OYO ਦਾ ਵਧਿਆ ਘਾਟਾ, ਵਿੱਤੀ ਸਾਲ 2018-19 ''ਚ ਹੋਇਆ 2390 ਕਰੋੜ ਰੁਪਏ ਦਾ ਨੁਕਸਾਨ

Tuesday, Feb 18, 2020 - 11:59 AM (IST)

OYO ਦਾ ਵਧਿਆ ਘਾਟਾ, ਵਿੱਤੀ ਸਾਲ 2018-19 ''ਚ ਹੋਇਆ 2390 ਕਰੋੜ ਰੁਪਏ ਦਾ ਨੁਕਸਾਨ

ਨਵੀਂ ਦਿੱਲੀ — ਓਯੋ(OYO) ਹੋਟਲਸ ਅਤੇ ਹੋਮਸ ਨੇ ਸੋਮਵਾਰ ਨੂੰ ਦੱਸਿਆ ਕਿ ਵਿੱਤੀ ਸਾਲ 2018-19 'ਚ ਉਸਨੂੰ ਸ਼ੁੱਧ ਰੂਪ ਨਾਲ 33.5 ਕਰੋੜ ਡਾਲਰ(2,390 ਕਰੋੜ ਰੁਪਏ ਤੋਂ ਵਧ) ਦਾ ਘਾਟਾ ਹੋਇਆ ਹੈ। ਕੰਪਨੀ ਨੇ ਦੱਸਿਆ ਕਿ ਅੰਤਰਰਾਸ਼ਟਰੀ ਵਿਸਥਾਰ ਕਾਰਨ ਉਸ ਨੂੰ ਇਹ ਘਾਟਾ ਹੋਇਆ ਹੈ। ਇਸ ਤੋਂ ਪਿਛਲੇ ਵਿੱਤੀ ਸਾਲ 'ਚ ਕੰਪਨੀ ਨੂੰ 5.2 ਕਰੋੜ ਡਾਲਰ(370 ਕਰੋੜ ਰੁਪਏ) ਦਾ ਘਾਟਾ ਹੋਇਆ ਸੀ। ਵਿੱਤੀ ਸਾਲ 2018-19 'ਚ ਕੰਪਨੀ ਦਾ ਕੁੱਲ ਮਾਲੀਆ 95.1 ਕਰੋੜ ਡਾਲਰ ਰਿਹਾ ਜਿਹੜਾ ਕਿ ਇਕ ਸਾਲ ਪਹਿਲਾਂ 21.1 ਕਰੋੜ ਡਾਲਰ ਸੀ।

ਕੰਪਨੀ ਨੇ ਦੱਸਿਆ ਕਿ ਨਵੇਂ ਬਜ਼ਾਰ 'ਚ ਵਿਸਥਾਰ ਕਰਨ ਦੇ ਕਾਰਨ ਉਸਦਾ ਘਾਟਾ ਵਧਿਆ ਹੈ। ਵਿੱਤੀ ਸਾਲ 2017-18 'ਚ ਕੰਪਨੀ ਦਾ ਘਾਟਾ ਮਾਲਿਆ ਦਾ 25 ਫੀਸਦੀ ਸੀ, ਜਿਹੜਾ ਵਿੱਤੀ ਸਾਲ 2018-19 'ਚ ਵਧ ਕੇ 35 ਫੀਸਦੀ ਹੋ ਗਿਆ। ਹਾਲਾਂਕਿ ਭਾਰਤ 'ਚ ਓਯੋ ਦਾ ਘਾਟਾ ਘੱਟ ਕੇ 8.3 ਲੱਖ ਡਾਲਰ ਰਹਿ ਗਿਆ। ਵਿੱਤੀ ਸਾਲ 2017-18 'ਚ ਕੰਪਨੀ ਦਾ ਘਾਟਾ ਉਸਦੇ ਮਾਲੀਏ ਦਾ 24 ਫੀਸਦੀ ਸੀ, ਜਦੋਂਕਿ ਵਿੱਤੀ ਸਾਲ 2018-19 'ਚ ਇਹ ਮਾਲੀਏ ਦਾ 14 ਫੀਸਦੀ ਰਿਹਾ।

ਵਿੱਤੀ ਸਾਲ 2018-19 'ਚ ਓਯੋ ਦਾ ਭਾਰਤ ਵਿਚ ਮਾਲੀਆ 60.4 ਕਰੋੜ ਡਾਲਰ ਰਿਹਾ। ਕੰਪਨੀ ਨੇ ਆਪਣੇ ਬਿਆਨ ਵਿਚ ਕਿਹਾ ਕਿ ਭਾਰਤ ਵਰਗੇ ਸਥਾਪਤ ਬਜ਼ਾਰਾਂ ਵਿਚ ਕੰਪਨੀ ਦਾ ਧਿਆਨ ਮਜ਼ਬੂਤ ਬ੍ਰਾਂਡ ਪ੍ਰਦਰਸ਼ਨ 'ਤੇ ਹੈ ਜਦੋਂ ਕਿ ਅਸੀਂ ਲਾਭ ਵਿਚ ਆਉਣ ਲਈ ਸਪੱਸ਼ਟ ਰਸਤੇ ਨੂੰ ਯਕੀਨੀ ਬਣਾਉਣ ਲਈ ਅਤੇ ਮਜ਼ਬੂਤ ਕੁੱਲ ਮਾਰਜਨ 'ਤੇ ਕੰਮ ਕਰ ਰਹੇ ਹਾਂ।

ਓਯੋ ਨੇ ਕਿਹਾ ਕਿ ਵਿੱਤੀ ਸਾਲ 2018-19 'ਚ ਭਾਰਤੀ ਕਾਰੋਬਾਰ ਨੇ ਕੁੱਲ ਮਾਲੀਆ 'ਚ 63.5 ਫੀਸਦੀ ਜਾਂ 60.4 ਕਰੋੜ ਡਾਲਰ ਦਾ ਯੋਗਦਾਨ ਦਿੱਤਾ ਹੈ ਅਤੇ ਇਥੇ ਸਾਲਾਨਾ ਆਧਾਰ 'ਤੇ ਕਾਰੋਬਾਰ 'ਚ 2.9 ਗੁਣਾ ਵਾਧਾ ਦਰਜ ਕੀਤਾ ਗਿਆ ਹੈ। ਮਾਲੀਆ ਦਾ 36.5 ਫੀਸਦੀ ਜਾਂ 34.8 ਕਰੋੜ ਡਾਲਰ ਕੰਪਨੀ ਨੂੰ ਭਾਰਤ ਦੇ ਬਾਹਰ ਚੀਨ ਤੋਂ ਹਾਸਲ ਹੋਇਆ ਹੈ।


Related News