ਫਿਰ ਰੁਆਉਣਗੇ ਪਿਆਜ, ਕੀਮਤਾਂ ’ਚ ਆਏਗਾ ਭਾਰੀ ਉਛਾਲ

Thursday, Sep 05, 2024 - 11:16 AM (IST)

ਫਿਰ ਰੁਆਉਣਗੇ ਪਿਆਜ, ਕੀਮਤਾਂ ’ਚ ਆਏਗਾ ਭਾਰੀ ਉਛਾਲ

ਨਵੀਂ ਦਿੱਲੀ (ਇੰਟ.) – ਪਿਆਜ ਦੇ ਮੁੱਲ ਫਿਰ ਵਧਣ ਲੱਗੇ ਹਨ। ਪਿਛਲੇ ਪੂਰੇ ਹਫਤੇ ਦੌਰਾਨ ਪਿਆਜ ਦੇ ਥੋਕ ਮੁੱਲ ’ਚ 10 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਖੁਦਰਾ ਭਾਅ ’ਚ ਲਗਭਗ 20 ਰੁਪਏ ਦਾ ਵਾਧਾ ਦਰਜ ਹੋਇਆ ਹੈ। ਆਜ਼ਾਦਪੁਰ ਸਬਜ਼ੀ ਮੰਡੀ ’ਚ ਸੋਮਵਾਰ ਨੂੰ ਪਿਆਜ 40 ਤੋਂ 45 ਰੁਪਏ ਪ੍ਰਤੀ ਕਿਲੋ ਵਿਕਿਆ ਤਾਂ ਬਾਜ਼ਾਰ ’ਚ ਪਿਆਜ 70 ਰੁਪਏ ਕਿਲੋ ’ਤੇ ਪਹੁੰਚ ਗਿਆ।

ਮਹਾਰਾਸ਼ਟਰ ’ਚ ਹੋ ਰਹੀ ਵਰਖਾ ਨੂੰ ਪਿਆਜ ਦੀ ਕੀਮਤ ’ਚ ਵਾਧੇ ਦਾ ਕਾਰਨ ਮੰਨਿਆ ਜਾ ਰਿਹਾ ਹੈ। ਪਿਆਜ ਦੇ ਥੋਕ ਵਿਕ੍ਰੇਤਾ ਆਉਣ ਵਾਲੇ ਦਿਨਾਂ ’ਚ ਪਿਆਜ ਦੀਆਂ ਕੀਮਤਾਂ ਹੋਰ ਵਧਣ ਦੀ ਸੰਭਾਵਨਾ ਵੀ ਜਤਾ ਰਹੇ ਹਨ। ਆਜ਼ਾਦਪੁਰ ਮੰਡੀ ਦੇ ਪਿਆਜ ਵਪਾਰੀ ਦਾ ਕਹਿਣਾ ਹੈ ਕਿ ਮਹਾਰਾਸ਼ਟਰ ’ਚ ਪਿਛਲੇ ਕੁਝ ਸਮੇਂ ਤੋਂ ਮੀਂਹ ਪੈ ਰਿਹਾ ਹੈ ਅਤੇ ਰਸਤੇ ਰੁਕੇ ਹੋਏ ਹਨ, ਇਸ ਦਾ ਆਮਦ ’ਤੇ ਅਸਰ ਪੈ ਰਿਹਾ ਹੈ।

ਨਵੀਂ ਫਸਲ ਆਉਣ ’ਤੇ ਮਿਲੇਗੀ ਰਾਹਤ

ਮੰਡੀ ’ਚ ਪਿਆਜ ਦੀ ਆਮਦ ਦਾ ਇਕ ਵੱਡਾ ਹਿੱਸਾ ਨਾਸਿਕ ਤੋਂ ਆਉਂਦਾ ਹੈ। ਵੇਜੀਟੇਬਲ ਟ੍ਰੇਡਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਨਿਲ ਮਲਹੋਤਰਾ ਦਾ ਕਹਿਣਾ ਹੈ ਕਿ ਨਵੀਂ ਫਸਲ ਆਉਣ ਤੱਕ ਪਿਆਜ ਦੀਆਂ ਕੀਮਤਾਂ ’ਚ ਹੋਰ ਵਾਧਾ ਹੋ ਸਕਦਾ ਹੈ। ਇਕ ਪਿਆਜ ਵਪਾਰੀ ਨੇ ਕਿਹਾ ਕਿ ਇਸ ਸਮੇਂ ਖੇਤਾਂ ’ਚ ਪਿਆਜ ਤਾਂ ਹੈ ਨਹੀਂ, ਜਿਨ੍ਹਾਂ ਲੋਕਾਂ ਨੇ ਪਿਆਜ ਸਟਾਕ ਕੀਤਾ ਹੋਇਆ ਹੈ, ਉਨ੍ਹਾਂ ਦੇ ਕਾਰਨ ਹੀ ਕੀਮਤਾਂ ਵਧ ਰਹੀਆਂ ਹਨ।

ਪਹਿਲਾਂ ਮੰਡੀ ’ਚ ਪਿਆਜ ਦਾ ਥੋਕ ਮੁੱਲ 25-30 ਰੁਪਏ ਪ੍ਰਤੀ ਕਿਲੋ ਸੀ। ਪਿਛਲੇ ਹਫਤੇ 30-35 ਤੋਂ ਵਧ ਕੇ ਅੱਜ 40-45 ਰੁਪਏ ਕਿਲੋ ’ਤੇ ਪਹੁੰਚ ਗਿਆ। ਹਾਲੀਆ ਵਾਧੇ ਦੇ ਕਾਰਨ ਬਾਜ਼ਾਰ ’ਚ ਪਿਆਜ ਦਾ ਭਾਅ 60-70 ਰੁਪਏ ਕਿਲੋ ਹੋ ਗਿਆ ਹੈ।

ਟਮਾਟਰ ਅਤੇ ਹਰੀ ਸਬਜ਼ੀਆਂ ਦੇ ਭਾਅ ਡਿੱਗੇ

ਪਿਆਜ ਦੇ ਮੁੱਲ ਵਧਣ ਦੀ ਟੈਂਸ਼ਨ ਵਿਚਾਲੇ ਰਾਹਤ ਦੀ ਵੀ ਖਬਰ ਹੈ। ਟਮਾਟਰ, ਆਲੂ ਤੋਂ ਇਲਾਵਾ ਕਈ ਹਰੀ ਸਬਜ਼ੀਆਂ ਦੇ ਭਾਅ ਹੇਠਾਂ ਵੀ ਆ ਗਏ ਹਨ। ਆਜ਼ਾਦਪੁਰ ਮੰਡੀ ’ਚ ਟਮਾਟਰ ਦਾ ਥੋਕ ਮੁੱਲ 10 ਫੀਸਦੀ ਘਟ ਕੇ 28-32 ਰੁਪਏ ਕਿਲੋ ’ਤੇ ਆ ਗਿਆ ਹੈ, ਇਸ ਕਾਰਨ ਖੁਦਰਾ ਬਾਜ਼ਾਰ ’ਚ 60-70 ਰੁਪਏ ਕਿਲੋ ਵਿਕਣ ਵਾਲਾ ਟਮਾਟਰ ਹੁਣ ਘਟ ਕੇ 40-50 ਰੁਪਏ ਕਿਲੋ ਵਿਕ ਰਿਹਾ ਹੈ।

ਆਜ਼ਾਦਪੁਰ ਮੰਡੀ ’ਚ 20 ਤੋਂ 30 ਰੁਪਏ ਕਿਲੋ ਵਿਕਣ ਵਾਲਾ ਆਲੂ ਅੱਜ 15-25 ਰੁਪਏ ’ਤੇ ਆ ਗਿਆ ਪਰ ਖੁਦਰਾ ਬਾਜ਼ਾਰ ’ਚ ਆਲੂ ਦੇ ਭਾਅ ਹੇਠਾਂ ਨਹੀਂ ਆਏ ਹਨ। ਅੱਜ ਵੀ ਇਹ 40-50 ਰੁਪਏ ਵਿਕ ਰਿਹਾ ਹੈ। ਇਸੇ ਤਰ੍ਹਾਂ ਭਿੰਡੀ, ਸ਼ਿਮਲਾ ਮਿਰਚ, ਘੀਆ, ਤੋਰੀ ਦੀਆਂ ਕੀਮਤਾਂ 10 ਤੋਂ 20 ਫੀਸਦੀ ਤੱਕ ਡਿੱਗੀਆਂ ਪਰ ਬਾਜ਼ਾਰ ’ਚ ਇਨ੍ਹਾਂ ਦਾ ਭਾਅ ਪਹਿਲਾਂ ਵਾਂਗ ਹੀ ਹੈ।


author

Harinder Kaur

Content Editor

Related News