NRI ਬਣਨ ''ਤੇ ਪੀ.ਪੀ.ਐੱਫ. ਖਾਤਾ ਹੋਵੇਗਾ ਬੰਦ

10/31/2017 12:24:19 AM

ਨਵੀਂ ਦਿੱਲੀ (ਭਾਸ਼ਾ)-ਰਾਸ਼ਟਰੀ ਬੱਚਤ ਪੱਤਰ (ਐੱਨ.ਐੱਸ.ਸੀ.) ਸਮੇਤ ਚੋਣਵੀਆਂ ਛੋਟੀਆਂ ਬੱਚਤ ਯੋਜਨਾਵਾਂ 'ਚ ਨਿਵੇਸ਼ ਨਿਯਮਾਂ 'ਚ ਬਦਲਾਅ ਤੋਂ ਬਾਅਦ ਸਰਕਾਰ ਨੇ ਅੱਜ ਕਿਹਾ ਕਿ ਜੇਕਰ ਇਨ੍ਹਾਂ ਯੋਜਨਾਵਾਂ ਦੇ ਧਾਰਕ ਨਿਵਾਸੀ ਤੋਂ ਅਪ੍ਰਵਾਸੀ ਭਾਰਤੀ (ਐੱਨ.ਆਰ.ਆਈ.) ਬਣ ਜਾਂਦੇ ਹਨ ਤਾਂ ਅਜਿਹੇ ਖਾਤੇ ਮਚਿਓਰਿਟੀ ਤੋਂ ਪਹਿਲਾਂ ਹੀ ਬੰਦ ਹੋ ਜਾਣਗੇ। ਇਸ ਤਰ੍ਹਾਂ ਦੇ ਧਾਰਕਾਂ ਨੂੰ ਡਾਕਖ਼ਾਨਾ ਬੱਚਤ ਖਾਤਿਆਂ ਦੀ ਦਰ 4 ਫ਼ੀਸਦੀ ਹੀ ਮਿਲੇਗੀ ਪਰ ਉਨ੍ਹਾਂ ਨੂੰ ਉਹ ਦਰ ਨਹੀਂ ਮਿਲੇਗੀ ਜੋ ਨਿਵਾਸੀ ਭਾਰਤੀ ਦੇ ਰੂਪ 'ਚ ਦਿੱਤੀ ਜਾ ਰਹੀ ਸੀ। ਪਬਲਿਕ ਪ੍ਰੋਵੀਡੈਂਟ ਫੰਡ ਐਕਟ 1968 'ਚ ਸੋਧ ਅਨੁਸਾਰ ਜੇਕਰ ਇਸ ਯੋਜਨਾ ਦਾ ਕੋਈ ਖਾਤਾ ਧਾਰਕ ਪ੍ਰਵਾਸੀ ਭਾਰਤੀ ਬਣ ਜਾਂਦਾ ਹੈ ਤਾਂ ਉਸ ਦੇ ਖਾਤੇ ਨੂੰ ਉਸੇ ਦਿਨ ਤੋਂ ਬੰਦ ਮੰਨ ਲਿਆ ਜਾਵੇਗਾ। ਇਨ੍ਹਾਂ ਸੋਧੇ ਨਿਯਮਾਂ ਨੂੰ ਇਸ ਮਹੀਨੇ ਆਧਿਕਾਰਕ ਗਜ਼ਟ 'ਚ ਨੋਟੀਫਾਈ ਕੀਤਾ ਗਿਆ ਹੈ।
ਐੱਨ. ਐੱਸ. ਸੀ. ਨੇ ਜਾਰੀ ਕੀਤਾ ਨੋਟੀਫਿਕੇਸ਼ਨ
ਐੱਨ. ਐੱਸ. ਸੀ. ਨੂੰ ਲੈ ਕੇ ਇਕ ਵੱਖਰੇ ਤੌਰ 'ਤੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਜਿਸ 'ਚ ਕਿਹਾ ਗਿਆ ਹੈ ਕਿ ਜੇਕਰ ਕੋਈ ਐੱਨ. ਐੱਸ. ਸੀ. ਧਾਰਕ ਹੈ ਅਤੇ ਉਸ ਦੇ ਐੱਨ. ਆਰ. ਆਈ. ਬਣਨ ਵਾਲੇ ਦਿਨ ਤੋਂ ਉਸ ਨੂੰ ਭੁਨਾਇਆ ਮੰਨ ਲਿਆ ਜਾਵੇਗਾ। ਨੋਟੀਫਿਕੇਸ਼ਨ 'ਚ ਇਹ ਵੀ ਕਿਹਾ ਗਿਆ ਹੈ ਕਿ ਅਜਿਹੇ ਕੇਸ 'ਚ ਡਾਕ ਘਰ ਬੱਚਤ ਖਾਤੇ 'ਤੇ ਲਾਗੂ ਵਿਆਜ ਦਰ ਦੇ ਹਿਸਾਬ ਨਾਲ ਹੀ ਭੁਗਤਾਨ ਕੀਤਾ ਜਾਵੇਗਾ। ਕੇਂਦਰ ਸਰਕਾਰ ਨੇ ਅਕਤੂਬਰ-ਦਸੰਬਰ ਤਿਮਾਹੀ ਲਈ ਛੋਟੀਆਂ ਬੱਚਤ ਯੋਜਨਾਵਾਂ 'ਤੇ ਵਿਆਜ ਦਰ ਨੂੰ ਪਹਿਲਾਂ ਦੇ ਸਿਰਫ 7.8 ਫ਼ੀਸਦੀ 'ਤੇ ਬਣਾਈ ਰੱਖਿਆ ਹੈ। ਜ਼ਿਕਰਯੋਗ ਹੈ ਕਿ ਛੋਟੀਆਂ ਬੱਚਤ ਯੋਜਨਾਵਾਂ 'ਤੇ ਵਿਆਜ ਦਰ ਦੀ ਸਮੀਖਿਆ ਹਰ ਤਿੰਨ ਮਹੀਨੇ 'ਚ ਕੀਤੀ ਜਾਂਦੀ ਹੈ।
ਪੀ. ਪੀ. ਐੱਫ. ਯੋਜਨਾ 2017 'ਚ ਸੋਧ ਤੋਂ ਬਾਅਦ ਹੁਣ ਲਾਗੂ ਹੋਣ ਦੀ ਤਰੀਕ ਤੋਂ ਵਿਆਜ ਦਰ ਡਾਕ ਘਰ ਬੱਚਤ ਖਾਤਿਆਂ 'ਤੇ ਲਾਗੂ ਹੋਣ ਵਾਲੇ 4 ਫ਼ੀਸਦੀ ਦੀ ਦਰ ਨਾਲ ਭੁਗਤਾਨ ਕੀਤਾ ਜਾਵੇਗਾ ਜੋ ਉਸ ਖਾਤੇ ਤੋਂ ਪਹਿਲਾਂ ਦੇ ਆਖਰੀ ਦਿਨ ਤੱਕ ਹੁੰਦਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਸਰਕਾਰ ਨੇ ਛੋਟੀਆਂ ਬੱਚਤ ਯੋਜਨਾਵਾਂ ਦੇ ਵਿਆਜ ਦਰਾਂ 'ਚ ਕੋਈ ਬਦਲਾਅ ਨਹੀਂ ਕੀਤਾ ਹੈ। ਪਿਛਲੇ ਸਾਲ ਅਪ੍ਰੈਲ ਤੋਂ ਬਾਅਦ ਸਰਕਾਰ ਵਿਆਜ ਦਰ ਹਰ ਇਕ ਤਿਮਾਹੀ ਦੇ ਆਧਾਰ 'ਤੇ ਤੈਅ ਕਰਦੀ ਹੈ। ਸਰਕਾਰ ਨੇ ਪੀ. ਪੀ. ਐੱਫ. ਅਤੇ ਐੱਨ. ਐੱਸ. ਸੀ. ਦੀਆਂ ਦੋਵਾਂ ਯੋਜਨਾਵਾਂ 'ਤੇ ਅਕਤੂਬਰ ਅਤੇ ਦਸੰਬਰ ਦੀ ਤਿਮਾਹੀ ਲਈ ਵਿਆਜ ਦਰ 7.8 ਫ਼ੀਸਦੀ ਰੱਖੀ ਹੈ।


Related News