ਬਾਜ਼ਾਰ ’ਚ ਲੱਗੈ ਪਿਆਜ਼ ਦਾ ਅੰਬਾਰ, ਫਿਰ ਵੀ ਨਹੀਂ ਘਟ ਰਹੇ ਮੁੱਲ

02/09/2020 8:12:08 AM

ਨਵੀਂ ਦਿੱਲੀ/ਨਾਸਿਕ— ਪਿਆਜ਼ ਅਜੇ ਵੀ ਤੁਹਾਡਾ ਮਹੀਨੇ ਦਾ ਬਜਟ ਵਿਗਾੜ ਰਿਹਾ ਹੈ। ਬਾਜ਼ਾਰ ’ਚ ਤਾਂ ਪਿਆਜ਼ ਦਾ ਅੰਬਾਰ ਹੈ ਤਾਂ ਅਜਿਹਾ ਨਹੀਂ ਕਿਹਾ ਜਾ ਸਕਦਾ ਕਿ ਸਪਲਾਈ ਘੱਟ ਹੈ, ਇਸ ਲਈ ਮੁੱਲ ਮੂੰਹ ਚਿੜ੍ਹਾ ਰਹੇ ਹਨ। ਦਿੱਲੀ ਦੀ ਆਜ਼ਾਦਪੁਰ ਮੰਡੀ ’ਚ ਰੋਜ਼ ਗੁਜਰਾਤ ਅਤੇ ਮਹਾਰਾਸ਼ਟਰ ਤੋਂ ਲਗਭਗ 50 ਟਰੱਕ ਪਿਆਜ਼ ਪਹੁੰਚ ਰਿਹਾ ਹੈ। ਯਾਨੀ 20 ਟਨ ਪਿਆਜ਼ ਰੋਜ ਮੰਡੀ ’ਚ ਪਹੁੰਚ ਰਿਹਾ ਹੈ। ਫਿਰ ਵੀ ਪਿਆਜ਼ ਦੇ ਮੁੱਲ ਘੱਟ ਨਹੀਂ ਹੋ ਰਹੇ।

 

ਥੋਕ ਮੰਡੀ ’ਚ ਜਿੱਥੇ ਪਿਆਜ਼ ਦਾ ਮੁੱਲ 15 ਤੋਂ 25 ਰੁਪਏ ਦੇ ਦਰਮਿਆਨ ਚੱਲ ਰਿਹਾ ਹੈ, ਉਥੇ ਹੀ ਰਿਟੇਲਰ ਇਸ ਨੂੰ 40-60 ਰੁਪਏ ਕਿਲੋ ਦੇ ਭਾਅ ਵੇਚ ਰਹੇ ਹਨ। ਆਮ ਤੌਰ ’ਤੇ ਵਿਕਰੇਤਾ ਟਰਾਂਸਪੋਰਟੇਸ਼ਨ, ਸਟੋਰੇਜ ਆਦਿ ਦੀ ਲਾਗਤ ਨੂੰ ਵੇਖਦਿਆਂ ਮੁੱਲ ’ਚ 15 ਰੁਪਏ ਦਾ ਮਾਰਜਨ ਰੱਖਦੇ ਹਨ ਪਰ 100 ਫ਼ੀਸਦੀ ਦਾ ਮਾਰਜਨ ਗਾਹਕਾਂ ਦੀ ਜੇਬ ’ਤੇ ਅਸਰ ਪਾ ਰਿਹਾ ਹੈ। ਕਈ ਟਰੇਡਰਸ ਇਸ ਦੀ ਵਜ੍ਹਾ ਨਹੀਂ ਦੱਸ ਸਕੇ ਹਨ। ਦਿੱਲੀ ਨੂੰ ਸਭ ਤੋਂ ਜ਼ਿਆਦਾ ਪਿਆਜ਼ ਦੀ ਸਪਲਾਈ ਨਾਸਿਕ ਤੋਂ ਹੁੰਦੀ ਹੈ। ਪਿਛਲੇ ਕੁਝ ਹਫਤਿਆਂ ’ਚ ਪਿਆਜ਼ ਦੀ ਔਸਤ ਥੋਕ ਕੀਮਤ ’ਚ ਕਾਫ਼ੀ ਕਮੀ ਆਈ ਹੈ। ਸ਼ੁੱਕਰਵਾਰ ਨੂੰ ਇਕ ਕੁਇੰਟਲ ਪਿਆਜ਼ 1600 ਰੁਪਏ ਸੀ, 31 ਜਨਵਰੀ 2019 ਨੂੰ ਇਹ 2600 ਰੁਪਏ ਸੀ। 18 ਦਸੰਬਰ ਨੂੰ ਮਹਾਰਾਸ਼ਟਰ ਦੀ ਲਾਸਲਗਾਂਵ ਮੰਡੀ ’ਚ ਔਸਤ ਥੋਕ ਭਾਅ ਆਲ ਟਾਈਮ ਹਾਈ ਯਾਨੀ 8625 ਰੁਪਏ ਪ੍ਰਤੀ ਕੁਇੰਟਲ ਸੀ। ਲਾਸਲਗਾਂਵ ਪਿਆਜ਼ ਦੀ ਸਭ ਤੋਂ ਵੱਡੀ ਪਿਆਜ਼ ਮੰਡੀ ਹੈ। ਇਸ ਹਿਸਾਬ ਨਾਲ ਵੇਖੀਏ ਤਾਂ 16 ਦਸੰਬਰ ਤੋਂ ਬਾਅਦ ਪਿਆਜ਼ ਦੇ ਥੋਕ ਭਾਅ ’ਚ 81 ਫ਼ੀਸਦੀ ਦੀ ਗਿਰਾਵਟ ਦਰਜ ਹੋ ਚੁੱਕੀ ਹੈ।

20 ਜਨਵਰੀ ਨੂੰ ਇਕ ਕੁਇੰਟਲ ਪਿਆਜ਼ ਦਾ ਥੋਕ ਭਾਅ 4100 ਰੁਪਏ ਸੀ। ਯਾਨੀ 20 ਜਨਵਰੀ ਤੋਂ ਹੁਣ ਤੱਕ ਇਸ ’ਚ 64 ਫ਼ੀਸਦੀ ਦੀ ਗਿਰਾਵਟ ਆ ਚੁੱਕੀ ਹੈ ਪਰ ਰਿਟੇਲ ’ਚ ਪਿਆਜ਼ ਓਨਾ ਸਸਤਾ ਨਹੀਂ ਹੋਇਆ ਹੈ। ਦਸੰਬਰ ਅੱਧ ਤੋਂ ਜਨਵਰੀ ਅੱਧ ਤੱਕ ਪਿਆਜ਼ ਦੇ ਥੋਕ ਭਾਅ 100 ਤੋਂ 60 ਰੁਪਏ ਦੇ ਵਿਚਾਲੇ ਰਹੇ ਪਰ ਪ੍ਰਚੂਨ ਗਾਹਕਾਂ ਨੂੰ ਇਹ 80 ਤੋਂ 120 ਰੁਪਏ ਕਿਲੋ ਦੇ ਭਾਅ ’ਤੇ ਮਿਲਦਾ ਰਿਹਾ।

ਨਵੀਂ ਦਿੱਲੀ ਦੇ ਮਾਤਾ ਸੁੰਦਰੀ ਕਾਲਜ ਕੋਲ ਪਿਆਜ਼ ਸਟਾਲ ’ਤੇ ਇਹ 50 ਰੁਪਏ ਕਿਲੋ ਦੇ ਭਾਅ ਵਿਕ ਰਿਹਾ ਸੀ। ਇਸੇ ਤਰ੍ਹਾਂ ਦਿੱਲੀ ਦੇ ਸਮਸਪੁਰ ’ਚ ਇਹ 55 ਤੋਂ 60 ਰੁਪਏ ਦੇ ਮੁੱਲ ’ਤੇ ਵੇਚਿਆ ਜਾ ਰਿਹਾ ਸੀ। ਇਕ ਦੁਕਾਨਦਾਰ ਨੇ ਕਿਹਾ ਕਿ ਪਿਆਜ਼ ਦੇ ਮੁੱਲ ਘਟ ਰਹੇ ਹਨ ਅਤੇ ਇਕ ਮਹੀਨੇ ’ਚ ਭਾਅ 30 ਤੋਂ 40 ਰੁਪਏ ਘੱਟ ਹੋ ਗਏ ਹਨ। ਸਾਊਥ ਦਿੱਲੀ ਦੇ ਬਸੰਤ ਕੁੰਜ ਇਲਾਕੇ ’ਚ ਪਿਆਜ਼ 50 ਰੁਪਏ ਦੇ ਭਾਅ ਵਿਕ ਰਿਹਾ ਸੀ।

ਆਜ਼ਾਦਪੁਰ ਮੰਡੀ ਦੇ ਪਿਆਜ਼ ਟ੍ਰੇਡਰਸ ਐਸੋਸੀਏਸ਼ਨ ਦੇ ਸਕੱਤਰ ਸ਼੍ਰੀਕਾਂਤ ਮਿਸ਼ਰਾ ਕਹਿੰਦੇ ਹਨ ਕਿ ਉਹ ਥੋਕ ਅਤੇ ਪ੍ਰਚੂਨ ਭਾਅ ’ਚ ਵੱਡੇ ਫਰਕ ਤੋਂ ਹੈਰਾਨ ਹਨ। ਉਨ੍ਹਾਂ ਕਿਹਾ ਕਿ ਪਿਆਜ਼ ਦੀ ਸਪਲਾਈ ਘੱਟ ਨਹੀਂ ਹੈ ਪਰ ਰਿਟੇਲ ਮੁੱਲ ਕਾਫ਼ੀ ਜ਼ਿਆਦਾ ਹੈ। ਓਧਰ ਲਾਸਲਗਾਂਵ ਏ. ਪੀ. ਐੱਮ. ਸੀ. ਦੇ ਅਧਿਕਾਰੀਆਂ ਨੇ ਕਿਹਾ ਕਿ ਦੇਸ਼ ’ਚ ਜਿੱਥੇ ਵੀ ਪਿਆਜ਼ ਦਾ ਉਤਪਾਦਨ ਹੁੰਦਾ ਹੈ, ਪਿਛਲੇ ਮਹੀਨੇ ਜ਼ਿਆਦਾ ਹੀ ਹੋਇਆ ਹੈ ਪਰ ਮੰਗ ’ਚ ਕੋਈ ਬਦਲਾਅ ਨਹੀਂ ਆਇਆ। ਅਜਿਹੇ ’ਚ ਥੋਕ ਮੁੱਲ ’ਚ ਕਮੀ ਆਈ ਹੈ। ਇਸ ਮੰਡੀ ਦੀ ਚੇਅਰਪਰਸਨ ਸੁਵਰਨਾ ਜਗਤਾਪ ਨੇ ਕਿਹਾ ਕਿ ਸਰਕਾਰ ਨੂੰ ਪਿਆਜ਼ ਵਪਾਰੀਆਂ ’ਤੋਂ ਰੋਕ ਹਟਾਉਣੀ ਚਾਹੀਦੀ ਹੈ ਭਾਵੇਂ ਉਹ ਥੋਕ ਵਿਕਰੇਤਾ ਹੋਣ ਜਾਂ ਪ੍ਰਚੂਨ।


Related News