ਦੇਸ਼ ’ਚ ਬੇਹੱਦ ਅਮੀਰ ਲੋਕਾਂ ਦੀ ਗਿਣਤੀ 7.5 ਫੀਸਦੀ ਘਟੀ, ਰਿਪੋਰਟ 'ਚ ਘਾਟੇ ਦੀ ਦੱਸੀ ਇਹ ਵਜ੍ਹਾ

Thursday, May 18, 2023 - 10:08 AM (IST)

ਦੇਸ਼ ’ਚ ਬੇਹੱਦ ਅਮੀਰ ਲੋਕਾਂ ਦੀ ਗਿਣਤੀ 7.5 ਫੀਸਦੀ ਘਟੀ, ਰਿਪੋਰਟ 'ਚ ਘਾਟੇ ਦੀ ਦੱਸੀ ਇਹ ਵਜ੍ਹਾ

ਨਵੀਂ ਦਿੱਲੀ (ਭਾਸ਼ਾ) – ਭਾਰਤ ’ਚ ਬੇਹੱਦ ਅਮੀਰ ਲੋਕਾਂ ਦੀ ਗਿਣਤੀ ਪਿਛਲੇ ਸਾਲ 7.5 ਫੀਸਦੀ ਡਿਗ ਕੇ 12,069 ’ਤੇ ਆ ਗਈ ਹੈ ਪਰ ਅਗਲੇ ਪੰਜ ਸਾਲਾਂ ’ਚ ਇਸ ਦੇ ਮੁੜ ਵਧ ਕੇ 19,119 ਹੋ ਜਾਣ ਦੀ ਸੰਭਾਵਨਾ ਹੈ। ਇਕ ਰਿਪੋਰਟ ’ਚ ਇਹ ਉਮੀਦ ਪ੍ਰਗਟਾਈ ਗਈ ਹੈ। ਜਾਇਦਾਦ ਸਲਾਹਕਾਰ ਫਰਮ ਨਾਈਟ ਫ੍ਰੈਂਕ ਨੇ ਬੁੱਧਵਾਰ ਨੂੰ ਜਾਰੀ ਇਕ ਰਿਪੋਰਟ ’ਚ ਕਿਹਾ ਕਿ ਤਿੰਨ ਕਰੋੜ ਡਾਲਰ ਤੋਂ ਵੱਧ ਦੀ ਹੈਸੀਅਤ ਰੱਖਣ ਵਾਲੇ ਬੇਹੱਦ ਅਮੀਰ ਭਾਰਤੀਆਂ ਦੀ ਗਿਣਤੀ ਸਾਲ 2022 ਵਿਚ 12,069 ਰਹੀ। ਇਹ ਸਾਲ 2021 ਦੀ ਤੁਲਨਾ ’ਚ 7.5 ਫੀਸਦੀ ਦੀ ਗਿਰਾਵਟ ਨੂੰ ਦਰਸਾਉਂਦਾ ਹੈ।

ਹਾਲਾਂਕਿ ਸਲਾਹਕਾਰ ਫਰਮ ਨੇ ‘ਦਿ ਵੈਲਥ ਰਿਪੋਰਟ 2023’ ਵਿਚ ਕਿਹਾ ਕਿ ਦੇਸ਼ ’ਚ ਬੇਹੱਦ ਅਮੀਰ ਲੋਕਾਂ ਦੀ ਗਿਣਤੀ 2027 ਤੱਕ ਵਧ ਕੇ 19,119 ਹੋ ਜਾਣ ਦੀ ਸੰਭਾਵਨਾ ਹੈ। ਉੱਥੇ ਹੀ ਦੇਸ਼ ’ਚ ਅਰਬਪਤੀਆਂ ਦੀ ਗਿਣਤੀ ਅਗਲੇ ਪੰਜ ਸਾਲਾਂ ਤੱਕ 195 ਤੱਕ ਪਹੁੰਚਣ ਦੀ ਉਮੀਦ ਹੈ। ਸਾਲ 2022 ਵਿਚ ਅਰਬਪਤੀ ਭਾਰਤੀਆਂ ਦੀ ਗਿਣਤੀ ਵਧ ਕੇ 161 ਹੋ ਗਈ ਜਦ ਕਿ 2021 ’ਚ ਇਨ੍ਹਾਂ ਦੀ ਗਿਣਤੀ 145 ਰਹੀ ਸੀ। ਰਿਪੋਰਟ ਮੁਤਾਬਕ ਦੇਸ਼ ’ਚ 10 ਲੱਖ ਡਾਲਰ ਤੋਂ ਵੱਧ ਜਾਇਦਾਦ ਵਾਲੇ ਅਮੀਰ ਲੋਕਾਂ ਦੀ ਗਿਣਤੀ ਵਧ ਕੇ ਪਿਛਲੇ ਸਾਲ 7,97,714 ਹੋ ਗਈ ਜਦ ਕਿ 2021 ’ਚ ਇਨ੍ਹਾਂ ਦੀ ਗਿਣਤੀ 763674 ਸੀ। ਅਗਲੇ ਪੰਜ ਸਾਲਾਂ ’ਚ ਇਸ ਗਿਣਤੀ ਦੇ ਵਧ ਕੇ 16,57,272 ਹੋ ਜਾਣ ਦੀ ਉਮੀਦ ਹੈ।

ਇਹ ਵੀ ਪੜ੍ਹੋ : ਵੱਡੇ ਪੱਧਰ 'ਤੇ Vodafone ਕਰਨ ਜਾ ਰਹੀ ਹੈ ਛਾਂਟੀ, 11000 ਕਰਮਚਾਰੀਆਂ ਦੀ ਜਾ ਸਕਦੀ ਹੈ ਨੌਕਰੀ

ਰਿਪੋਰਟ ਕਹਿੰਦੀ ਹੈ ਕਿ ਸਾਲ 2022 ਵਿਚ ਗਲੋਬਲ ਪੱਧਰ ’ਤੇ ਵਧੇਰੇ ਅਮੀਰ ਲੋਕਾਂ ਦੀ ਗਿਣਤੀ ’ਚ 3.8 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਜਦ ਕਿ ਇਸ ਦੇ ਇਕ ਸਾਲ ਪਹਿਲਾਂ 2021 ’ਚ ਇਨ੍ਹਾਂ ਦੀ ਗਿਣਤੀ 9.3 ਫੀਸਦੀ ਵਧੀ ਸੀ। ਪਿਛਲੇ ਸਾਲ ਭੂ-ਸਿਆਸੀ ਅਨਿਸ਼ਚਿਤਤਾ ਰਹਿਣ ਅਤੇ ਆਰਥਿਕ ਮੰਦੀ ਦੇ ਮਾੜੇ ਪ੍ਰਭਾਵਾਂ ਨੇ ਬੇਹੱਦ ਅਮੀਰ ਲੋਕਾਂ ਲਈ ਜਾਇਦਾਦ ਖੜੀ ਕਰਨ ਦੇ ਮੌਕਿਆਂ ’ਤੇ ਅਸਰ ਪਾਇਆ। ਭਾਰਤ ’ਚ ਵੀ ਬੇਹੱਦ ਅਮੀਰ ਲੋਕਾਂ ਦੀ ਜਾਇਦਾਦ ’ਤੇ ਇਨ੍ਹਾਂ ਕਾਰਣਾਂ ਕਰ ਕੇ ਅਸਰ ਪਿਆ ਅਤੇ ਸਾਲਾਨਾ ਆਧਾਰ ’ਤੇ ਇਨ੍ਹਾਂ ਦੀ ਗਿਣਤੀ 7.5 ਫੀਸਦੀ ਡਿਗ ਗਈ।

ਬੇਹੱਦ ਅਮੀਰ ਭਾਰਤੀਆਂ ਦੀ ਜਾਇਦਾਦ ਵਿਆਜ ’ਚ ਵਾਧਾ ਅਤੇ ਰੁਪਏ ਦੇ ਮੁਕਾਬਲੇ ਡਾਲਰ ਦੇ ਮਜ਼ਬੂਤ ਹੋਣ ਨਾਲ ਵੀ ਪ੍ਰਭਾਵਿਤ ਹੋਇਆ। ਨਾਈਟ ਫ੍ਰੈਂਕ ਇੰਡੀਆ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼ਿਸ਼ਿਰ ਬੈਜਲ ਨੇ ਕਿਹਾ ਕਿ ਹਾਲ ਹੀ ਦੇ ਸਮੇਂ ’ਚ ਪ੍ਰਮੁੱਖ ਅਤੇ ਗੈਰ-ਪ੍ਰਮੁੱਖ ਖੇਤਰਾਂ ’ਚ ਗਤੀਵਿਧੀਆਂ ਤੇਜ਼ ਰਹਿਣ ਨਾਲ ਭਾਰਤ ਦੇ ਆਰਥਿਕ ਵਿਕਾਸ ਨੂੰ ਰਫਤਾਰ ਮਿਲੀ ਹੈ। ਇਸ ਤੋਂ ਇਲਾਵਾ ਭਾਰਤ ਦੇ ਇਕ ਗਲੋਬਲ ਸਟਾਰਟਅਪ ਕੇਂਦਰ ਬਣਨ ਨਾਲ ਵੀ ਨਵੀਂ ਜਾਇਦਾਦ ਖੜੀ ਹੋ ਰਹੀ ਹੈ।

ਇਹ ਵੀ ਪੜ੍ਹੋ : ਛਾਂਟੀ ਦੇ ਦੌਰ 'ਚ Infosys ਦਾ ਵੱਡਾ ਕਦਮ, ਆਪਣੇ ਕਰਮਚਾਰੀਆਂ ਨੂੰ ਦਿੱਤਾ ਸ਼ਾਨਦਾਰ ਤੋਹਫ਼ਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News