ਇਕ ਰੁਪਏ ਦੇ ਨੋਟ ਨੂੰ ਹੋਏ 100 ਸਾਲ, ਇੰਝ ਹੋਈ ਸੀ ਇਸ ਛੋਟੇ ਤੇ ਮਹੱਤਵਪੂਰਣ ਨੋਟ ਦੀ ਸ਼ੁਰੂਆਤ

11/30/2017 10:35:37 AM

ਮੁੰਬਈ— ਵਿਆਹਾਂ-ਸ਼ਾਦੀਆਂ ਜਾਂ ਕਿਸੇ ਹੋਰ ਮੌਕੇ 'ਤੇ ਇਕ ਰੁਪਿਆ ਨਾਲ ਲਾਉਣ ਦਾ ਰਿਵਾਜ ਤਾਂ ਆਮ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਇਕ ਰੁਪਏ ਦੇ ਨੋਟ ਦੀ ਸ਼ੁਰੂਆਤ ਕਦੋਂ ਹੋਈ ਸੀ। 30 ਨਵੰਬਰ 2017 ਨੂੰ ਇਕ ਰੁਪਏ ਦਾ ਨੋਟ 100 ਸਾਲ ਦਾ ਹੋ ਚੁੱਕਾ ਹੈ ਅਤੇ ਇਸ ਦੀ ਸ਼ੁਰੂਆਤ ਦਾ ਇਤਿਹਾਸ ਵੀ ਬੜਾ ਦਿਲਚਸਪ ਹੈ। ਇਕ ਸ਼ਤਾਬਦੀ 'ਚ ਬਹੁਤ ਕੁਝ ਬਦਲ ਚੁੱਕਾ ਹੈ ਪਰ ਇਕ ਰੁਪਏ ਦੇ ਨੋਟ ਦੀ ਛਾਪ ਅੱਜ ਵੀ ਵੱਖਰੀ ਹੈ।

PunjabKesari
ਸ਼ੁਰੂ 'ਚ ਇਹ ਨੋਟ ਇੰਗਲੈਂਡ 'ਚ ਛਾਪੇ ਗਏ ਸਨ ਅਤੇ ਇਨ੍ਹਾਂ 'ਤੇ ਰਾਜਾ ਜਾਰਜ ਦੀ ਤਸਵੀਰ ਖੱਬੇ ਕੋਨੇ 'ਤੇ ਛਪੀ ਸੀ। ਜਦੋਂ ਇਹ ਨੋਟ ਛਾਪੇ ਗਏ ਸਨ ਉਦੋਂ ਦੌਰ ਸੀ ਪਹਿਲੇ ਵਿਸ਼ਵ ਯੁੱਧ ਦਾ ਅਤੇ ਦੇਸ਼ 'ਚ ਹਕੂਮਤ ਸੀ ਅੰਗਰੇਜ਼ਾਂ ਦੀ। ਇਸ ਤੋਂ ਪਹਿਲਾਂ ਇਕ ਰੁਪਏ ਦਾ ਸਿੱਕਾ ਚੱਲ ਰਿਹਾ ਸੀ, ਜੋ ਚਾਂਦੀ ਦਾ ਹੋਇਆ ਕਰਦਾ ਸੀ ਪਰ ਯੁੱਧ ਦੇ ਮੱਦੇਨਜ਼ਰ ਸਰਕਾਰ ਚਾਂਦੀ ਦਾ ਸਿੱਕਾ ਢਾਲਣ 'ਚ ਅਸਮਰੱਥ ਹੋ ਗਈ। ਫਿਰ ਠੀਕ ਸੌ ਸਾਲ ਪਹਿਲਾਂ 30 ਨਵੰਬਰ 1917 ਨੂੰ ਇਕ ਰੁਪਏ ਦਾ ਨੋਟ ਸਾਹਮਣੇ ਆਇਆ, ਜਿਸ 'ਤੇ ਰਾਜਾ ਜਾਰਜ ਪੰਜਵੇ ਦੀ ਤਸਵੀਰ ਛਪੀ ਸੀ। ਇਸ ਇਕ ਰੁਪਏ ਦੇ ਨੋਟ ਨੇ ਚਾਂਦੀ ਦੇ ਸਿੱਕੇ ਦੀ ਜਗ੍ਹਾ ਲਈ।
PunjabKesari
ਦਿਲਚਸਪ ਇਹ ਹੈ ਕਿ ਵੰਡ ਤੋਂ ਬਾਅਦ ਵੀ ਕਈ ਸਾਲਾਂ ਤਕ ਪਾਕਿਸਤਾਨ 'ਚ ਵੀ ਇਕ ਰੁਪਏ ਦਾ ਨੋਟ ਚੱਲਦਾ ਰਿਹਾ। ਆਜ਼ਾਦੀ ਤੋਂ ਬਾਅਦ ਭਾਰਤੀ ਨੋਟਾਂ 'ਚ ਇਸ ਰਾਜੇ ਦੀ ਜਗ੍ਹਾ ਭਾਰਤ ਦੇ ਰਾਸ਼ਟਰੀ ਚਿੰਨ੍ਹ ਤਿੰਨ ਸ਼ੇਰ ਅਤੇ ਅਸ਼ੋਕ ਚੱਕਰ ਨੂੰ ਦਿੱਤੀ ਗਈ। ਜਦੋਂ ਭਾਰਤ ਸਰਕਾਰ ਨੇ ਆਪਣੀ ਕਰੰਸੀ ਦਾ ਮੁੱਲ ਘੱਟ ਕੀਤਾ ਤਾਂ ਲੈਣ-ਦੇਣ 'ਚ ਇਕ ਰੁਪਏ ਦੇ ਨੋਟ ਦੀ ਅਹਿਮੀਅਤ ਘੱਟ ਹੋਈ ਪਰ ਇਕ ਰੁਪਏ ਦੇ ਨੋਟਾਂ ਦੀ ਲੋੜ ਭਾਰਤ 'ਚ ਵਧੀ ਹੀ ਹੈ।


ਭਾਰਤੀ ਰਿਜ਼ਰਵ ਬੈਂਕ ਦੀ ਵੈੱਬਸਾਈਟ ਮੁਤਾਬਕ, ਇਸ ਨੋਟ ਦੀ ਛਪਾਈ ਨੂੰ ਪਹਿਲੀ ਵਾਰ 1926 'ਚ ਬੰਦ ਕੀਤਾ ਗਿਆ ਕਿਉਂਕਿ ਲਾਗਤ ਜ਼ਿਆਦਾ ਸੀ। ਇਸ ਤੋਂ ਬਾਅਦ 1940 'ਚ ਫਿਰ ਛਾਪਣਾ ਸ਼ੁਰੂ ਕਰ ਦਿੱਤਾ ਗਿਆ ਅਤੇ ਇਹ ਸਿਲਸਿਲਾ 1994 ਤਕ ਜਾਰੀ ਰਿਹਾ। ਬਾਅਦ 'ਚ ਇਸ ਨੋਟ ਦੀ ਛਪਾਈ 2015 'ਚ ਫਿਰ ਸ਼ੁਰੂ ਕੀਤੀ ਗਈ। ਇਸ ਨੋਟ ਦੀ ਖਾਸ ਗੱਲ ਇਹ ਹੈ ਕਿ ਇਸ ਨੂੰ ਹੋਰ ਭਾਰਤੀ ਨੋਟਾਂ ਦੀ ਤਰ੍ਹਾਂ ਰਿਜ਼ਰਵ ਬੈਂਕ ਜਾਰੀ ਨਹੀਂ ਕਰਦਾ ਸਗੋਂ ਭਾਰਤ ਸਰਕਾਰ ਹੀ ਇਸ ਦੀ ਛਪਾਈ ਕਰਦੀ ਹੈ। ਇਸ 'ਤੇ ਰਿਜ਼ਰਵ ਬੈਂਕ ਦੇ ਗਵਰਨਰ ਦੇ ਦਸਤਖਤ ਨਹੀਂ ਹੁੰਦੇ ਸਗੋਂ ਦੇਸ਼ ਦੇ ਵਿੱਤ ਸਕੱਤਰ ਦੇ ਦਸਤਖਤ ਹੁੰਦੇ ਹਨ।

PunjabKesari


Related News