AIR INDIA ਮੁਸਾਫਰਾਂ ਲਈ ਰਾਹਤ, ਇਨ੍ਹਾਂ Airports 'ਤੇ ਪ੍ਰੇਸ਼ਾਨੀ ਹੋਵੇਗੀ ਦੂਰ

Thursday, Sep 05, 2019 - 09:44 AM (IST)

AIR INDIA ਮੁਸਾਫਰਾਂ ਲਈ ਰਾਹਤ, ਇਨ੍ਹਾਂ Airports 'ਤੇ ਪ੍ਰੇਸ਼ਾਨੀ ਹੋਵੇਗੀ ਦੂਰ

ਨਵੀਂ ਦਿੱਲੀ—  ਸਰਕਾਰੀ ਜਹਾਜ਼ ਕੰਪਨੀ ਏਅਰ ਇੰਡੀਆ ਦੇ ਹਵਾਈ ਮੁਸਾਫਰਾਂ ਲਈ ਰਾਹਤ ਦੀ ਖਬਰ ਹੈ। ਇਕ ਉੱਚ ਸਰਕਾਰੀ ਅਧਿਕਾਰੀ ਮੁਤਾਬਕ, ਤੇਲ ਮਾਰਕੀਟਿੰਗ ਕੰਪਨੀਆਂ (ਓ. ਐੱਮ. ਸੀ.) ਵੱਲੋਂ 6 ਹਵਾਈ ਅੱਡਿਆਂ 'ਤੇ ਅਗਲੇ ਦੋ ਦਿਨਾਂ ਅੰਦਰ ਏਅਰ ਇੰਡੀਆ ਨੂੰ ਜੈੱਟ ਫਿਊਲ ਦੀ ਸਪਲਾਈ ਫਿਰ ਤੋਂ ਸ਼ੁਰੂ ਹੋ ਸਕਦੀ ਹੈ, ਜੋ ਪਿਛਲੇ ਬਕਾਏ ਨਾ ਚੁਕਾਉਣ ਕਾਰਨ ਰੋਕ ਦਿੱਤੀ ਗਈ ਸੀ।

 

ਤੇਲ ਮਾਰਕੀਟਿੰਗ ਕੰਪਨੀਆਂ ਨੇ ਪੁਣੇ, ਵਿਜਾਗ, ਕੋਚੀ, ਪਟਨਾ, ਰਾਂਚੀ ਅਤੇ ਮੋਹਾਲੀ 'ਚ 22 ਅਗਸਤ ਤੋਂ ਏਅਰ ਇੰਡੀਆ ਦੀਆਂ ਉਡਾਣਾਂ ਨੂੰ ਤੇਲ ਦੀ ਸਪਲਾਈ ਬੰਦ ਕਰ ਦਿੱਤੀ ਸੀ।ਜੈੱਟ ਫਿਊਲ ਨੂੰ ਲੈ ਕੇ ਸਰਕਾਰੀ ਜਹਾਜ਼ ਕੰਪਨੀ ਏਅਰ ਇੰਡੀਆ ਦੀ ਮੁਸ਼ਕਲ 'ਚ ਹੋਰ ਵਾਧਾ ਹੋਣ ਵਾਲਾ ਸੀ ਕਿਉਂਕਿ ਓ. ਐੱਮ. ਸੀ. ਨੇ ਹੈਦਰਾਬਾਦ ਤੇ ਰਾਇਪੁਰ ਹਵਾਈ ਅੱਡੇ 'ਤੇ ਵੀ ਉਸ ਨੂੰ ਤੇਲ ਸਪਲਾਈ ਬੰਦ ਕਰਨ ਦੀ ਚਿਤਾਵਨੀ ਦਿੱਤੀ ਸੀ। ਇਸ ਕਾਰਨ ਉਸ ਦੀ ਹਵਾਈ ਸਰਵਿਸ ਖਾਸਾ ਪ੍ਰਭਾਵਿਤ ਹੋਣ ਦਾ ਸੰਕਟ ਵਧ ਰਿਹਾ ਸੀ।

ਸੂਤਰਾਂ ਮੁਤਾਬਕ, ਸ਼ਹਿਰੀ ਹਵਾਬਾਜ਼ੀ ਮੰਤਰਾਲਾ, ਏਅਰ ਇੰਡੀਆ ਅਤੇ ਤਿੰਨੋਂ ਓ. ਐੱਮ. ਸੀ. ਦੇ ਉੱਚ ਅਧਿਕਾਰੀਆਂ ਵਿਚਕਾਰ ਮੀਟਿੰਗ ਹੋਈ ਹੈ। ਇਸ 'ਚ ਏਅਰ ਇੰਡੀਆ ਨੇ ਕਿਹਾ ਕਿ ਉਹ ਹਾਲਾਂਕਿ ਪਿਛਲੇ ਬਕਾਏ ਤਾਂ ਇਸ ਵਕਤ ਪੂਰੀ ਤਰ੍ਹਾਂ ਨਹੀਂ ਚੁਕਾ ਸਕਦੀ ਪਰ ਭਰੋਸਾ ਦਿੱਤਾ ਹੈ ਕਿ ਉਹ ਮੌਜੂਦਾ ਤੇਲ ਖਰੀਦ ਲਈ ਪੇਮੈਂਟ ਸਮੇਂ ਸਿਰ ਕਰਦੀ ਰਹੇਗੀ। ਜ਼ਿਕਰਯੋਗ ਹੈ ਕਿ ਰਾਸ਼ਟਰੀ ਜਹਾਜ਼ ਕੰਪਨੀ 'ਤੇ 'ਇੰਡੀਅਨ ਆਇਲ, ਹਿੰਦੋਸਤਾਨ ਪੈਟਰੋਲੀਅਮ ਅਤੇ ਭਾਰਤ ਪੈਟਰੋਲੀਅਮ' ਦਾ ਲਗਭਗ 4,300 ਕਰੋੜ ਰੁਪਏ ਬਕਾਇਆ ਹੈ, ਜੋ ਉਸ ਨੇ ਚੁਕਾਉਣਾ ਹੈ।


Related News