NRIs ਦੀ ਬਾਹਰਲੀ ਕਮਾਈ ''ਤੇ ਲੱਗੇਗਾ ਟੈਕਸ? ਜਾਣੋ ਕੀ ਬੋਲੇ ਵਿੱਤ ਮੰਤਰੀ

Monday, Feb 03, 2020 - 03:50 PM (IST)

NRIs ਦੀ ਬਾਹਰਲੀ ਕਮਾਈ ''ਤੇ ਲੱਗੇਗਾ ਟੈਕਸ? ਜਾਣੋ ਕੀ ਬੋਲੇ ਵਿੱਤ ਮੰਤਰੀ

ਨਵੀਂ ਦਿੱਲੀ— ਬਜਟ ਵਿਚ ਨਵੀਂ ਟੈਕਸ ਵਿਵਸਥਾ ਕਾਰਨ NRIs ਵਿਚ ਵਧੀ ਘਬਰਾਹਟ ਨੂੰ ਦੇਖਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਪੱਸ਼ਟ ਕੀਤਾ ਹੈ ਕਿ NRIs ਨੂੰ ਸਿਰਫ ਭਾਰਤ ਵਿਚ ਕਾਰੋਬਾਰ ਜਾਂ ਪੇਸ਼ੇ ਤੋਂ ਹੋਣ ਵਾਲੀ ਇਨਕਮ 'ਤੇ ਹੀ ਟੈਕਸ ਦੇਣਾ ਪਵੇਗਾ। ਸ਼ਨੀਵਾਰ ਨੂੰ ਲੋਕ ਸਭਾ ਵਿਚ ਵਿੱਤੀ ਸਾਲ 2020-21 ਲਈ ਪੇਸ਼ ਕੀਤੇ ਗਏ ਬਜਟ ਵਿਚ ਪ੍ਰਸਤਾਵਿਤ ਕੀਤਾ ਗਿਆ ਸੀ ਕਿ ਜੇਕਰ ਪ੍ਰਵਾਸੀ ਭਾਰਤੀ ਕਿਸੇ ਹੋਰ ਦੇਸ਼ ਵਿਚ ਟੈਕਸ ਨਹੀਂ ਦੇ ਰਹੇ ਹਨ ਤਾਂ ਉਨ੍ਹਾਂ ਨੂੰ ਭਾਰਤ ਵਿਚ ਆਪਣੀ 'ਗਲੋਬਲ ਇਨਕਮ' 'ਤੇ ਟੈਕਸ ਦੇਣਾ ਪੈ ਸਕਦਾ ਹੈ। ਇਸ 'ਤੇ ਸਰਕਾਰ ਨੂੰ ਸਖਤ ਪ੍ਰਤੀਕਿਰਿਆ ਦਾ ਸਾਹਮਣਾ ਕਰਨਾ ਪਿਆ ਤੇ ਹੁਣ ਸਪਸ਼ਟੀਕਰਨ ਜਾਰੀ ਕੀਤਾ ਹੈ।


ਵਿੱਤ ਮੰਤਰਾਲੇ ਨੇ ਕਿਹਾ ਕਿ ਇਹ ਵਿਵਸਥਾ ਟੈਕਸ ਚੋਰੀ ਨੂੰ ਰੋਕਣ ਲਈ ਕੀਤੀ ਗਈ ਸੀ। ਬਹੁਤ ਸਾਰੇ ਮਾਮਲੇ ਅਜਿਹੇ ਹੋਏ ਹਨ ਜਿਨ੍ਹਾਂ ਵਿਚ NRI ਭਾਰਤ ਵਿਚ ਟੈਕਸ ਭਰਨ ਤੋਂ ਬਚਣ ਲਈ ਅਜਿਹੇ ਦੇਸ਼ ਵਿਚ ਚਲੇ ਜਾਂਦੇ ਹਨ ਜਿੱਥੇ ਘੱਟ ਟੈਕਸ ਜਾਂ ਜ਼ੀਰੋ ਟੈਕਸ ਹੁੰਦਾ ਹੈ।

ਹੋਰ ਕੀ ਕਿਹਾ?
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਕ ਉਦਹਾਰਣ ਨਾਲ ਕਿਹਾ, ''ਮੰਨ ਲਓ ਕਿ ਤੁਸੀਂ ਵਿਦੇਸ਼ ਵਿਚ ਰਹਿੰਦੇ ਹੋ ਤੇ ਭਾਰਤ ਵਿਚ ਤੁਸੀਂ ਇਕ ਘਰ ਤੋਂ ਕਿਰਾਏ ਦੇ ਰੂਪ 'ਚ ਕਮਾ ਰਹੇ ਹੋ ਤੇ ਤੁਸੀਂ ਇਹ ਕਿਰਾਇਆ ਉੱਥੇ ਲੈ ਜਾਂਦੇ ਹੋ। ਇਸ ਤਰੀਕੇ ਨਾਲ ਤੁਸੀਂ ਨਾ ਤਾਂ ਇੱਥੇ ਟੈਕਸ ਦਿੰਦੇ ਹੋ ਤੇ ਨਾ ਹੀ ਉੱਥੇ। ਤੁਹਾਨੂੰ ਇਸ 'ਤੇ ਟੈਕਸ ਦੇਣਾ ਪਵੇਗਾ ਨਾ ਕਿ ਉੱਥੇ ਹੋਈ ਕਮਾਈ 'ਤੇ। ਮੈਂ ਤੁਹਾਡੀ ਦੁਬਈ ਵਿਚ ਹੋਈ ਕਮਾਈ 'ਤੇ ਟੈਕਸ ਨਹੀਂ ਲਗਾ ਰਹੀ ਹਾਂ।''

NRIs ਨਾਲ ਸੰਬੰਧਤ ਦੋ ਵੱਡੇ ਬਦਲਾਵ

PunjabKesari

ਉੱਥੇ ਹੀ, ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀ. ਬੀ. ਡੀ. ਟੀ.) ਨੇ ਵੀ ਇਕ ਬਿਆਨ ਵਿਚ ਕਿਹਾ ਹੈ ਕਿ ਨਵੀਂ ਵਿਵਸਥਾ ਦਾ ਮਕਸਦ ਉਨ੍ਹਾਂ ਲੋਕਾਂ ਨੂੰ ਟੈਕਸ ਦਾਇਰੇ ਦੇ ਅਧੀਨ ਲਿਆਉਣਾ ਨਹੀਂ ਹੈ ਜੋ ਵਿਦੇਸ਼ਾਂ ਵਿਚ ਕੰਮ ਕਰ ਰਹੇ ਹਨ। ਸੀ. ਬੀ. ਡੀ. ਟੀ. ਨੇ ਕਿਹਾ ਕਿ NRIs ਨੂੰ ਵਿਦੇਸ਼ 'ਚ ਹੋਣ ਵਾਲੀ ਕਮਾਈ 'ਤੇ ਭਾਰਤ ਵਿਚ ਟੈਕਸ ਨਹੀਂ ਭਰਨਾ ਪਵੇਗਾ, ਸਿਰਫ ਭਾਰਤ ਵਿਚ ਹੋਣ ਵਾਲੀ ਕਮਾਈ 'ਤੇ ਹੀ ਇਹ ਭਰਨਾ ਹੋਵੇਗਾ। ਜ਼ਿਕਰਯੋਗ ਹੈ ਕਿ ਬਜਟ 'ਚ NRIs ਨਾਲ ਸੰਬੰਧਤ ਦੋ ਬਦਲਾਵ ਕੀਤੇ ਗਏ ਹਨ। ਪਹਿਲਾ ਇਹ ਕਿ ਉਨ੍ਹਾਂ ਨੂੰ ਟੈਕਸ ਦੇਣਾ ਹੋਵੇਗਾ ਤੇ ਦੂਜਾ ਇਹ ਕਿ NRI ਦਾ ਦਰਜਾ ਪਾਉਣ ਲਈ ਸਾਲ ਵਿਚ ਘੱਟੋ-ਘੱਟ 240 ਦਿਨ ਵਿਦੇਸ਼ 'ਚ ਰਹਿਣਾ ਹੋਵੇਗਾ, ਜਦੋਂ ਕਿ ਮੌਜੂਦਾ ਸਮੇਂ ਜੇਕਰ ਕੋਈ ਭਾਰਤੀ 180 ਦਿਨ ਤੋਂ ਵੱਧ ਸਮੇਂ ਤਕ ਵਿਦੇਸ਼ 'ਚ ਰਹਿੰਦਾ ਹੈ ਤਾਂ ਉਸ ਨੂੰ NRI ਦਾ ਦਰਜਾ ਮਿਲਦਾ ਹੈ।


Related News