ਇਲੈਕਟ੍ਰਿਕ ਸਕੂਟਰਾਂ ’ਚ ਅੱਗ ਲੱਗਣ ਦੀਆਂ ਘਟਨਾਵਾਂ ਕਾਰਨ ਓਲਾ ਨੂੰ ਝਟਕਾ!, ਘਟੀ ਰਜਿਸਟ੍ਰੇਸ਼ਨ
Sunday, Jul 03, 2022 - 10:24 AM (IST)
ਨਵੀਂ ਦਿੱਲੀ (ਇੰਟ.) – ਇਲੈਕਟ੍ਰਿਕ ਦੋ-ਪਹੀਆ ਵਾਹਨ ਨਿਰਮਾਤਾ ਓਲਾ ਇਲੈਕਟ੍ਰਿਕ ਜਿੰਨੀ ਛੇਤੀ ਸਿਖਰ ’ਤੇ ਪਹੁੰਚ ਗਈ ਸੀ, ਓਨੀ ਹੀ ਛੇਤੀ ਹੇਠਾਂ ਵੀ ਆ ਗਈ ਹੈ। ਕੰਪਨੀ ਦੀ ਰਜਿਸਟ੍ਰੇਸ਼ਨ ਡਿਗ ਕੇ ਪਹਿਲੇ ਸਥਾਨ ਤੋਂ ਚੌਥੇ ਸਥਾਨ ’ਤੇ ਪਹੁੰਚ ਗਈ ਹੈ। ਕੰਪਨੀ ਮੁਤਾਬਕ ਸਪਲਾਈ ਚੇਨ ’ਤੇ ਅਸਰ ਪੈਣ ਕਾਰਨ ਰਜਿਸਟ੍ਰੇਸ਼ਨ ’ਤੇ ਵੀ ਅਸਰ ਪਿਆ ਹੈ ਅਤੇ ਇਹ ਗਿਰਾਵਟ ਜੂਨ ਦੇ ਮਹੀਨੇ ’ਚ ਵਿਕਰੀ ਦੀ ਕਿੱਲਤ ਕਾਰਨ ਦਰਜ ਹੋਈ ਹੈ। ਉੱਥੇ ਹੀ ਜੂਨ ਦੌਰਾਨ ਕੁੱਲ ਈ. ਵੀ. ਰਜਿਸਟ੍ਰੇਸ਼ਨ ’ਚ ਬੜ੍ਹਤ ਦੇਖਣ ਨੂੰ ਮਿਲੀ ਹੈ।
ਵਾਹਨ ਡੈਸ਼ਬੋਰਡ ਮੁਤਾਬਕ ਓਲਾ ਇਲੈਕਟ੍ਰਿਕ ਦੀ ਜੂਨ ’ਚ ਰਜਿਸਟ੍ਰੇਸ਼ਨ ਮਈ ਦੇ ਮੁਕਾਬਲੇ 36.5 ਫੀਸਦੀ ਦੀ ਗਿਰਾਵਟ ਨਾਲ 5,874 ’ਤੇ ਆ ਗਈ। ਇਹ ਗਿਣਤੀ ਅਪ੍ਰੈਲ ’ਚ ਦਰਜ ਹੋਈਆਂ 12,703 ਰਜਿਸਟ੍ਰੇਸ਼ਨ ਦੇ ਮੁਕਾਬਲੇ ਅੱਧੀ ਤੋਂ ਘੱਟ ਹੈ। ਉੱਥੇ ਹੀ ਓਕੀਨਾਵਾ ਨੇ 6,980 ਰਜਿਸਟ੍ਰੇਸ਼ਨਸ ਨਾਲ ਨੰਬਰ 1 ਸਥਾਨ ਹਾਸਲ ਕੀਤਾ ਹੈ। ਹਾਲਾਂਕਿ ਇਸ ਦੀ ਰਜਿਸਟ੍ਰੇਸ਼ਨ ’ਚ ਗਿਰਾਵਟ ਰਹੀ ਹੈ ਅਤੇ ਇਹ ਮਈ ਦੇ ਮੁਕਾਬਲੇ 25 ਫੀਸਦੀ ਅਤੇ ਅਪ੍ਰੈਲ ਦੇ ਮੁਕਾਬਲੇ 36 ਫੀਸਦੀ ਘੱਟ ਹੈ।
ਅੱਗ ਲੱਗਣ ਦੀਆਂ ਘਟਨਾਵਾਂ ਕਾਰਨ ਸੈਕਟਰ ’ਤੇ ਦਬਾਅ
ਈ. ਵੀ. ਸੈਕਟਰ ’ਚ ਤੇਜ਼ੀ ਦਰਮਿਆਨ ਵਾਹਨਾਂ ’ਚ ਅੱਗ ਲੱਗਣ ਦੀਆਂ ਘਟਨਾਵਾਂ ਕਾਰਨ ਸੈਕਟਰ ’ਤੇ ਕਾਫੀ ਦਬਾਅ ਪਿਆ ਹੈ। ਸਰਕਾਰ ਈ. ਵੀ. ਨੂੰ ਲਗਾਤਾਰ ਬੜ੍ਹਾਵਾ ਦੇ ਰਹੀ ਹੈ, ਜਿਸ ਨਾਲ ਵਿਕਰੀ ’ਚ ਉਛਾਲ ਦਰਜ ਹੋਇਆ ਹੈ। ਹਾਲਾਂਕਿ ਅੱਗ ਲੱਗਣ ਦੀਆਂ ਘਟਨਾਵਾਂ ਕਾਰਨ ਲੋਕਾਂ ਦਰਮਿਆਨ ਈ. ਵੀ. ਨੂੰ ਲੈ ਕੇ ਖਦਸ਼ੇ ਵੀ ਵਧੇ ਹਨ। ਸਰਕਾਰ ਵੀ ਇਸ ਮਾਮਲੇ ’ਚ ਸਖਤ ਹੋ ਗਈ ਹੈ ਅਤੇ ਆਪਣੇ ਪੱਧਰ ’ਤੇ ਇਨ੍ਹਾਂ ਘਟਨਾਵਾਂ ਦੀ ਜਾਂਚ ਕਰਵਾ ਰਹੀ ਹੈ। ਸਰਕਾਰ ਨੇ ਸਪੱਸ਼ਟ ਿਕਹਾ ਹੈ ਕਿ ਜੇ ਕੰਪਨੀਆਂ ਇਨ੍ਹਾਂ ਘਟਨਾਵਾਂ ਲਈ ਦੋਸ਼ੀ ਪਾਈਆਂ ਜਾਂਦੀਆਂ ਹਨ ਤਾਂ ਉਨ੍ਹਾਂ ’ਤੇ ਸਖਤ ਕਾਰਵਾਈ ਕੀਤੀ ਜਾਵੇਗੀ।