ਪੈਟਰੋਲ, ਡੀਜ਼ਲ ''ਤੇ ਮਿਲੇਗੀ ਰਾਹਤ, ਓਪੇਕ ਪਲੱਸ ਵਧਾਏਗਾ ਉਤਪਾਦਨ!

09/02/2021 8:08:17 AM

ਫਰੈਂਕਫਰਟ- ਪੈਟਰੋਲ-ਡੀਜ਼ਲ ਕੀਮਤਾਂ ਵਿਚ ਕੁਝ ਰਾਹਤ ਮਿਲਣ ਦੀ ਸੰਭਾਵਨਾ ਹੈ। ਇਸ ਦੀ ਵਜ੍ਹਾ ਹੈ ਕਿ ਤੇਲ ਬਰਾਮਦ ਕਰਨ ਵਾਲੇ ਦੇਸ਼ਾਂ ਦੇ ਸੰਗਠਨ (ਓਪੇਕ) ਅਤੇ ਰੂਸ ਦੀ ਅਗਵਾਈ ਵਾਲੇ ਸਹਿਯੋਗੀ ਦੇਸ਼ਾਂ ਨੇ ਹੌਲੀ-ਹੌਲੀ ਉਤਪਾਦਨ ਵਧਾਉਣ ਨੂੰ ਲੈ ਕੇ ਸਹਿਮਤੀ ਜਤਾਈ ਹੈ। ਮਹਾਮਾਰੀ ਕਾਰਨ ਪ੍ਰਭਾਵਿਤ ਹੋਈ ਸੰਸਾਰਕ ਅਰਥਵਿਵਸਥਾ ਵਿਚ ਸੁਧਾਰ ਅਤੇ ਈਂਧਣ ਦੀ ਮੰਗ ਵਿਚ ਤੇਜ਼ੀ ਦੇ ਮੱਦੇਨਜ਼ਰ ਓਪੇਕ ਪਲੱਸ ਨੇ ਇਹ ਫ਼ੈਸਲਾ ਲਿਆ ਹੈ। ਤੇਲ ਬਰਾਮਦ ਕਰਨ ਵਾਲੇ ਦੇਸ਼ਾਂ ਦੇ ਸੰਗਠਨ ਓਪੇਕ ਅਤੇ ਰੂਸ ਦੀ ਅਗਵਾਈ ਵਾਲੇ ਹੋਰ ਤੇਲ ਬਰਾਮਦਕਾਰ ਦੇਸ਼ਾਂ ਨੂੰ ਓਪੇਕ ਪਲੱਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਓਪੇਕ ਪਲੱਸ ਨੇ ਇਕ ਆਨਲਾਈਨ ਬੈਠਕ ਜ਼ਰੀਏ ਪਹਿਲੀ ਅਕਤੂਬਰ ਤੋਂ ਪ੍ਰਤੀ ਦਿਨ 4,00,000 ਬੈਰਲ ਤੇਲ ਉਤਪਾਦਨ ਜੋੜਨ ਦੀ ਪਹਿਲੇ ਦੀ ਯੋਜਨਾ 'ਤੇ ਸਹਿਮਤੀ ਜਤਾਈ ਹੈ। ਓਪੇਕ ਤੇ ਸਹਿਯੋਗੀ ਦੇਸ਼ਾਂ ਨੇ ਪਿਛਲੇ ਸਾਲ ਤਾਲਾਬੰਦੀ ਅਤੇ ਯਾਤਰਾ ਪਾਬੰਦੀਆਂ ਕਾਰਨ ਈਂਧਣ ਦੀ ਮੰਗ ਵਿਚ ਕਮੀ ਨੂੰ ਦੇਖਦੇ ਹੋਏ ਉਤਪਾਦਨ ਵਿਚ ਕਟੌਤੀ ਕੀਤੀ ਸੀ।

ਓਪੇਕ ਪਲੱਸ ਵਿਚ ਸ਼ਾਮਲ ਦੇਸ਼ ਹੁਣ ਹੌਲੀ-ਹੌਲੀ ਉਤਪਾਦਨ ਵਿਚ ਕੀਤੀ ਗਈ ਕਟੌਤੀ ਨੂੰ ਸਮਾਪਤ ਕਰ ਰਹੇ ਹਨ। ਬੈਠਕ ਤੋਂ ਪਹਿਲਾਂ ਕੱਚੇ ਤੇਲ ਦੀਆਂ ਕੀਮਤਾਂ ਵਿਚ ਬੁੱਧਵਾਰ ਨੂੰ ਨਰਮੀ ਰਹੀ। ਨਿਊਯਾਰਕ ਮਰਕੈਂਟਾਈਲ ਐਕਸਚੇਂਜ 'ਤੇ ਕੱਚਾ ਤੇਲ 1.6 ਫ਼ੀਸਦੀ ਦੀ ਗਿਰਾਵਟ ਨਾਲ 67.40 ਡਾਲਰ ਪ੍ਰਤੀ ਬੈਰਲ 'ਤੇ ਸੀ। ਉੱਥੇ ਹੀ, ਬ੍ਰੈਂਟ ਕਰੂਡ 1.4 ਫ਼ੀਸਦੀ ਡਿੱਗ ਕੇ 70.67 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ। ਓਪੇਕ ਅਤੇ ਸਹਿਯੋਗੀ ਦੇਸ਼ਾਂ ਨੇ ਜੁਲਾਈ ਵਿਚ ਇਹ ਯੋਜਨਾ ਬਣਾਈ ਸੀ ਕਿ ਜਦੋਂ ਤੱਕ ਪਿਛਲੇ ਸਾਲ ਦੇ ਉਤਪਾਦਨ ਦੀ ਕਟੌਤੀ ਪੂਰੀ ਨਹੀਂ ਹੋ ਜਾਂਦੀ ਹੈ ਉਦੋਂ ਤੱਕ ਹਰ ਮਹੀਨੇ ਚਾਰ ਲੱਖ ਬੈਰਲ ਪ੍ਰਤੀ ਦਿਨ ਉਤਪਾਦਨ ਨੂੰ ਵਧਾਇਆ ਜਾਵੇਗਾ। ਗਰੁੱਪ ਹਰ ਮਹੀਨੇ ਬੈਠਕ ਕਰਕੇ ਬਾਜ਼ਾਰ ਅਤੇ ਉਤਪਾਦਨ ਦੇ ਪੱਧਰ 'ਤੇ ਨਜ਼ਰ ਰੱਖ ਰਿਹਾ ਹੈ। ਓਪੇਕ ਪਲੱਸ ਕੋਰੋਨਾ ਵਾਇਰਸ ਦੇ ਡੈਲਟਾ ਰੂਪ 'ਤੇ ਵੀ ਗਰੁੱਪ ਨਜ਼ਰ ਰੱਖ ਰਿਹਾ ਹੈ, ਜਿਸ ਕਾਰਨ ਡਰ ਹੈ ਕਿ ਇਹ ਫਿਰ ਤੋਂ ਆਰਥਿਕ ਸਰਗਰਮੀਆਂ ਨੂੰ ਕਮਜ਼ੋਰ ਕਰ ਸਕਦਾ ਹੈ।


Sanjeev

Content Editor

Related News