ਪੈਟਰੋਲ ਤੇ ਡੀਜ਼ਲ ਹੋਵੇਗਾ ਮਹਿੰਗਾ, US ਦੇਣ ਜਾ ਰਿਹੈ ਇਹ ਝਟਕਾ

04/22/2019 3:42:29 PM

ਜਲੰਧਰ, (ਬਿਜ਼ਨੈੱਸ ਡੈਸਕ)— ਪੈਟਰੋਲ, ਡੀਜ਼ਲ ਕੀਮਤਾਂ 'ਚ ਜਲਦ ਹੀ ਪਹਿਲਾਂ ਦੀ ਤਰ੍ਹਾਂ ਬੜ੍ਹਤ ਦਰਜ ਹੋ ਸਕਦੀ ਹੈ। ਪੈਟਰੋਲ ਫਿਲਹਾਲ ਤਕਰੀਬਨ 73 ਰੁਪਏ ਪ੍ਰਤੀ ਲਿਟਰ 'ਚ ਮਿਲ ਰਿਹਾ ਹੈ ਪਰ ਹੁਣ ਇਹ 75 ਰੁਪਏ ਤੋਂ ਵੀ ਪਾਰ ਪਹੁੰਚ ਸਕਦਾ ਹੈ। ਗਲੋਬਲ ਬਾਜ਼ਾਰ 'ਚ ਸਪਲਾਈ ਘੱਟ ਹੋਣ ਵਿਚਕਾਰ ਭਾਰਤ ਸਮੇਤ 8 ਦੇਸ਼ਾਂ ਨੂੰ ਹੁਣ ਤਕ ਈਰਾਨ ਤੋਂ ਤੇਲ ਖਰੀਦਣ 'ਚ ਫਾਇਦਾ ਮਿਲ ਰਿਹਾ ਹੈ ਪਰ ਜਲਦ ਹੀ ਇਹ ਸਮਾਪਤ ਹੋ ਸਕਦਾ ਹੈ।

ਈਰਾਨੀ ਤੇਲ 'ਤੇ ਅਮਰੀਕਾ ਪੂਰੀ ਤਰ੍ਹਾਂ ਪਾਬੰਦੀ ਲਾਉਣ ਜਾ ਰਿਹਾ ਹੈ, ਯਾਨੀ ਕਿਸੇ ਵੀ ਦੇਸ਼ ਨੂੰ ਉਸ ਕੋਲੋਂ ਤੇਲ ਖਰੀਦਣ ਦੀ ਢਿੱਲ ਨਹੀਂ ਮਿਲੇਗੀ। ਇਸ ਵਜ੍ਹਾ ਨਾਲ ਗਲੋਬਲ ਬਾਜ਼ਾਰ 'ਚ ਕੱਚਾ ਤੇਲ ਹੋਰ ਮਹਿੰਗਾ ਹੋਣ ਵਾਲਾ ਹੈ। ਲਿਹਾਜਾ ਇਸ ਨਾਲ ਪੈਟਰੋਲ-ਡੀਜ਼ਲ ਵੀ ਮਹਿੰਗਾ ਹੋਵੇਗਾ। ਨਵੰਬਰ 2018 ਤੋਂ ਬਾਅਦ ਪਹਿਲੀ ਵਾਰ ਬ੍ਰੈਂਟ ਕੱਚਾ ਤੇਲ ਸੋਮਵਾਰ ਨੂੰ 74 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਹੈ।

 

ਮਈ 'ਚ ਖਤਮ ਹੋ ਜਾਵੇਗੀ ਛੋਟ

PunjabKesari

ਹੁਣ ਤਕ ਭਾਰਤ, ਜਪਾਨ, ਦੱਖਣੀ ਕੋਰੀਆ, ਤੁਰਕੀ ਤੇ ਚੀਨ ਨੂੰ ਈਰਾਨ ਤੋਂ ਤੇਲ ਦਰਾਮਦ ਕਰਨ ਦੀ ਛੋਟ ਮਿਲੀ ਹੋਈ ਹੈ, ਜੋ ਇਸ ਸਾਲ 2 ਮਈ ਨੂੰ ਖਤਮ ਹੋਣ ਜਾ ਰਹੀ ਹੈ ਪਰ ਇਹ ਛੋਟ ਹੁਣ ਹੋਰ ਨਹੀਂ ਮਿਲਣ ਵਾਲੀ। ਹੁਣ ਈਰਾਨੀ ਤੇਲ ਦੇ ਸਾਰੇ ਖਰੀਦਦਾਰਾਂ ਨੂੰ ਜਲਦ ਹੀ ਦਰਾਮਦ ਨੂੰ ਬੰਦ ਕਰਨਾ ਹੋਵੇਗਾ, ਜੋ ਅਜਿਹਾ ਨਹੀਂ ਕਰਨਗੇ ਉਨ੍ਹਾਂ ਨੂੰ ਅਮਰੀਕੀ ਪਾਬੰਦੀ ਦਾ ਸਾਹਮਣਾ ਕਰਨਾ ਪਵੇਗਾ। ਹਾਲਾਂਕਿ ਹੁਣ ਤਕ ਇਹ ਸਪੱਸ਼ਟ ਨਹੀਂ ਹੈ ਕਿ ਖਰੀਦਦਾਰਾਂ 'ਚੋਂ ਕਿਸੇ ਨੂੰ ਵੀ ਖਰੀਦ ਬੰਦ ਕਰਨ ਲਈ  ਵਾਧੂ ਸਮਾਂ ਦਿੱਤਾ ਜਾਵੇਗਾ ਜਾਂ ਨਹੀਂ। ਰਿਪੋਰਟਾਂ ਮੁਤਾਬਕ ਸੋਮਵਾਰ ਨੂੰ ਟਰੰਪ ਸਰਕਾਰ ਇਸ ਬਾਰੇ ਘੋਸ਼ਣਾ ਕਰ ਸਕਦੀ ਹੈ।
ਈਰਾਨ ਤੋਂ ਖਰੀਦਦਾਰੀ ਪੂਰੀ ਤਰ੍ਹਾਂ ਬੰਦ ਹੋਣ ਦਾ ਮਤਲਬ ਹੈ ਕਿ ਗਲੋਬਲ ਬਾਜ਼ਾਰ 'ਚ ਸਪਲਾਈ ਦੀ ਤੁਲਨਾ 'ਚ ਮੰਗ ਕਾਫੀ ਹੋਵੇਗੀ, ਜਿਸ ਨਾਲ ਕੱਚੇ ਤੇਲ 'ਚ ਤੇਜ਼ੀ ਉਸ ਨੂੰ 75 ਡਾਲਰ ਪ੍ਰਤੀ ਬੈਰਲ ਤਕ ਜਲਦ ਲਿਜਾ ਸਕਦੀ ਹੈ। ਓਪੇਕ ਵੱਲੋਂ ਉਤਪਾਦਨ ਘਟਾਉਣ ਨਾਲ ਸਪਲਾਈ ਪਹਿਲਾਂ ਹੀ ਤੰਗ ਚੱਲ ਰਹੀ ਹੈ। ਗਲੋਬਲ ਆਰਥਿਕ ਸੁਸਤੀ ਦੀ ਵਜ੍ਹਾ ਨਾਲ ਕੀਮਤਾਂ 'ਚ ਵੱਡਾ ਉਛਾਲ ਨਹੀਂ ਹੈ ਪਰ ਮਈ 'ਚ ਜੇਕਰ ਈਰਾਨ ਦੇ ਖਰੀਰਦਾਰਾਂ ਲਈ ਛੋਟ ਸਮਾਪਤ ਹੁੰਦੀ ਹੈ ਤਾਂ ਕੀਮਤਾਂ 'ਚ ਵਾਧਾ ਹੋਵੇਗਾ।

 

PunjabKesari

ਈਰਾਨ 'ਤੇ ਪਾਬੰਦੀ-
ਜ਼ਿਕਰਯੋਗ ਹੈ ਕਿ ਈਰਾਨ ਨਾਲ ਪ੍ਰਮਾਣੂ ਸਮਝੌਤੇ ਤੋਂ ਬਾਹਰ ਨਿਕਲਣ ਪਿੱਛੋਂ ਟਰੰਪ ਸਰਕਾਰ ਨੇ ਈਰਾਨ 'ਤੇ ਆਰਥਿਕ ਪਾਬੰਦੀ ਲਾਉਣ ਦੇ ਨਾਲ ਉਸ ਦਾ ਤੇਲ ਖਰੀਦਣ 'ਤੇ ਨਵੰਬਰ 2018 'ਚ ਪਾਬੰਦੀ ਲਗਾ ਦਿੱਤੀ ਸੀ। ਟਰੰਪ ਪ੍ਰਸ਼ਾਸਨ ਦਾ ਕਹਿਣਾ ਸੀ ਕਿ ਈਰਾਨ ਨੇ ਉਸ ਨਾਲ ਜੁਲਾਈ 2015 'ਚ ਹੋਏ ਪ੍ਰਮਾਣੂ ਸਮਝੌਤੇ ਮੁਤਾਬਕ ਆਪਣੇ ਪ੍ਰਮਾਣੂ ਪ੍ਰੋਗਰਾਮਾਂ ਨੂੰ ਬੰਦ ਨਹੀਂ ਕੀਤਾ, ਜੋ ਦੁਨੀਆ ਲਈ ਖਤਰਾ ਹਨ। ਇਸ ਲਈ ਉਸ 'ਤੇ ਆਰਥਿਕ ਪਾਬੰਦੀ ਲਾਈ ਜਾ ਰਹੀ ਹੈ। ਹਾਲਾਂਕਿ ਭਾਰਤ ਸਮੇਤ 8 ਦੇਸ਼ਾਂ ਨੂੰ ਸ਼ਰਤਾਂ ਤਹਿਤ 6 ਮਹੀਨੇ ਤਕ ਲਈ ਛੋਟ ਦਿੱਤੀ ਗਈ ਸੀ ਕਿਉਂਕਿ ਇਹ ਈਰਾਨੀ ਤੇਲ ਦੇ ਮੁੱਖ ਖਰੀਦਦਾਰ ਹਨ ਅਤੇ ਇਕਦਮ ਰੋਕ ਲਾਉਣ ਨਾਲ ਗਲੋਬਲ ਬਾਜ਼ਾਰ 'ਚ ਤੇਲ ਕੀਮਤਾਂ 'ਚ ਵੱਡਾ ਭੂਚਾਲ ਆ ਸਕਦਾ ਸੀ।


Related News