ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੇ ਵਧਾਈ ਚਿੰਤਾ, 100-110 ਰੁਪਏ ਪ੍ਰਤੀ ਕਿਲੋ ਤੱਕ ਪਹੁੰਚਿਆ ਭਾਅ
Wednesday, Dec 04, 2024 - 09:54 PM (IST)
ਨਵੀਂ ਦਿੱਲੀ- ਪਿਛਲੇ ਕੁਝ ਹਫਤਿਆਂ ਤੋਂ ਪਿਆਜ਼ ਦੀਆਂ ਕੀਮਤਾਂ ’ਚ ਲਗਾਤਾਰ ਤੇਜ਼ੀ ਨੇ ਆਮ ਜਨਤਾ ਅਤੇ ਸਰਕਾਰ ਦੋਵਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਚੇਨਈ ਵਰਗੇ ਸ਼ਹਿਰਾਂ ’ਚ ਪਿਆਜ਼ 100 ਤੋਂ 110 ਰੁਪਏ ਪ੍ਰਤੀ ਕਿਲੋ ਤੱਕ ਵਿਕ ਰਿਹਾ ਹੈ ਜਦਕਿ ਰਾਸ਼ਟਰੀ ਪੱਧਰ ’ਤੇ ਔਸਤਨ ਇਸ ਦੀ ਕੀਮਤ 70-80 ਰੁਪਏ ਪ੍ਰਤੀ ਕਿਲੋ ਹੈ।
ਨੋਇਡਾ ਦੀ ਗੱਲ ਕਰੀਏ ਤਾਂ ਇਥੇ ਪਿਆਜ਼ 70 ਤੋਂ 75 ਰੁਪਏ ਕਿਲੋ ਵਿਕ ਰਿਹਾ ਹੈ। ਹਾਲਾਂਕਿ ਕੇਂਦਰ ਸਰਕਾਰ ਵੱਲੋਂ ਸਰਕਾਰੀ ਦੁਕਾਨਾਂ ’ਤੇ 35 ਰੁਪਏ ਪ੍ਰਤੀ ਕਿਲੋ ਪਿਆਜ਼ ਵੇਚਣ ਅਤੇ ਸਪੈਸ਼ਲ ਟ੍ਰੇਨਾਂ ਰਾਹੀਂ ਪਿਆਜ਼ ਦੀ ਸਪਲਾਈ ਵਧਾਉਣ ਵਰਗੇ ਕਦਮ ਚੁੱਕੇ ਗਏ ਹਨ ਪਰ ਇਸ ਦੇ ਬਾਵਜੂਦ ਰਿਟੇਲ ਕੀਮਤਾਂ ’ਤੇ ਕੋਈ ਖਾਸ ਅਸਰ ਨਹੀਂ ਦਿਸ ਰਿਹਾ ਹੈ।
ਪਿਆਜ਼ ਦੀ ਖੇਤੀ ਅਤੇ ਉਤਪਾਦਨ
ਭਾਰਤ ’ਚ ਪਿਆਜ਼ ਦੀ ਖੇਤੀ ਲੱਗਭਗ ਸਾਰੇ ਸੂਬਿਆਂ ’ਚ ਹੁੰਦੀ ਹੈ। ਇਸ ਨੂੰ ਰਬੀ ਅਤੇ ਖਰੀਫ ਸੀਜ਼ਨ ’ਚ ਉਗਾਇਆ ਜਾਂਦਾ ਹੈ। 2023-24 ’ਚ ਦੇਸ਼ ’ਚ ਕੁੱਲ 242 ਲੱਖ ਟਨ ਪਿਆਜ਼ ਦਾ ਉਤਪਾਦਨ ਹੋਇਆ। ਮਹਾਰਾਸ਼ਟਰ ਦੇਸ਼ ਦਾ ਸਭ ਤੋਂ ਵੱਡਾ ਪਿਆਜ਼ ਉਤਪਾਦਕ ਸੂਬਾ ਹੈ ਅਤੇ ਇਥੋਂ ਦੇ ਨਾਸਿਕ ਜ਼ਿਲੇ ਦਾ ਲਾਸਲਗਾਓਂ ਏਸ਼ੀਆ ਦੀ ਸਭ ਤੋਂ ਵੱਡੀ ਪਿਆਜ਼ ਮੰਡੀ ਹੈ। ਮਹਾਰਾਸ਼ਟਰ ਇਕੱਲੇ ਭਾਰਤ ਦਾ 43 ਪ੍ਰਤੀਸ਼ਤ ਪਿਆਜ਼ ਉਤਪਾਦਨ ਕਰਦਾ ਹੈ, ਜਦਕਿ ਕਰਨਾਟਕ ਅਤੇ ਗੁਜਰਾਤ ਦੂਜੇ ਅਤੇ ਤੀਜੇ ਨੰਬਰ ’ਤੇ ਹਨ।
ਕਿਉਂ ਵਧ ਰਹੀਆਂ ਹਨ ਪਿਆਜ਼ ਦੀਆਂ ਕੀਮਤਾਂ
ਇਸ ਸਾਲ ਪਿਆਜ਼ ਦੀਆਂ ਕੀਮਤਾਂ ’ਚ ਤੇਜ਼ੀ ਦੇ ਪਿੱਛੇ ਕਈ ਕਾਰਨ ਹਨ ਜਿਵੇਂ ਮੀਂਹ ਦਾ ਅਸਰ। ਖਰੀਫ ਸੀਜ਼ਨ ’ਚ ਜ਼ਿਆਦਾ ਮੀਂਹ ਦੇ ਕਾਰਨ ਫਸਲਾਂ ਨੂੰ ਨੁਕਸਾਨ ਹੋਇਆ। ਇਸ ਦੇ ਕਾਰਨ ਪਿਆਜ਼ ਦੀ ਵਾਢੀ ’ਚ ਦੇਰੀ ਹੋਈ ਅਤੇ ਮੰਡੀਆਂ ’ਚ ਸਪਲਾਈ ਪ੍ਰਭਾਵਿਤ ਹੋਈ।
ਇਸ ਤੋਂ ਇਲਾਵਾ ਉਤਪਾਦਨ ’ਚ ਕਮੀ ਵੀ ਇਸ ਦੇ ਪਿੱਛੇ ਦਾ ਇਕ ਕਾਰਨ ਹੈ। 2023-24 ’ਚ ਉਤਪਾਦਨ ’ਚ ਗਿਰਾਵਟ ਦੇ ਕਾਰਨ ਮੰਗ ਅਤੇ ਸਪਲਾਈ ਵਿਚਾਲੇ ਫਰਕ ਵਧ ਗਿਆ ਅਤੇ ਵਧਦੀ ਮੰਗ ਦੇ ਕਾਰਨ ਵੀ ਪਿਆਜ਼ ਮਹਿੰਗਾ ਹੋਇਆ ਹੈ।
ਐਕਸਪੋਰਟ ਅਤੇ ਗਲੋਬਲ ਭੂਮਿਕਾ
ਭਾਰਤ ਪਿਆਜ਼ ਦਾ ਦੁਨੀਆ ਦਾ ਸਭ ਤੋਂ ਵੱਡਾ ਐਕਸਪੋਰਟਰ ਹੈ। 2022-23 ’ਚ ਭਾਰਤ ਨੇ 2.5 ਮਿਲੀਅਨ ਟਨ ਪਿਆਜ਼ ਦਾ ਐਕਸਪੋਰਟ ਕੀਤਾ ਸੀ, ਜਿਸ ਨਾਲ 4,525.91 ਕਰੋੜ ਰੁਪਏ ਦੀ ਕਮਾਈ ਹੋਈ। ਹਾਲਾਂਕਿ ਵਧਦੀਆਂ ਘਰੇਲੂ ਕੀਮਤਾਂ ਨੂੰ ਕਾਬੂ ਕਰਨ ਲਈ ਸਰਕਾਰ ਨੇ ਹਾਲ ਹੀ ’ਚ ਪਿਆਜ਼ ਦੇ ਐਕਸਪੋਰਟ ’ਤੇ ਰੋਕ ਲਗਾਉਣ ਵਰਗੇ ਕਦਮ ਚੁੱਕੇ ਹਨ।
ਇਸ ਤੋਂ ਇਲਾਵਾ ਮਹਿੰਗਾਈ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਪਿਆਜ਼ ਦੀ ਸਟਾਕ ਲਿਮਟ ਅਤੇ ਸਪਲਾਈ ਵਧਾਉਣ ਵਰਗੇ ਕਦਮ ਚੁੱਕ ਰਹੀ ਹੈ। ਹਾਲਾਂਕਿ ਐਕਸਪਰਟਸ ਦਾ ਕਹਿਣਾ ਹੈ ਕਿ ਕੀਮਤਾਂ ’ਚ ਸਥਿਰਤਾ ਲਿਆਉਣ ਲਈ ਉਤਪਾਦਨ ਅਤੇ ਸਪਲਾਈ ਲੜੀ ’ਚ ਸੁਧਾਰ ਕਰਨਾ ਵੀ ਜ਼ਰੂਰੀ ਹੈ।