ਸ਼ੁੱਕਰਵਾਰ ਨੂੰ ਡਾਓ ਜੋਂਸ 572 ਅੰਕ ਡਿੱਗ ਕੇ ਹੋਇਆ ਬੰਦ
Monday, Apr 09, 2018 - 09:43 AM (IST)

ਵਾਸ਼ਿੰਗਟਨ— ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰ ਭਾਰੀ ਗਿਰਾਵਟ ਨਾਲ ਬੰਦ ਹੋਏ। ਟਰੰਪ ਵੱਲੋਂ ਚੀਨੀ ਇੰਪੋਰਟ 'ਤੇ 100 ਅਰਬ ਡਾਲਰ ਦਾ ਟੈਕਸ ਲਾਉਣ ਦੇ ਪ੍ਰਸਤਾਵ ਨਾਲ ਗਲੋਬਲ ਫਾਈਨਾਂਸ਼ਲ ਬਾਜ਼ਾਰਾਂ 'ਚ ਘਬਰਾਹਟ ਦੇਖਣ ਨੂੰ ਮਿਲੀ। ਚੀਨ ਨੇ ਵੀ ਨਾਲ ਲੱਗਦੇ ਹੀ ਅਮਰੀਕਾ ਨੂੰ ਚਿਤਾਵਨੀ ਦਿੱਤੀ ਕਿ ਉਹ ਇਸ ਦਾ ਜਵਾਬ ਅਮਰੀਕਾ ਵੱਲੋਂ ਚੀਨੀ ਸਾਮਾਨਾਂ ਦੀ ਲਿਸਟ ਜਾਰੀ ਹੁੰਦੇ ਹੀ ਦੇ ਦੇਵੇਗਾ। ਦੁਨੀਆ ਦੀਆਂ ਦੋ ਸਭ ਤੋਂ ਸ਼ਕਤੀਸ਼ਾਲੀ ਅਰਥਵਿਵਸਥਾਵਾਂ ਵਿਚਕਾਰ ਜਾਰੀ ਇਸ ਵਪਾਰ ਜੰਗ (ਟਰੇਡ ਵਾਰ) ਨੇ ਨਿਵੇਸ਼ਕਾਂ ਦੀ ਚਿੰਤਾ ਹੋਰ ਵਧਾ ਦਿੱਤੀ। ਇਸ ਵਿਚਕਾਰ ਅਮਰੀਕੀ ਫੈਡਰਲ ਬੈਂਕ ਦੇ ਮੁਖੀ ਜੇਰੋਮ ਪਾਵੇਲ ਦੇ ਬਿਆਨ ਨਾਲ ਵੀ ਬਾਜ਼ਾਰ 'ਚ ਗਿਰਾਵਟ ਵਧੀ।
ਡਾਓ ਜੋਂਸ 572.46 ਅੰਕ ਦਾ ਡਿੱਗ ਕੇ 23,932.76 'ਤੇ ਬੰਦ ਹੋਇਆ। ਇਸ 'ਚ ਬੋਇੰਗ ਅਤੇ ਕੈਟਰਪਿਲਰ 'ਚ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ। ਚੀਨ ਅਤੇ ਅਮਰੀਕਾ ਵਿਚਕਾਰ ਜਾਰੀ ਵਪਾਰ ਜੰਗ ਨਾਲ ਬੋਇੰਗ ਅਤੇ ਕੈਟਰਪਿਲਰ ਦੇ ਲਪੇਟੇ 'ਚ ਆਉਣ ਦੀ ਸੰਭਾਵਨਾ ਕਾਰਨ ਇਨ੍ਹਾਂ ਦੇ ਸਟਾਕ 'ਚ 3 ਫੀਸਦੀ ਤੋਂ ਵਧ ਦੀ ਗਿਰਾਵਟ ਦੇਖਣ ਨੂੰ ਮਿਲੀ। ਨਿਵੇਸ਼ਕਾਂ ਨੂੰ ਲੱਗਦਾ ਹੈ ਕਿ ਚੀਨ ਇਨ੍ਹਾਂ ਦੋਹਾਂ ਅਮਰੀਕੀ ਕੰਪਨੀਆਂ 'ਤੇ ਜਵਾਬੀ ਕਾਰਵਾਈ ਕਰ ਸਕਦਾ ਹੈ।
ਉੱਥੇ ਹੀ ਇੰਡਸਟਰੀ ਸੈਕਟਰ ਦੇ ਖਰਾਬ ਪ੍ਰਦਰਸ਼ਨ ਨਾਲ ਐੱਸ. ਐਂਡ. ਪੀ. 58.37 ਅੰਕ ਯਾਨੀ 2.2 ਫੀਸਦੀ ਡਿੱਗ ਕੇ 2,604.47 'ਤੇ ਬੰਦ ਹੋਇਆ। ਇਸ ਦੇ ਇਲਾਵਾ ਨੈਸਡੈਕ ਕੰਪੋਜਿਟ 2.3 ਫੀਸਦੀ ਦੀ ਗਿਰਾਵਟ ਨਾਲ 6,915.11 ਦੇ ਪੱਧਰ 'ਤੇ ਬੰਦ ਹੋਇਆ। ਫੈਡਰਲ ਚੀਫ ਦੇ ਬਿਆਨ ਨਾਲ ਕਾਰੋਬਾਰ ਦੇ ਆਖਰੀ ਦੋ ਘੰਟਿਆਂ 'ਚ ਬਾਜ਼ਾਰ 'ਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਫੈਡਰਲ ਚੀਫ ਨੇ ਸੰਕੇਤ ਦਿੱਤਾ ਕਿ ਕੇਂਦਰੀ ਬੈਂਕ ਇਸ ਸਾਲ ਵਿਆਜ ਦਰਾਂ ਵਧਾਉਣਾ ਜਾਰੀ ਰੱਖੇਗਾ। ਇਸ ਦੌਰਾਨ ਡਾਓ ਜੋਂਸ 'ਚ 767.02 ਅੰਕ ਦੀ ਗਿਰਾਵਟ ਦੇਖਣ ਨੂੰ ਮਿਲੀ।