ਸ਼ਹਿਰੀ ਸਹਿਕਾਰੀ ਬੈਂਕਾਂ ਦਾ NPA ਘਾਟਾ ਵਧਿਆ; NBFC ਦੇ ਵੀ ਲਾਭ ’ਤੇ ਪੈ ਸਕਦੈ ਅਸਰ : RBI

12/31/2020 10:27:50 AM

ਮੁੰਬਈ(ਆਈ.) - ਕੇਂਦਰੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਕਿਹਾ ਕਿ ਵਿੱਤੀ ਸਾਲ 2019-20 ’ਚ ਸ਼ਹਿਰੀ ਸਹਿਕਾਰੀ ਬੈਂਕਾਂ ਦੀ ਨਾਨ-ਪ੍ਰਫਾਰਮਿੰਗ ਐਸੇਟ (ਐੱਨ. ਪੀ. ਏ.) ’ਚ 10.8 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ, ਜੋ ਸਾਲ ਭਰ ਪਹਿਲਾਂ 7.3 ਫੀਸਦੀ ਸੀ। ਨਾਲ ਹੀ ਰਿਜ਼ਰਵ ਬੈਂਕ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ’ਚ ਗੈਰ-ਬੈਂਕਿੰਗ ਵਿੱਤੀ ਕੰਪਨੀਆਂ (ਐੱਨ. ਬੀ . ਐੱਫ. ਸੀ.) ਦੇ ਲਾਭ ’ਤੇ ਅਸਰ ਦੇਖਣ ਨੂੰ ਮਿਲ ਸਕਦਾ ਹੈ।

ਰਿਜ਼ਰਵ ਬੈਂਕ ਨੇ ਆਪਣੀ ਰਿਪੋਰਟ ਟਰੈਂਡਸ ਐਂਡ ਪ੍ਰੋਗਰੈੱਸ ਆਫ ਬੈਂਕਿੰਗ ‘ਇਨ ਇੰਡੀਆ’ ’ਚ ਕਿਹਾ ਕਿ ਜਾਇਦਾਦ ਦੀ ਗੁਣਵੱਤਾ ਦੇ ਲਿਹਾਜ਼ ਨਾਲ ਵੇਖਿਆ ਜਾਵੇ ਤਾਂ ਸਭ ਤੋਂ ਹੇਠਲੀ ਡੀ ਸ਼੍ਰੇਣੀ ’ਚ ਸ਼ਾਮਲ ਹੋਏ ਸ਼ਹਿਰੀ ਸਹਿਕਾਰੀ ਬੈਂਕਾਂ ਦੀ ਗਿਣਤੀ ਵੀ ਪਿਛਲੇ ਵਿੱਤੀ ਸਾਲ ’ਚ ਵਧੀ। ਇਹ ਧਿਆਨ ਦੇਣ ਲਾਇਕ ਗੱਲ ਹੈ ਕਿ ਖਰਾਬ ਰੂਪ ਨਾਲ ਸੰਚਾਲਿਤ ਸ਼ਹਿਰੀ ਸਹਿਕਾਰੀ ਬੈਂਕਾਂ (ਯੂ. ਸੀ. ਬੀ.) ’ਚ ਖਰਾਬ ਜਾਇਦਾਦ ਦੀ ਸਮੱਸਿਆ ਦਾ ਇਕ ਪ੍ਰਮੁੱਖ ਕਾਰਣ ਹੈ। ਪੀ. ਐੱਮ. ਸੀ. ਬੈਂਕ ਜਿਵੇਂ ਸ਼ਹਿਰੀ ਸਹਿਕਾਰੀ ਬੈਂਕਾਂ ਦੀ ਖਰਾਬ ਹਾਲਤ ਲਈ ਐੱਨ. ਪੀ. ਏ. ਦੇ ਉੱਚ ਪੱਧਰ ਨੂੰ ਜ਼ਿੰਮੇਦਾਰ ਠਹਿਰਾਇਆ ਜਾ ਸਕਦਾ ਹੈ। ਇਸ ਸਾਲ ਦੀ ਸ਼ੁਰੂਆਤ ’ਚ ਸਰਕਾਰ ਨੇ ਆਰ. ਬੀ. ਆਈ. ਨੂੰ ਯੂ. ਸੀ. ਬੀ. ’ਤੇ ਜ਼ਿਆਦਾ ਰੈਗੂਲੇਟਰੀ ਸ਼ਕਤੀਆਂ ਦੇਣ ਲਈ ਬੈਂਕਿੰਗ ਰੈਗੂਲੇਸ਼ਨ ਐਕਟ ’ਚ ਸੋਧ ਕੀਤੀ ਸੀ।

ਇਹ ਵੀ ਵੇਖੋ - 1 ਜਨਵਰੀ ਤੋਂ ਬਦਲਣਗੇ ਮਹੱਤਵਪੂਰਨ ਨਿਯਮ, ਫ਼ੋਨ ਕਾਲ ਤੋਂ ਲੈ ਕੇ ਵਿੱਤੀ ਲੈਣ-ਦੇਣ ਹੋਣਗੇ ਪ੍ਰਭਾਵਤ

ਆਰ. ਬੀ. ਆਈ. ਨੇ ਕਿਹਾ ਕਿ 1,539 ਯੂ. ਸੀ. ਬੀ. ’ਚ ਕੁਲ ਐੱਨ. ਪੀ. ਏ. ਦੀ ਮਾਤਰਾ ਇਕ ਸਾਲ ਪਹਿਲਾਂ ਦੇ 22,093 ਕਰੋਡ਼ ਤੋਂ ਵਧ ਕੇ ਵਿੱਤੀ ਸਾਲ 2019-20 ’ਚ 33,010 ਕਰੋਡ਼ ਰੁਪਏ ਹੋ ਗਈ। ਰਿਜ਼ਰਵ ਬੈਂਕ ਨੇ ਇਸ ਰਿਪੋਰਟ ’ਚ ਇਹ ਵੀ ਕਿਹਾ ਕਿ ਕਰਜ਼ੇ ਦੀ ਘੱਟ ਮੰਗ ਅਤੇ ਫਸੇ ਕਰਜ਼ੇ ਦੌਰਾਨ ਆਉਣ ਵਾਲੇ ਸਮੇਂ ’ਚ ਐੱਨ. ਬੀ. ਐੱਫ. ਸੀ. ਦੇ ਲਾਭ ’ਤੇ ਅਸਰ ਪੈ ਸਕਦਾ ਹੈ। ਕੇਂਦਰੀ ਬੈਂਕ ਨੇ ਕਿਹਾ ਕਿ ਕਰਜ਼ੇ ਦੀ ਕਮੀ, ਕਰਜ਼ੇ ਦੀ ਘੱਟ ਮੰਗ ਅਤੇ ਨਕਦੀ ਨੂੰ ਰਾਖਵਾਂ ਰੱਖਣ ਦੀ ਪ੍ਰਵਿਰਤੀ ਕਾਰਣ ਐੱਨ. ਬੀ. ਐੱਫ. ਸੀ. ਦੀ ਲਾਭਪ੍ਰਦਤਾ ਘੱਟ ਹੋ ਸਕਦੀ ਹੈ।

ਇਹ ਵੀ ਵੇਖੋ - ਕੀ ਕਰੰਸੀ ਤੋਂ ਫੈਲਦਾ ਹੈ ਕੋਰੋਨਾ? 9 ਮਹੀਨਿਆਂ ਬਾਅਦ ਮਿਲਿਆ ਇਹ ਜਵਾਬ

ਕੋਵਿਡ ਦਾ ਮੁਕਾਬਲਾ ਕਰਨ ਦੇ ਨਵੇਂ ਉਪਰਾਲਿਆਂ ਤੋਂ ਬਾਅਦ ਦੀਆਂ ਚੁਣੌਤੀਆਂ ਨਾਲ ਜੂਝਣ ਨੂੰ ਤਿਆਰ ਰਹਿਣ ਬੈਂਕ

ਆਰ. ਬੀ. ਆਈ. ਨੇ ਕਿਹਾ ਕਿ ‘ਕੋਵਿਡ-19’ ਨੂੰ ਵੇਖਦੇ ਹੋਏ ਕੀਤੇ ਗਏ ਨਵੇਂ ਉਪਰਾਲਿਆਂ ਦੇ ਮੱਦੇਨਜ਼ਰ ਬੈਂਕਾਂ ਨੂੰ ਨਵੀਆਂ ਚੁਣੌਤੀਆਂ ਲਈ ਤਿਆਰ ਰਹਿਣਾ ਚਾਹੀਦਾ ਹੈ। ਰਿਜ਼ਰਵ ਬੈਂਕ ਨੇ ਕਿਹਾ ਕਿ ਬੈਂਕਾਂ ਨੂੰ ਆਉਣ ਵਾਲੀਆਂ ਚੁਣੌਤੀਆਂ ਨਾਲ ਜੂਝਣ ਲਈ ਖੁਦ ਨੂੰ ਤਿਆਰ ਰੱਖਣ ਦੀ ਲੋੜ ਹੈ। ਰਿਜ਼ਰਵ ਬੈਂਕ ਨੇ ਕਿਹਾ ਕਿ ਕੇਂਦਰੀ ਬੈਂਕ ਨੇ ਬੈਂਕਾਂ ਦੀ ਬੈਲੇਂਸ ਸ਼ੀਟ, ਕਾਰਪੋਰੇਟ ਅਤੇ ਲੋਕਾਂ ਨੂੰ ਕੋਰੋਨਾ ਵਾਇਰਸ ਮਹਾਮਾਰੀ ਨਾਲ ਹੋਣ ਵਾਲੀਆਂ ਦਿੱਕਤਾਂ ਘੱਟ ਕਰਨ ਲਈ ਠੀਕ ਸਮੇਂ ’ਤੇ ਉਪਾਅ ਕੀਤੇ। ਰਿ਼ਜ਼ਰਵ ਬੈਂਕ ਨੇ ਕਿਹਾ ਕਿ ਬੈਂਕਿੰਗ ’ਚ ਮਜ਼ਬੂਤੀ ਸਬੰਧੀ ਸੰਕੇਤਕ ਅਸਪੱਸ਼ਟ ਹਨ ਅਤੇ ਬੈਂਕ ਆਉਣ ਵਾਲੇ ਤਣਾਅ ਦੀ ਤਿਆਰੀ ’ਚ ਪੂੰਜੀ ਜੁਟਾ ਰਹੇ ਹਨ। ਕੇਂਦਰੀ ਬੈਂਕ ਨੇ ਕਿਹਾ,‘‘ਕਰਜ਼ੇ ਦੀਆਂ ਕਿਸ਼ਤਾਂ ਚੁਕਾਉਣ ਤੋਂ ਦਿੱਤੀ ਗਈ ਛੋਟ ਦੀ ਮਿਆਦ (ਮੋਰਾਟੋਰੀਅਮ) ਖਤਮ ਹੋਣ ਨਾਲ ਹੀ ਪੁਨਰਗਠਨ ਦੇ ਪ੍ਰਸਤਾਵਾਂ ਦੀ ਸਮਾਂ-ਹੱਦ ਤੇਜ਼ੀ ਨਾਲ ਨਜ਼ਦੀਕ ਆ ਰਹੀ ਹੈ। ਅਜਿਹੇ ’ਚ ਬੈਂਕਾਂ ਦੀ ਵਿੱਤੀ ਹਾਲਤ ’ਤੇ ਜਾਇਦਾਦ ਦੀ ਗੁਣਵੱਤਾ ਅਤੇ ਭਵਿੱਖ ਦੀ ਕਮਾਈ ਦੇ ਸੰਦਰਭ ’ਚ ਅਸਰ ਪੈ ਸਕਦਾ ਹੈ।’’ ਰਿਜ਼ਰਵ ਬੈਂਕ ਨੇ ਕਿਹਾ ਕਿ ਅਜਿਹੇ ’ਚ ਬੈਂਕਾਂ ਨੂੰ ਤਿਆਰ ਰਹਿਣਾ ਚਾਹੀਦਾ ਹੈ।

ਇਹ ਵੀ ਵੇਖੋ - PNB ਖ਼ਾਤਾਧਾਰਕਾਂ ਲਈ ਖ਼ੁਸ਼ਖ਼ਬਰੀ, ਹੁਣ ਡੈਬਿਟ ਕਾਰਡ ’ਚੋਂ ਪੈਸੇ ਚੋਰੀ ਹੋਣ ਦਾ ਝੰਜਟ ਹੋਇਆ ਖ਼ਤਮ

ਨੋਟ - ਇਸ ਖਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


Harinder Kaur

Content Editor

Related News