ਪਾਕਿਸਤਾਨ ਤੋਂ ਖੰਡ ਦਰਾਮਦ ਦੇ ਆਸਾਰ : ਇਸਮਾ
Wednesday, Jan 24, 2018 - 11:53 AM (IST)
ਨਵੀਂ ਦਿੱਲੀ—ਖੰਡ ਮਿੱਲਾਂ ਨੇ ਸਰਕਾਰ ਤੋਂ ਖੰਡ 'ਤੇ ਇੰਪੋਰਟ ਡਿਊਟੀ ਵਧਾ ਕੇ 100 ਫ਼ੀਸਦੀ ਕਰਨ ਦੀ ਮੰਗ ਕੀਤੀ ਹੈ। ਮਿੱਲਾਂ ਨੂੰ ਸ਼ੱਕ ਹੈ ਕਿ ਦੇਸ਼ 'ਚ ਖੰਡ ਦੇ ਭਾਅ 'ਚ ਗਿਰਾਵਟ ਤੋਂ ਬਾਅਦ ਪਾਕਿਸਤਾਨ ਦੇ ਰਸਤਿਓਂ ਖੰਡ ਦੀ ਦਰਾਮਦ ਹੋ ਸਕਦੀ ਹੈ। ਖੰਡ ਉਦਯੋਗ ਦੇ ਸਿਖਰ ਸੰਗਠਨ ਇੰਡੀਅਨ ਸ਼ੂਗਰ ਮਿੱਲਸ ਐਸੋਸੀਏਸ਼ਨ (ਇਸਮਾ) ਦਾ ਕਹਿਣਾ ਹੈ ਕਿ ਪਾਕਿਸਤਾਨ ਤੋਂ ਖੰਡ ਦੀ ਬਰਾਮਦ 'ਤੇ ਸਬਸਿਡੀ ਦੇ ਐਲਾਨ ਤੋਂ ਬਾਅਦ ਦਰਾਮਦ ਦੀ ਸੰਭਾਵਨਾ ਵਧ ਗਈ ਹੈ।
ਦੇਸ਼ 'ਚ ਇਸ ਸਾਲ ਖੰਡ ਦਾ ਉਤਪਾਦਨ ਖਪਤ ਦੇ ਮੁਕਾਬਲੇ ਜ਼ਿਆਦਾ ਹੋਣ ਕਾਰਨ ਕੀਮਤਾਂ 'ਚ ਭਾਰੀ ਗਿਰਾਵਟ ਆਈ ਹੈ, ਜਿਸ ਤੋਂ ਬਾਅਦ ਖੰਡ ਉਦਯੋਗ ਸੰਗਠਨਾਂ ਦੇ ਨਾਲ-ਨਾਲ ਵਪਾਰੀ ਵੀ ਮੰਨਣ ਲੱਗੇ ਹਨ ਕਿ ਖੰਡ ਦੇ ਕਾਰੋਬਾਰ ਨੂੰ ਸੰਭਾਲਣ ਲਈ ਸਰਕਾਰ ਨੂੰ ਉਪਰਾਲੇ ਕਰਨੇ ਚਾਹੀਦੇ ਹਨ। ਲਿਹਾਜ਼ਾ ਖੰਡ ਮਿੱਲਾਂ ਦੇ ਸੰਗਠਨਾਂ ਨੇ ਖੁਰਾਕ ਮੰਤਰਾਲਾ ਤੋਂ ਖੰਡ 'ਤੇ ਇੰਪੋਰਟ ਡਿਊਟੀ ਮੌਜੂਦਾ 50 ਫ਼ੀਸਦੀ ਤੋਂ ਵਧਾ ਕੇ 100 ਫ਼ੀਸਦੀ ਕਰਨ ਅਤੇ ਐਕਸਪੋਰਟ ਡਿਊਟੀ ਨੂੰ 20 ਫ਼ੀਸਦੀ ਤੋਂ ਘਟਾ ਕੇ ਸਿਫ਼ਰ ਕਰਨ ਦੀ ਮੰਗ ਕੀਤੀ ਹੈ।
