ਹੁਣ ਨਹੀਂ ਵਧੇਗੀ ਪੈਟਰੋਲ-ਡੀਜ਼ਲ ਦੀ ਕੀਮਤ! ਭਾਰਤ ਨੂੰ ਵਿਦੇਸ਼ ਤੋਂ ਮਿਲੀ ਸਸਤੇ ਤੇਲ ਲਈ ਪੇਸ਼ਕਸ਼

Sunday, Mar 20, 2022 - 10:27 AM (IST)

ਹੁਣ ਨਹੀਂ ਵਧੇਗੀ ਪੈਟਰੋਲ-ਡੀਜ਼ਲ ਦੀ ਕੀਮਤ! ਭਾਰਤ ਨੂੰ ਵਿਦੇਸ਼ ਤੋਂ ਮਿਲੀ ਸਸਤੇ ਤੇਲ ਲਈ ਪੇਸ਼ਕਸ਼

ਮੁੰਬਈ (ਭਾਸ਼ਾ) – ਕੌਮਾਂਤਰੀ ਪੱਧਰ ’ਤੇ ਕੱਚੇ ਤੇਲ ਦੀ ਵਧਦੀ ਕੀਮਤ ਦਰਮਿਆਨ ਭਾਰਤ ਲਈ ਰਾਹਤ ਦੀ ਖਬਰ ਹੈ। ਈਰਾਨ ਨੇ ਭਾਰਤ ਨੂੰ ਊਰਜਾ ਲੋੜਾਂ ਨੂੰ ਪੂਰਾ ਕਰਨ ’ਚ ਮਦਦ ਅਤੇ ਤੇਲ ਅਤੇ ਗੈਸ ਦੀ ਬਰਾਮਦ ਲਈ ਰੁਪਇਆ-ਰਿਆਲ ਵਪਾਰ ਮੁੜ ਸ਼ੁਰੂ ਕਰਨ ਦੀ ਪੇਸ਼ਕਸ਼ ਕੀਤੀ ਹੈ। ਭਾਰਤ ’ਚ ਈਰਾਨ ਦੇ ਰਾਜਦੂਤ ਅਲੀ ਚੇਗੇਨੀ ਨੇ ਇਹ ਪੇਸ਼ਕਸ਼ ਕਰਦੇ ਹੋਏ ਕਿਹਾ ਕਿ ਜੇ ਦੋਵੇਂ ਦੇਸ਼ ਰੁਪਇਆ-ਰਿਆਲ ਵਪਾਰ ਮੁੜ ਸ਼ੁਰੂ ਕਰਦੇ ਹਨ ਤਾਂ ਦੋਪੱਖੀ ਵਪਾਰ 30 ਅਰਬ ਡਾਲਰ ਤੱਕ ਪਹੁੰਚ ਸਕਦਾ ਹੈ। ਯਾਨੀ ਹੁਣ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨਹੀਂ ਵਧਣਗੀਆਂ।

ਈਰਾਨ ਕਦੀ ਭਾਰਤ ਦਾ ਦੂਜਾ ਸਭ ਤੋਂ ਵੱਡਾ ਆਇਲ ਸਪਲਾਇਸ ਸੀ, ਪਰ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਈਰਾਨ ’ਤੇ ਪਾਬੰਦੀ ਲਗਾਉਣ ਤੋਂ ਬਾਅਦ ਨਵੀਂ ਦਿੱਲੀ ਨੂੰ ਉੱਥੋਂ ਦਰਾਮਦ ਰੋਕਣੀ ਪਈ ਸੀ। ਐੱਮ. ਵੀ. ਆਈ. ਆਰ. ਡੀ. ਸੀ. ਵਿਸ਼ਵ ਵਪਾਰ ਕੇਂਦਰ ਵਲੋਂ ਇੱਥੇ ਜਾਰੀ ਇਕ ਬਿਆਨ ’ਚ ਚੇਗੇਨੀ ਦੇ ਹਵਾਲੇ ਤੋਂ ਕਿਹਾ ਗਿਆ ਕਿ ਈਰਾਨ ਤੇਲ ਅਤੇ ਗੈਸ ਦੀ ਬਰਾਮਦ ਲਈ ਰੁਪਇਆ-ਰਿਆਲ ਵਪਾਰ ਸ਼ੁਰੂ ਕਰ ਕੇ ਭਾਰਤ ਦੀਆਂ ਊਰਜਾ ਸੁਰੱਖਿਆ ਸਬੰਧੀ ਲੋੜਾਂ ਨੂੰ ਪੂਰਾ ਕਰਨ ਲਈ ਤਿਆਰ ਹੈ।

ਕੀ ਹੋਵੇਗਾ ਫਾਇਦਾ

ਉਨ੍ਹਾਂ ਨੇ ਅੱਗੇ ਕਿਹਾ ਕਿ ਰੁਪਇਆ-ਰਿਆਲ ਵਪਾਰ ਸਿਸਟਮ ਦੋਵੇਂ ਦੇਸ਼ਾਂ ਦੀਆਂ ਕੰਪਨੀਆਂ ਨੂੰ ਇਕ-ਦੂਜੇ ਨਾਲ ਸਿੱਧੇ ਤੌਰ ’ਤੇ ਸੌਦਾ ਕਰਨ ਅਤੇ ਤੀਜੇ ਪੱਖ ਦੀ ਆਰਬਿਟ੍ਰੇਸ਼ਨ ਲਾਗਤ ਤੋਂ ਬਚਣ ’ਚ ਮਦਦ ਕਰ ਸਕਦਾ ਹੈ। ਜ਼ਿਕਰਯੋਗ ਹੈ ਕਿ ਨਵੀਂ ਦਿੱਲੀ ਅਤੇ ਤੇਹਰਾਨ ਦਰਮਿਆਨ ਵਪਾਰ ਨਿਪਟਾਰੇ ਲਈ ਇਕ ਨਿਯਮ ਸਿਸਟਮ ਸੀ, ਜਿਸ ’ਚ ਭਾਰਤੀ ਤੇਲ ਦਰਾਮਦਕਾਰ ਇਕ ਸਥਾਨਕ ਈਰਾਨੀ ਬੈਂਕ ਨੂੰ ਰੁਪਏ ’ਚ ਭੁਗਤਾਨ ਕਰ ਰਹੇ ਸਨ ਅਤੇ ਇਸ ਧਨ ਦੀ ਵਰਤੋਂ ਕਰਦੇ ਹੋਏ ਤੇਹਰਾਨ ਭਾਰਤ ਤੋਂ ਦਰਾਮਦ ਕਰ ਰਿਹਾ ਸੀ।

ਇਸ ਨਾਲ ਈਰਾਨ ਭਾਰਤ ਲਈ ਤੇਲ ਦਾ ਸਭ ਤੋਂ ਵੱਡਾ ਸਪਲਾਇਰ ਬਣ ਗਿਆ ਸੀ ਪਰ ਈਰਾਨ ’ਤੇ ਅਮਰੀਕੀ ਪਾਬੰਦੀਆਂ ਤੋਂ ਬਾਅਦ ਇਸ ’ਚ ਕਾਫੀ ਗਿਰਾਵਟ ਆਈ। ਚਾਲੂ ਵਿੱਤੀ ਸਾਲ ’ਚ ਅਪ੍ਰੈਲ ਅਤੇ ਜਨਵਰੀ ਦੌਰਾਨ ਦੋਵੇਂ ਦੇਸ਼ਾਂ ਦਰਮਿਆਨ ਦੋਪੱਖੀ ਵਪਾਰ 2 ਅਰਬ ਡਾਲਰ ਤੋਂ ਵੀ ਘੱਟ ਰਿਹਾ। ਈਰਾਨੀ ਰਾਜਦੂਤ ਨੇ ਨਾਲ ਹੀ ਕਿਹਾ ਕਿ ਉਨ੍ਹਾਂ ਦਾ ਦੇਸ਼ ਈਰਾਨ-ਪਾਕਿਸਤਾਨ-ਭਾਰਤ ਗੈਸ ਪਾਈਪਲਾਈਨ ਲਈ ਬਦਲ ਰਾਹ ਲੱਭਣਲਈ ਭਾਰਤ ਨਾਲ ਮਿਲ ਕੇ ਕੰਮ ਕਰਨ ਨੂੰ ਤਿਆਰ ਹੈ।


author

Harinder Kaur

Content Editor

Related News