ਲਾਕਡਾਊਨ ’ਚ 7 ਤੋਂ 24 ਫੀਸਦੀ ਹੋ ਗਿਆ ਆਨਲਾਈਨ ਕਾਰੋਬਾਰ
Sunday, Nov 01, 2020 - 12:48 AM (IST)
ਨਵੀਂ ਦਿੱਲੀ–ਕੋਰੋਨਾ ਅਤੇ ਲਾਕਡਾਊਨ ਦੌਰਾਨ ਆਨਲਾਈਨ ਕਾਰੋਬਾਰ ’ਚ ਕਾਫੀ ਵਾਧਾ ਹੋਇਆ ਹੈ। ਕੋਰੋਨਾ ਤੋਂ ਪਹਿਲਾਂ ਭਾਰਤ ’ਚ ਆਨਲਾਈਨ ਕਾਰੋਬਾਰ ਕਰੀਬ 7 ਫੀਸਦੀ ਸੀ ਪਰ ਹੁਣ ਮੌਜੂਦਾ ਸਮੇਂ ’ਚ ਇਹ ਕਾਰੋਬਾਰ 7 ਤੋਂ 24 ਫੀਸਦੀ ਹੋ ਗਿਆ ਹੈ। ਜੇ ਇਸ ਕਾਰੋਬਾਰ ਨੂੰ ਦੇਖਦੇ ਹੋਏ ਸ਼ਹਿਰੀ ਇਲਾਕਿਆਂ ’ਤੇ ਗੌਰ ਕਰੀਏ ਤਾਂ ਸ਼ਹਿਰ ਦੇ 42 ਫੀਸਦੀ ਇੰਟਰਨੈੱਟ ਯੂਜ਼ਰਸ ਆਨਲਾਈਨ ਮਾਧਿਅਮ ਰਾਹੀਂ ਆਪਣੀ ਖਰੀਦਦਾਰੀ ਕਰ ਰਹੇ ਹਨ। ਦੇਸ਼ ਦੇ ਕਾਰੋਬਾਰੀਆਂ ਦੀ ਸਭ ਤੋਂ ਵੱਡੀ ਸੰਸਥਾ ਕੰਫੈੱਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ (ਕੈਟ) ਦਾ ਇਹ ਕਹਿਣਾ ਹੈ।
ਸੰਸਥਾ ਨਾਲ ਜੁੜੇ ਅਹੁਦਾਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਭਾਰਤ ’ਚ ਵਪਾਰੀਆਂ ਦੀਆਂ ਦੁਕਾਨਾਂ ਭਾਰਤੀ ਅਰਥਵਿਵਸਥਾ ’ਚ ਆਪਣੀ ਅਹਿਮ ਭੂਮਿਕਾ ਨਿਭਾਉਂਦੀਆਂ ਰਹਿਣਗੀਆਂ, ਜਿਨ੍ਹਾਂ ਨੂੰ ਕੋਈ ਮਿਟਾ ਨਹੀਂ ਸਕਦਾ ਹੈ। ਕੈਟ ਦੇ ਰਾਸ਼ਟਰੀ ਪ੍ਰਧਾਨ ਬੀ. ਬੀ. ਭਰਤੀਆ ਅਤੇ ਕੌਮੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਦਾ ਕਹਿਣਾ ਹੈ ਕਿ ਭਾਰਤ ’ਚ ਸਮਾਰਟਫੋਨ ਅਤੇ ਇੰਟਰਨੈੱਟ ਦਾ ਇਸਤੇਮਾਲ ਤੇਜ਼ੀ ਨਾਲ ਵਧ ਰਿਹਾ ਹੈ। ਇਸੇ ਕਾਰਣ ਦੇਸ਼ ਦੇ ਈ-ਕਾਮਰਸ ਬਾਜ਼ਾਰ ਦੀ ਸਾਲ 2026 ਤੱਕ 200 ਬਿਲੀਅਨ ਡਾਲਰ ਦੇ ਹੋਣ ਦੀ ਉਮੀਦ ਹੈ।