ਸਰਕਾਰ ਲਈ ਸੰਕਟਮੋਚਨ ਬਣੇ ਨਰਾਤੇ, ਪਿਆਜ਼ ਹੋਣ ਲੱਗੇ ਸਸਤੇ

09/29/2019 7:55:38 AM

ਨਵੀਂ ਦਿੱਲੀ— ਨਰਾਤਿਆਂ ਦਾ ਤਿਉਹਾਰ ਸਰਕਾਰ ਲਈ ਸੰਕਟਮੋਚਨ ਸਾਬਤ ਹੋਣ ਜਾ ਰਿਹਾ ਹੈ ਕਿਉਂਕਿ ਇਸ ਤਿਉਹਾਰ ਦੇ ਆਉਣ ਨਾਲ ਦੇਸ਼ ਭਰ ਵਿਚ ਪਿਆਜ਼ ਦੀ ਮਹਿੰਗਾਈ ਰੁਕ ਗਈ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਸਥਿਤ ਆਜ਼ਾਦਪੁਰ ਮੰਡੀ ’ਚ ਪਿਆਜ਼ ਦੀ ਕੀਮਤ ਲਗਭਗ ਸਥਿਰ ਰਹੀ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਵੀ ਪਿਆਜ਼ ਦੀਆਂ ਕੀਮਤਾਂ ’ਚ ਹੋ ਰਹੇ ਵਾਧੇ ’ਤੇ ਵੀ ਬ੍ਰੇਕ ਲੱਗ ਗਈ ਹੈ।

 

ਨਰਾਤਿਆਂ ਦਾ ਤਿਉਹਾਰ 29 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ। 10 ਦਿਨਾਂ ਤੱਕ ਚੱਲਣ ਵਾਲੇ ਇਸ ਤਿਉਹਾਰ ਦੌਰਾਨ, ਸ਼ਰਧਾਲੂ ਵਰਤ ਰੱਖਦੇ ਹਨ ਅਤੇ ਜ਼ਿਆਦਾਤਰ ਹਿੰਦੂ ਪਰਿਵਾਰ ਪਿਆਜ਼ ਨਹੀਂ ਖਾਂਦੇ, ਜਿਸ ਕਾਰਣ ਦੇਸ਼ ਵਿਚ ਪਿਆਜ਼ ਦੀ ਖਪਤ ਘਟ ਜਾਂਦੀ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਇਕ ਪਾਸੇ ਨਰਾਤੇ ਤੇ ਦੂਜੇ ਪਾਸੇ ਅਫਗਾਨਿਸਤਾਨ ਤੋਂ ਪਿਆਜ਼ ਦੀ ਆਮਦ ਅਤੇ ਕੇਂਦਰ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦਾ ਵੀ ਅਸਰ ਵੇਖਣ ਨੂੰ ਮਿਲਿਆ ਹੈ।

ਖੁਰਾਕ, ਜਨਤਕ ਵੰਡ ਅਤੇ ਖਪਤਕਾਰ ਮਾਮਲਿਆਂ ਦੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਪਿਆਜ਼ ਦੀਆਂ ਕੀਮਤਾਂ ’ਤੇ ਕਾਬੂ ਬਣਾਈ ਰੱਖਣ ਲਈ ਬੀਤੇ ਦਿਨੀਂ ਕੇਂਦਰ ਸਰਕਾਰ ਦੇ ਬਫਰ ਸਟਾਕ ਤੋਂ ਸੂਬਿਆਂ ਨੂੰ ਪਿਆਜ਼ ਦੇਣ ਦਾ ਐਲਾਨ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਆਂਧਰਾ ਪ੍ਰਦੇਸ਼, ਤ੍ਰਿਪੁਰਾ, ਹਰਿਆਣਾ ਅਤੇ ਦਿੱਲੀ ਨੂੰ ਬਫਰ ਸਟਾਕ ਤੋਂ ਪਿਆਜ਼ ਮੁਹੱਈਆ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਸਰਕਾਰ ਨੇ ਕੇਂਦਰੀ ਏਜੰਸੀ ਨਾਫੇਡ ਨੂੰ ਖੁੱਲ੍ਹੇ ਬਾਜ਼ਾਰ ਵਿਚ ਪਿਆਜ਼ ਵੇਚਣ ਲਈ ਕਿਹਾ ਹੈ।

ਵਪਾਰਕ ਸੂਤਰਾਂ ਅਨੁਸਾਰ ਅਜ਼ਾਦਪੁਰ ਮੰਡੀ ਵਿਚ ਪਿਆਜ਼ ਦਾ ਥੋਕ ਮੁੱਲ 25-38 ਰੁਪਏ ਪ੍ਰਤੀ ਕਿਲੋ ਸੀ, ਜਦੋਂਕਿ ਰਾਸ਼ਟਰੀ ਰਾਜਧਾਨੀ ਵਿਚ ਪ੍ਰਚੂਨ ਵਿਕਰੇਤਾ ਪਿਆਜ਼ 40-60 ਰੁਪਏ ਪ੍ਰਤੀ ਕਿਲੋ ਵੇਚ ਰਹੇ ਸਨ। ਕਾਰੋਬਾਰੀ ਸੂਤਰਾਂ ਅਨੁਸਾਰ, ਦਿੱਲੀ ’ਚ ਪਿਆਜ਼ ਦੀ ਆਮਦ ਲਗਭਗ 650 ਟਨ ਸੀ, ਜਦੋਂਕਿ ਮੰਡੀਆਂ ’ਚ ਪਹਿਲਾਂ ਤੋਂ ਬਚਿਆ ਹੋਇਆ ਲਗਭਗ 92 ਟਰੱਕ (ਲਗਭਗ 1800 ਟਨ) ਪਿਆਜ਼ ਸੀ, ਜਿਸ ਕਾਰਣ ਕੀਮਤਾਂ ’ਚ ਸਥਿਰਤਾ ਰਹੀ।


Related News