ਯਾਤਰੀ ਵਾਹਨਾਂ ਦੀ ਬਰਾਮਦ ਨੂੰ ਪਹਿਲੀ ਛਿਮਾਹੀ ''ਚ ਲੱਗਾ ਤਕੜਾ ਝਟਕਾ
Sunday, Oct 18, 2020 - 01:29 PM (IST)
ਨਵੀਂ ਦਿੱਲੀ— ਦੇਸ਼ ਦੇ ਯਾਤਰੀ ਵਾਹਨਾਂ ਦੀ ਬਰਾਮਦ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ ਅਪ੍ਰੈਲ-ਸਤੰਬਰ ਦੌਰਾਨ 57.52 ਫੀਸਦੀ ਘੱਟ ਗਈ। ਕੋਵਿਡ-19 ਮਹਾਮਾਰੀ ਦੀ ਵਜ੍ਹਾ ਨਾਲ ਪੈਦਾ ਹੋਈਆਂ ਰੁਕਾਵਟਾਂ ਕਾਰਨ ਵੱਖ-ਵੱਖ ਗਲੋਬਲ ਬਾਜ਼ਾਰਾਂ ਨੂੰ ਯਾਤਰੀ ਵਾਹਨਾਂ ਦੀ ਸਪਲਾਈ ਪ੍ਰਭਾਵਿਤ ਹੋਈ ਹੈ, ਜਿਸ ਕਾਰਨ ਬਰਾਮਦ 'ਚ ਗਿਰਾਵਟ ਆਈ ਹੈ।
ਵਾਹਨ ਨਿਰਮਤਾਵਾਂ ਦੇ ਸੰਗਠਨ ਭਾਰਤੀ ਵਾਹਨ ਨਿਰਮਤਾ ਸੁਸਾਇਟੀ (ਸਿਆਮ) ਦੇ ਅੰਕੜਿਆਂ ਮੁਤਾਬਕ, 2020-21 ਦੀ ਪਹਿਲੀ ਛਿਮਾਹੀ 'ਚ ਯਾਤਰੀ ਵਾਹਨਾਂ ਦੀ ਬਰਾਮਦ 1,55,156 ਇਕਾਈ ਰਹੀ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਛਿਮਾਹੀ 'ਚ 3,65,247 ਯਾਤਰੀ ਵਾਹਨਾਂ ਦੀ ਬਰਾਮਦ ਕੀਤੀ ਗਈ ਸੀ।
ਇਸ ਦੌਰਾਨ ਕਾਰਾਂ ਦੀ ਬਰਾਮਦ 64.93 ਫੀਸਦੀ ਘੱਟ ਕੇ 1,00,529 ਇਕਾਈ ਰਹਿ ਗਈ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ 'ਚ 2,86,618 ਇਕਾਈ ਰਹੀ ਸੀ। ਇਸੇ ਤਰ੍ਹਾਂ ਯੂਟਿਲਟੀ ਵਾਹਨਾਂ ਦੀ ਬਰਾਮਦ 29.67 ਫੀਸਦੀ ਘੱਟ ਕੇ 54,375 ਇਕਾਈ ਰਹਿ ਗਈ, ਜੋ 2019-20 ਦੀ ਇਸੇ ਮਿਆਦ 'ਚ 77,309 ਇਕਾਈ ਰਹੀ ਸੀ। ਵੈਨਾਂ ਦੀ ਬਰਾਮਦ 'ਚ 80.91 ਫੀਸਦੀ ਦੀ ਜ਼ਬਰਦਸਤ ਗਿਰਾਵਟ ਆਈ ਅਤੇ ਇਹ 1,320 ਇਕਾਈ ਤੋਂ ਘੱਟ ਕੇ 252 ਇਕਾਈ ਰਹਿ ਗਈ।
ਸਿਆਮ ਦੇ ਡਾਇਰੈਕਟਰ ਜਨਰਲ ਰਾਜੇਸ਼ ਮੇਨਨ ਨੇ ਕਿਹਾ, ''ਬਰਾਮਦ 'ਚ ਗਿਰਾਵਟ ਦੀ ਪ੍ਰਮੁੱਖ ਵਜ੍ਹਾ ਗਲੋਬਲ ਪੱਧਰ 'ਤੇ ਕੋਵਿਡ-19 ਦੇ ਮੱਦੇਨਜ਼ਰ ਪੈਦਾ ਹੋਈਆਂ ਰੁਕਾਵਟਾਂ ਹਨ। ਇਸ ਮਹਾਮਾਰੀ ਦੀ ਵਜ੍ਹਾ ਨਾਲ ਪਲਾਂਟ ਅਤੇ ਡੀਲਰਸ਼ਿਪ ਬੰਦ ਰਹੀ, ਸਪਲਾਈ ਚੇਨ ਪ੍ਰਭਾਵਿਤ ਹੋਈ। ਮਹਾਮਾਰੀ ਦੀ ਵਜ੍ਹਾ ਨਾਲ ਕੌਮਾਂਤਰੀ ਵਪਾਰ 'ਤੇ ਬੁਰਾ ਅਸਰ ਪਿਆ ਹੈ।''