ਪੁਰਾਣੀ ਪੈਨਸ਼ਨ ਹੁਣ ਸੰਭਵ ਨਹੀਂ : ਵਿੱਤ ਸਕੱਤਰ ਸੋਮਨਾਥਨ
Saturday, Jul 27, 2024 - 03:56 AM (IST)
ਨਵੀਂ ਦਿੱਲੀ (ਭਾਸ਼ਾ) - ਵਿੱਤ ਸਕੱਤਰ ਟੀ. ਵੀ. ਸੋਮਨਾਥਨ ਨੇ ਕਿਹਾ ਹੈ ਕਿ ਪੁਰਾਣੀ ਪੈਨਸ਼ਨ ਪ੍ਰਣਾਲੀ ਹੁਣ ਵਿੱਤੀ ਤੌਰ ’ਤੇ ਸੰਭਵ ਨਹੀਂ ਹੈ ਅਤੇ ਇਸ ਨੂੰ ਲਾਗੂ ਕਰਨਾ ਦੇਸ਼ ਦੇ ਉਨ੍ਹਾਂ ਨਾਗਰਿਕਾਂ ਲਈ ਨੁਕਸਾਨਦੇਹ ਹੋਵੇਗਾ, ਜੋ ਸਰਕਾਰੀ ਨੌਕਰੀਆਂ ਵਿਚ ਨਹੀਂ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਐੱਨ. ਪੀ. ਐੱਸ. (ਨਵੀਂ ਪੈਨਸ਼ਨ ਪ੍ਰਣਾਲੀ) ਬਾਰੇ ਕਰਮਚਾਰੀ ਸੰਗਠਨਾਂ ਅਤੇ ਰਾਜ ਸਰਕਾਰਾਂ ਵਿਚਾਲੇ ਕੁਝ ਸਾਰਥਕ ਗੱਲਬਾਤ ਹੋਈ ਹੈ। ਸੋਮਨਾਥਨ ਨੇ ਕਿਹਾ ਕਿ ਦੇਸ਼ ਵਿਚ ਨੌਜਵਾਨਾਂ ਨੂੰ ਰੋਜ਼ਗਾਰ ਦੇ ਯੋਗ ਬਣਾਉਣ ਦੇ ਮਕਸਦ ਨਾਲ ਉਨ੍ਹਾਂ ਨੂੰ ਕੰਪਨੀਆਂ ਵਿਚ ਸਿਖਲਾਈ ਦੀਆਂ ਸਹੂਲਤਾਂ ਪ੍ਰਦਾਨ ਕਰਨ ਤੋਂ ਇਲਾਵਾ 1,000 ਉਦਯੋਗਿਕ ਸਿਖਲਾਈ ਸੰਸਥਾਵਾਂ (ਆਈ. ਟੀ. ਆਈ.) ਦਾ ਆਧੁਨਿਕੀਕਰਨ ਵੀ ਕੀਤਾ ਜਾਵੇਗਾ।
ਸੋਮਨਾਥਨ ਨੇ ਕਿਹਾ ਕਿ ਐੱਨ. ਪੀ. ਐੱਸ. ’ਤੇ ਬਣੀ ਕਮੇਟੀ ਦਾ ਕੰਮ ਅਜੇ ਪੂਰਾ ਨਹੀਂ ਹੋਇਆ ਹੈ। ਅਸੀਂ ਇਸ ਬਾਰੇ ਕਰਮਚਾਰੀ ਸੰਗਠਨਾਂ ਅਤੇ ਸੂਬਾ ਸਰਕਾਰਾਂ ਨਾਲ ਗੱਲ ਕੀਤੀ ਹੈ। ਇਸ ਵਿਚ ਕੁਝ ਤਰੱਕੀ ਹੋਈ ਹੈ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਦੀਆਂ ਕੁਝ ਚਿੰਤਾਵਾਂ ਹਨ। ਪਹਿਲਾਂ, ਉਨ੍ਹਾਂ ਦਾ ਕਹਿਣਾ ਹੈ ਕਿ ਇਹ ਇਕ ਨਵੀਂ ਯੋਜਨਾ ਹੈ। ਐੱਨ. ਪੀ. ਐੱਸ. ਸ਼ੇਅਰ ਬਾਜ਼ਾਰ ਨਾਲ ਜੁੜਿਆ ਹੋਇਆ ਹੈ, ਅਸੀਂ ਉਤਾਰ-ਚੜ੍ਹਾਅ ਨਹੀਂ ਚਾਹੁੰਦੇ।