ਪੈਟਰੋਲ ਪੰਪਾਂ 'ਤੇ ਲਾਗੂ ਹੋਵੇਗਾ ਇਹ ਨਿਯਮ, ਇਨ੍ਹਾਂ ਨੂੰ ਨਹੀਂ ਮਿਲੇਗਾ ਤੇਲ

04/18/2020 12:26:54 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਲਾਕਡਾਊਨ ਵਿਚਕਾਰ ਜੇਕਰ ਤੁਸੀਂ ਮਾਸਕ ਪਾ ਕੇ ਨਾ ਰੱਖਿਆ ਤਾਂ ਹੋ ਸਕਦਾ ਹੈ ਕਿ ਤੁਹਾਨੂੰ ਗੱਡੀ, ਸਕੂਟਰ ਜਾਂ ਮੋਟਰਸਾਈਕਲ ਵਿਚ ਪੈਟਰੋਲ-ਡੀਜ਼ਲ ਭਰਵਾਉਣ ਤੋਂ ਮਨ੍ਹਾ ਕਰ ਦਿੱਤਾ ਜਾਵੇ।

ਕਰਮਚਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਦੇਸ਼ ਦੇ 58,000 ਤੋਂ ਜ਼ਿਆਦਾ ਪੈਟਰੋਲ ਪੰਪ ਜਲਦ ਹੀ ਅਜਿਹੇ ਗਾਹਕਾਂ ਨੂੰ ਤੇਲ ਦੇਣ ਤੋਂ ਮਨ੍ਹਾ ਕਰ ਸਕਦੇ ਹਨ। ਸਰਬ ਭਾਰਤੀ ਪੈਟਰੋਲੀਅਮ ਡੀਲਰਸ ਸੰਗਠਨ (ਏ. ਆਈ. ਪੀ. ਡੀ. ਏ.) ਇਸ ਸੰਬੰਧ ਵਿਚ ਪਹਿਲਾਂ ਹੀ 'ਨੋ ਮਾਸਕ, ਨੋ ਫਿਊਲ' ਨਾਮਕ ਮੁਹਿੰਮ ਚਲਾ ਰਿਹਾ ਹੈ। ਏ. ਆਈ. ਪੀ. ਡੀ. ਏ. ਦੇ ਮੁਖੀ ਅਜੈ ਬੰਸਲ ਮੁਤਾਬਕ, ਦੇਸ਼ ਭਰ ਦੇ ਪੈਟਰੋਲ ਪੰਪਾਂ ਨੇ ਉਨ੍ਹਾਂ ਲੋਕਾਂ ਨੂੰ ਈਂਧਣ ਨਾ ਦੇਣ ਦਾ ਫੈਸਲਾ ਕੀਤਾ ਹੈ, ਜੋ ਬਿਨਾਂ ਮਾਸਕ ਲਗਾਏ ਪੈਟਰੋਲ ਪੰਪ 'ਤੇ ਆ ਰਹੇ ਹਨ। ਉਨ੍ਹਾਂ ਨੇ ਜਨਤਾ ਨੂੰ ਬੇਨਤੀ ਕੀਤੀ ਕਿ ਜਦੋਂ ਵੀ ਉਹ ਪੈਟਰੋਲ ਪੰਪ 'ਤੇ ਤੇਲ ਪਵਾਉਣ ਲਈ ਆਉਣ ਤਾਂ ਮਾਸਕ ਜ਼ਰੂਰ ਲਗਾ ਕੇ ਰੱਖਣ, ਅਜਿਹਾ ਕਰਨਾ ਜ਼ਰੂਰੀ ਹੈ।

ਮਹਿੰਗਾ ਹੋ ਸਕਦਾ ਹੈ ਪੈਟਰੋਲ-ਡੀਜ਼ਲ
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਸੰਕਰਮਣ ਦੀ ਰੋਕਥਾਮ ਲਈ ਲਾਗੂ ਲਾਕਡਾਊਨ ਦੀ ਵਜ੍ਹਾ ਨਾਲ ਯਾਤਰਾਵਾਂ ਤੇ ਕਾਰੋਬਾਰ ਬੰਦ ਹੋਣ ਕਾਰਨ ਅਪ੍ਰੈਲ ਦੇ ਪਹਿਲੇ 15 ਦਿਨਾਂ 'ਚ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ 60 ਫੀਸਦੀ ਤੋਂ ਵੀ ਘੱਟ ਰਹੀ। ਉੱਥੇ ਹੀ, ਜੈੱਟ ਫਿਊਲ ਦੀ ਮੰਗ ਇਸ ਦੌਰਾਨ ਲਗਭਗ ਅਲੋਪ ਰਹੀ, ਜਦੋਂ ਕਿ ਸਿਰਫ ਰਸੋਈ ਗੈਸ ਦੀ ਵਿਕਰੀ 21 ਫੀਸਦੀ ਵਧੀ ਹੈ। ਆਵਾਜਾਈ 'ਤੇ ਪਾਬੰਦੀ ਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਕਾਰਨ ਪਿਛਲੇ ਕਈ ਦਿਨਾਂ ਤੋਂ ਤੇਲ ਕੀਮਤਾਂ ਸਥਿਰ ਹਨ। ਬਹਰਹਾਲ 20 ਅਪ੍ਰੈਲ ਤੋਂ ਲਾਕਡਾਊਨ 'ਚ ਢਿੱਲ ਸ਼ੁਰੂ ਹੋ ਜਾਵੇਗੀ ਤੇ ਕੁਝ ਕੰਮ ਹੋ ਸਕਣਗੇ। ਇਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਆਵਾਜਾਈ ਸ਼ੁਰੂ ਹੋਵੇਗੀ ਤਾਂ ਤੇਲ ਕੀਮਤਾਂ 'ਚ ਵਾਧਾ ਹੋ ਸਕਦਾ ਹੈ ਕਿਉਂਕਿ ਲਾਕਡਾਊਨ ਕਾਰਨ ਵਿਕਰੀ 'ਚ ਗਿਰਾਵਟ ਨੇ ਈਂਧਣ ਵਿਕਰੇਤਾਵਾਂ ਦੀ ਆਮਦਨ ਨੂੰ ਹਿਲਾ ਦਿੱਤਾ ਹੈ, ਜਦੋਂ ਕਿ ਬੀ. ਐੱਸ.-6 ਈਂਧਣ ਲਈ ਰਿਫਾਇਨਰਾਂ ਨੇ ਵੀ ਭਾਰੀ ਨਿਵੇਸ਼ ਕੀਤਾ ਹੋਇਆ ਹੈ।


Sanjeev

Content Editor

Related News