ਬੇਟੀ ਨੂੰ ਨਹੀਂ ਦਿੱਤਾ ਕਲੇਮ, ਹੁਣ ਓਰੀਐਂਟਲ ਇੰਸ਼ੋਰੈਂਸ ਕੰਪਨੀ ਦੇਵੇਗੀ ਮੁਆਵਜ਼ਾ

11/17/2018 10:22:40 PM

ਉਰਈ-ਕਿਸਾਨ ਦੀ ਹਾਦਸੇ ਵਿਚ ਮੌਤ ਤੋਂ ਬਾਅਦ ਉਸ ਦੀ ਵਿਆਹੀ ਬੇਟੀ ਨੂੰ ਕਲੇਮ ਦੇਣ ਵਿਚ ਟਾਲਮਟੋਲ ਕਰ ਰਹੀ ਬੀਮਾ ਕੰਪਨੀ ਨੂੰ ਜ਼ਿਲਾ ਖਪਤਕਾਰ ਫੋਰਮ ਨੇ 5 ਲੱਖ ਰੁਪਏ ਦਾ ਮੁਆਵਜ਼ਾ 9 ਫ਼ੀਸਦੀ ਵਿਆਜ ਦੇ ਨਾਲ ਦੇਣ ਦਾ ਹੁਕਮ ਦਿੱਤਾ। 

ਕੀ ਹੈ ਮਾਮਲਾ
ਮਾਧੌਗੜ੍ਹ ਤਹਿਸੀਲ ਦੀ ਮਾਨਪੁਰਾ ਨਿਵਾਸੀ ਸ਼ਿਵ ਸਿੰਘ ਦੀ ਪਤਨੀ ਪੱਪੀ ਦੇ ਪਿਤਾ ਰਾਧੇਸ਼ਾਮ ਦੀ ਨਰੌਲ ਮੌਜੇ ਵਿਚ ਜ਼ਮੀਨ ਹੈ। ਰਾਧੇਸ਼ਾਮ ਦੀ 13 ਜਨਵਰੀ 2017 ਨੂੰ ਹਾਦਸੇ ਵਿਚ ਮੌਤ ਹੋ ਗਈ ਸੀ। ਇਸ ਤੋਂ ਬਾਅਦ ਮ੍ਰਿਤਕ ਦੀ ਧੀ ਪੱਪੀ ਨੇ ਖੇਤੀ ਦੁਰਘਟਨਾ ਬੀਮਾ ਯੋਜਨਾ ਤਹਿਤ 5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੀ ਮੰਗ ਓਰੀਐਂਟਲ ਇੰਸ਼ੋਰੈਂਸ ਕੰਪਨੀ ਤੋਂ ਕੀਤੀ। ਨਾਲ ਹੀ ਉਨ੍ਹਾਂ ਨੇ ਪਟਵਾਰੀ ਦੀ ਰਿਪੋਰਟ ਅਤੇ ਉਸ ਦੇ ਵਾਰਿਸ ਹੋਣ ਦਾ ਸਰਟੀਫਿਕੇਟ ਵੀ ਲਾਇਆ ਪਰ ਬੀਮਾ ਕੰਪਨੀ ਨੇ ਇਹ ਕਹਿ ਕੇ ਮੁਆਵਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਮ੍ਰਿਤਕ ਕਿਸਾਨ ਦੀ ਬੇਟੀ ਦਾ ਵਿਆਹ ਹੋ ਚੁੱਕਾ ਹੈ ਅਤੇ ਉਹ ਸਹੁਰੇ ਘਰ ਵਿਚ ਆਪਣੇ ਪਤੀ ਦੇ ਨਾਲ ਰਹਿ ਰਹੀ ਹੈ, ਇਸ ਲਈ ਉਹ ਮ੍ਰਿਤਕ ਦੀ ਵਾਰਿਸ ਨਹੀਂ ਸੀ। ਲਿਹਾਜ਼ਾ ਕੰਪਨੀ ਨਿਯਮਾਂ ਮੁਤਾਬਕ ਸ਼ਿਕਾਇਤਕਰਤਾ ਨੂੰ ਕਲੇਮ ਦਾ ਭੁਗਤਾਨ ਨਹੀਂ ਕੀਤਾ ਜਾ ਸਕਦਾ ਹੈ। ਪ੍ਰੇਸ਼ਾਨ ਹੋ ਕੇ ਮ੍ਰਿਤਕ ਰਾਧੇਸ਼ਾਮ ਦੀ ਬੇਟੀ ਨੇ ਜ਼ਿਲਾ ਖਪਤਕਾਰ ਫੋਰਮ ਵਿਚ 24 ਮਈ 2017 ਨੂੰ ਸ਼ਿਕਾਇਤ ਦਰਜ ਕੀਤੀ।

ਇਹ ਕਿਹਾ ਫੋਰਮ ਨੇ
ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜ਼ਿਲਾ ਖਪਤਕਾਰ ਫੋਰਮ ਦੇ ਪ੍ਰਧਾਨ ਜਿਸ਼ਣੁਕਾਂਤ ਪਾਂਡੇ ਅਤੇ ਮੈਂਬਰ ਰਾਮਬਾਬੂ ਨਿਸ਼ਾਦ ਦੀ ਬੈਂਚ ਨੇ ਹੁਕਮ ਦਿੱਤਾ ਕਿ ਖਤੌਨੀ ਅਤੇ ਉੱਤਰਾਧਿਕਾਰ ਸਰਟੀਫਿਕੇਟ ਵਿਚ ਸ਼ਿਕਾਇਤਕਰਤਾ ਪੱਪੀ ਮ੍ਰਿਤਕ ਦੀ ਕਾਨੂੰਨਨ ਵਾਰਿਸ ਹੈ, ਲਿਹਾਜ਼ਾ ਸੂਬਾ ਸਰਕਾਰ ਵੀ ਮੰਨਦੀ ਹੈ ਕਿ ਉਹ ਮ੍ਰਿਤਕ ਕਿਸਾਨ ਨਾਲ ਸਬੰਧਤ ਬੀਮਾ ਰਾਸ਼ੀ ਹਾਸਲ ਕਰਨ ਦੀ ਹੱਕਦਾਰ ਹੈ। ਫੋਰਮ ਨੇ ਬੀਮਾ ਕੰਪਨੀ ਨੂੰ ਹੁਕਮ ਦਿੱਤਾ ਕਿ ਉਹ ਸ਼ਿਕਾਇਤਕਰਤਾ ਨੂੰ 5 ਲੱਖ ਰੁਪਏ ਇਕ ਮਹੀਨੇ ਦੇ ਅੰਦਰ 22 ਮਈ 2017 ਤੋਂ ਭੁਗਤਾਨ ਦੀ ਤਾਰੀਖ ਤੱਕ 9 ਫ਼ੀਸਦੀ ਵਿਆਜ ਦੇ ਨਾਲ ਭੁਗਤਾਨ ਕਰੇ।


Related News