ਮਾਰਕੀਟ 'ਚ ਸ਼ਾਪਿੰਗ ਦੇ ਨਾਲ-ਨਾਲ ਪੈਟਰੋਲ ਤੇ ਡੀਜ਼ਲ ਵੀ ਖਰੀਦ ਸਕੋਗੇ। ਸਰਕਾਰ ਸੁਪਰ ਮਾਰਕੀਟ ਨੂੰ ਪੈਟਰੋਲ-ਡੀਜ਼ਲ ਵੇਚਣ ਦੀ ਮਨਜ਼ੂਰੀ ਦੇ ਸਕਦੀ ਹੈ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲਾ ਜਲਦ ਹੀ ਇਸ 'ਤੇ ਇਕ ਪ੍ਰਸਤਾਵ ਬਣਾ ਸਕਦਾ ਹੈ। ਇਸ ਤਹਿਤ ਕੰਪਨੀਆਂ ਲਈ ਤੇਲ ਦੇ ਪ੍ਰਚੂਨ ਕਾਰੋਬਾਰ 'ਚ ਉਤਰਨ ਦੇ ਨਿਯਮ ਸੌਖੇ ਕਰ ਦਿੱਤੇ ਜਾਣਗੇ। ਇਸ ਨਾਲ ਫਿਊਚਰ ਸਮੂਹ, ਰਿਲਾਇੰਸ ਰਿਟੇਲ ਤੇ ਵਾਲਮਾਰਟ ਵਰਗੀਆਂ ਮਲਟੀ ਰਿਟੇਲ ਕੰਪਨੀਆਂ ਲਈ ਪੈਟਰੋਲ-ਡੀਜ਼ਲ ਵੇਚਣ ਦਾ ਰਸਤਾ ਸਾਫ ਹੋ ਸਕਦਾ ਹੈ।

 

ਸੂਤਰਾਂ ਮੁਤਾਬਕ, ਇਸ ਸੰਬੰਧ 'ਚ ਜਲਦ ਹੀ ਕੈਬਨਿਟ ਪ੍ਰਸਤਾਵ ਤਿਆਰ ਕੀਤਾ ਜਾ ਸਕਦਾ ਹੈ ਤੇ ਸਰਕਾਰ ਵੱਲੋਂ ਇਸ ਨੂੰ ਹਰੀ ਝੰਡੀ ਮਿਲ ਸਕਦੀ ਹੈ।ਮੌਜੂਦਾ ਨਿਯਮਾਂ ਮੁਤਾਬਕ, ਪੈਟਰੋਲ-ਡੀਜ਼ਲ ਦੇ ਪ੍ਰਚੂਨ ਕਾਰੋਬਾਰ 'ਚ ਉਤਰਨ ਲਈ ਕੰਪਨੀ ਕੋਲ ਇਨਫਰਾਸਟ੍ਰਕਚਰ ਨਿਵੇਸ਼ ਲਈ 2,000 ਕਰੋੜ ਰੁਪਏ ਹੋਣੇ ਚਾਹੀਦੇ ਹਨ ਜਾਂ ਉਸ ਨੂੰ 30 ਲੱਖ ਟਨ ਕੱਚੇ ਤੇਲ ਦੀ ਖਰੀਦ ਰਾਸ਼ੀ ਦੇ ਬਰਾਬਰ ਬੈਂਕ ਗਾਰੰਟੀ ਜਮ੍ਹਾ ਕਰਾਉਣੀ ਜ਼ਰੂਰੀ ਹੈ। ਸਰਕਾਰ ਇਨ੍ਹਾਂ ਨਿਯਮਾਂ 'ਚ ਢਿੱਲ ਦੇ ਸਕਦੀ ਹੈ, ਜਿਸ ਨਾਲ ਲੋਕਾਂ ਨੂੰ ਸੁਪਰ ਮਾਰਕੀਟ 'ਚ ਵੀ ਪੈਟਰੋਲ-ਡੀਜ਼ਲ ਅਸਾਨੀ ਨਾਲ ਮਿਲ ਸਕੇਗਾ।
ਨਿਯਮਾਂ 'ਚ ਛੋਟ ਨਾਲ ਸਾਊਦੀ ਅਰਾਮਕੋ ਵਰਗੀਆਂ ਦਿੱਗਜ ਵਿਦੇਸ਼ੀ ਕੰਪਨੀਆਂ ਨੂੰ ਵੀ ਭਾਰਤ 'ਚ ਤੇਲ ਦੇ ਪ੍ਰਚੂਨ ਕਾਰੋਬਾਰ 'ਚ ਉਤਰਨ ਦਾ ਮੌਕਾ ਮਿਲ ਜਾਵੇਗਾ। ਬ੍ਰਿਟੇਨ 'ਚ ਸੁਪਰ ਮਾਰਕੀਟ 'ਚ ਪੈਟਰੋਲ ਤੇ ਡੀਜ਼ਲ ਪਹਿਲਾਂ ਹੀ ਵਿਕਦਾ ਹੈ ਅਤੇ ਇਹ ਯੋਜਨਾ ਕਾਫੀ ਸਫਲ ਹੈ। ਉਸੇ ਨੂੰ ਦੇਖਦੇ ਹੋਏ ਭਾਰਤ 'ਚ ਵੀ ਇਸ 'ਤੇ ਵਿਚਾਰ ਚੱਲ ਰਿਹਾ ਹੈ। ਲੋਕਾਂ ਦੀ ਪੈਟਰੋਲ ਤੇ ਡੀਜ਼ਲ ਤਕ ਪਹੁੰਚ ਆਸਾਨ ਬਣਾਉਣ ਲਈ ਪਿਛਲੇ ਸਾਲ ਪੁਣੇ 'ਚ ਡੀਜ਼ਲ ਦੀ ਘਰ ਤਕ ਸਪਲਾਈ ਸ਼ੁਰੂ ਕੀਤੀ ਗਈ ਸੀ।


Related News