9 ਮਹੀਨਿਆਂ ਦੇ ਹੇਠਲੇ ਪੱਧਰ ’ਤੇ ਪੁੱਜਾ ਪਾਮ ਆਇਲ, ਸਸਤੇ ਹੋਣਗੇ ਖਾਣ ਵਾਲੇ ਤੇਲ

Tuesday, Jul 05, 2022 - 11:03 AM (IST)

9 ਮਹੀਨਿਆਂ ਦੇ ਹੇਠਲੇ ਪੱਧਰ ’ਤੇ ਪੁੱਜਾ ਪਾਮ ਆਇਲ, ਸਸਤੇ ਹੋਣਗੇ ਖਾਣ ਵਾਲੇ ਤੇਲ

ਕੁਆਲਾਲੰਮਪੁਰ (ਏਜੰਸੀ) – ਮਹਿੰਗਾਈ ਦੇ ਮੋਰਚੇ ’ਤੇ ਜੂਝ ਰਹੀ ਜਨਤਾ ਲਈ ਰਾਹਤ ਦੀ ਖਬਰ ਹੈ। ਕੌਮਾਂਤਰੀ ਬਾਜ਼ਾਰ ’ਚ ਪਾਮ ਆਇਲ ਦੀਆਂ ਕੀਮਤਾਂ 9 ਮਹੀਨਿਆਂ ਦੇ ਹੇਠਲੇ ਪੱਧਰ ’ਤੇ ਪੁੱਜ ਗਈਆਂ ਹਨ। ਪਾਮ ਆਇਲ ਦੇ ਵੱਡੇ ਉਤਪਾਦਕ ਇੰਡੋਨੇਸ਼ੀਆ ’ਚ ਪਾਮ ਆਇਲ ਦੀ ਇਨਵੈਂਟਰੀ ਵਧ ਜਾਣ ਕਾਰਨ ਉਸ ਨੇ ਵੱਡੇ ਪੈਮਾਨੇ ’ਤੇ ਇਸ ਦੀ ਐਕਸਪੋਰਟ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਖਬਰ ਤੋਂ ਬਾਅਦ ਸੋਮਵਾਰ ਨੂੰ ਮਲੇਸ਼ੀਆ ਦੇ ਕਮੋਡਿਟੀ ਬਾਜ਼ਾਰ ’ਚ ਸਤੰਬਰ ਸੀਰੀਜ਼ ਦੇ ਸੌਦਿਆਂ ’ਚ 7.65 ਫੀਸਦੀ ਦੀ ਗਿਰਾਵਟ ਦੇਖੀ ਗਈ ਅਤੇ ਇਹ 985.72 ਡਾਲਰ ਪ੍ਰਤੀ ਟਨ ’ਤੇ ਬੰਦ ਹੋਏ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵੀ ਮਲੇਸ਼ੀਆ ਦੇ ਬਾਜ਼ਾਰ ’ਚ ਪਾਮ ਆਇਲ ਦੀਆਂ ਕੀਮਤਾਂ 4 ਫੀਸਦੀ ਡਿਗ ਕੇ ਬੰਦ ਹੋਈਆਂ ਸਨ। ਮਲੇਸ਼ੀਆ ’ਚ ਪਾਮ ਆਇਲ ਦੀਆਂ ਕੀਮਤਾਂ 22 ਸਤੰਬਰ 2021 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਈਆਂ ਸਨ।

ਇਹ ਵੀ ਪੜ੍ਹੋ : ਈਕੋ-ਫਰੈਂਡਲੀ ਨਹੀਂ ਹਨ ਇਲੈਕਟ੍ਰਿਕ ਕਾਰਾਂ, ਵਾਤਾਵਰਣ ਨੂੰ ਪਹੁੰਚਾਉਂਦੀਆਂ ਹਨ ਨੁਕਸਾਨ- ਰਿਪੋਰਟ

ਦਰਅਸਲ ਇੰਡੋਨੇਸ਼ੀਆ ਦੇ ਇਕ ਸੀਨੀਅਰ ਮੰਤਰੀ ਨੇ ਕਿਹਾ ਕਿ ਇੰਡੋਨੇਸ਼ੀਆ ਦੇਸ਼ ’ਚ ਵਧ ਰਹੇ ਪਾਮ ਆਇਲ ਦੇ ਭੰਡਾਰ ਨੂੰ ਧਿਆਨ ’ਚ ਰੱਖਦੇ ਹੋਏ ਇਸ ਦਾ ਐਕਸਪੋਰਟ ਕੋਟਾ ਵਧਾਉਣ ਦੀ ਤਿਆਰੀ ਕਰ ਰਿਹਾ ਹੈ। ਇਸ ਦੇ ਨਾਲ ਹੀ ਉਹ ਬਾਇਓ ਡੀਜ਼ਲ ’ਚ ਵੀ ਪਾਮ ਆਇਲ ਮਿਲਾਉਣ ਦੀ ਨਿਸ਼ਚਿਤ ਮਾਤਰਾ ਤੈਅ ਕਰਨ ਬਾਰੇ ਸੋਚ ਰਿਹਾ ਹੈ।

ਇੰਡੋਨੇਸ਼ੀਆ ਦੇ ਪਾਮ ਆਇਲ ਦੀ ਵਧੇਰੇ ਉਪਲਬਧਤਾ ਕਾਰਨ ਹੋਰ ਦੇਸ਼ਾਂ ਦੇ ਕਮੋਡਿਟੀ ਬਾਜ਼ਾਰਾਂ ’ਚ ਵੀ ਇਸ ਦੀਆਂ ਕੀਮਤਾਂ ’ਚ ਗਿਰਾਵਟ ਦੇਖੀ ਜਾ ਰਹੀ ਹੈ ਅਤੇ ਭਾਰਤ ’ਚ ਇਸ ਦਾ ਨਿਸ਼ਚਿਤ ਤੌਰ ’ਤੇ ਅਸਰ ਦੇਖਣ ਨੂੰ ਮਿਲੇਗਾ। ਇਸ ਦਰਮਿਆਨ ਕਾਰੋਬਾਰੀਆਂ ਨੂੰ ਚਾਲੂ ਸੀਜ਼ਨ ’ਚ ਪਾਮ ਆਇਲ ਦੇ ਵਧੇਰੇ ਉਤਪਾਦਨ ਦੀ ਵੀ ਉਮੀਦ ਹੈ। ਇਸ ਉਮੀਦ ਨੂੰ ਦੇਖਦੇ ਹੋਏ ਵੀ ਇਸ ਦੀਆਂ ਕੀਮਤਾਂ ’ਚ ਗਿਰਾਵਟ ਦੇਖੀ ਜਾ ਰਹੀ ਹੈ। ਇਸ ਦਰਮਿਆਨ ਡੇਲੀਅਨ ਐਕਸਚੇਂਜ ’ਚ ਸੋਇਆ ਆਇਲ ਦੇ ਕਾਂਟ੍ਰੈਕਟਸ ’ਚ 1.91 ਫੀਸਦੀ ਅਤੇ ਸੋਇਆ ਦੇ ਪਾਮ ਕਾਂਟ੍ਰੈਕਟਸ ’ਚ 2.15 ਫੀਸਦੀ ਦੀ ਗਿਰਾਵਟ ਦੇਖੀ ਗਈ ਹੈ।

ਇਹ ਵੀ ਪੜ੍ਹੋ : 42 ਸਾਲਾ 'ਕ੍ਰਿਪਟੋ ਕੁਈਨ' FBI ਦੀ 10 ਮੋਸਟ ਵਾਂਟੇਡ ਲਿਸਟ 'ਚ ਸ਼ਾਮਲ, ਧੋਖਾਧੜੀ ਦਾ ਲੱਗਾ ਦੋਸ਼

ਭਾਰਤ ’ਤੇ ਕੀ ਹੋਵੇਗਾ ਅਸਰ

ਭਾਰਤੀ ਆਪਣੀ ਲੋੜ ਦਾ ਕਰੀਬ 50 ਫੀਸਦੀ ਪਾਮ ਆਇਲ ਇੰਪੋਰਟ ਕਰਦਾ ਹੈ ਅਤੇ ਕੌਮਾਂਤਰੀ ਬਾਜ਼ਾਰ ’ਚ ਇਸ ਦੀਆਂ ਕੀਮਤਾਂ ’ਚ ਆਈ ਗਿਰਾਵਟ ਕਾਰਨ ਦੇਸ਼ ’ਚ ਖਾਣ ਵਾਲੇ ਤੇਲਾਂ ਦੀ ਮਹਿੰਗਾਈ ਘੱਟ ਹੋਵੇਗੀ, ਜਿਸ ਨਾਲ ਆਮ ਆਦਮੀ ਨੂੰ ਵੱਡੀ ਰਾਹਤ ਮਿਲੇਗੀ। ਇਸ ਦੇ ਨਾਲ ਹੀ ਦੇਸ਼ ਦੀਆਂ ਐੱਫ. ਐੱਮ. ਸੀ. ਜੀ. ਕੰਪਨੀਆਂ ਨੂੰ ਵੀ ਇਸ ਦਾ ਫਾਇਦਾ ਹੋਵੇਗਾ ਕਿਉਂਕਿ ਇਨ੍ਹਾਂ ਕੰਪਨੀਆਂ ਦੇ ਜ਼ਿਆਦਾਤਰ ਉਤਪਾਦਾਂ ’ਚ ਪਾਮ ਆਇਲ ਦਾ ਇਸਤੇਮਾਲ ਹੁੰਦਾ ਹੈ ਅਤੇ ਪਾਮ ਆਇਲ ਮਹਿੰਗਾ ਹੋਣ ਕਾਰਨ ਇਨ੍ਹਾਂ ਦੀ ਲਾਗਤ ਪਿਛਲੇ ਕੁੱਝ ਮਹੀਨਿਆਂ ਤੋਂ ਲਗਾਤਾਰ ਵਧ ਰਹੀ ਹੈ। ਹੁਣ ਪਾਮ ਆਇਲ ਸਸਤਾ ਹੋਣ ਤੋਂ ਬਾਅਦ ਕੰਪਨੀਆਂ ਦੀ ਲਾਗਤ ਘੱਟ ਹੋਵੇਗੀ, ਜਿਸ ਨਾਲ ਇਨ੍ਹਾਂ ਦਾ ਮੁਨਾਫਾ ਵਧ ਸਕਦਾ ਹੈ।

ਇਹ ਵੀ ਪੜ੍ਹੋ : ਚਾਕਲੇਟ 'ਚ ਮਿਲਿਆ ਖ਼ਤਰਨਾਕ ਬੈਕਟੀਰੀਆ, ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਨੇ ਵਾਪਸ ਮੰਗਵਾਏ ਉਤਪਾਦ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News