ਹੁਣ ਦੋਸਤਾਂ ਲਈ ਵੀ ਖਰੀਦ ਸਕੋਗੇ ਬੀਮਾ ਪਾਲਸੀ, IRDA ਨੇ ਦਿੱਤੀ ਮਨਜ਼ੂਰੀ

01/27/2020 1:53:21 PM

ਨਵੀਂ ਦਿੱਲੀ — ਹੁਣ ਤੁਸੀਂ ਆਪਣੇ ਕਰੀਬੀ ਦੋਸਤ ਜਾਂ ਫਿਰ ਰਿਸ਼ਤੇਦਾਰ ਲਈ ਵੀ ਬੀਮਾ ਪਾਲਸੀ ਖਰੀਦ ਸਕੋਗੇ। ਬੀਮਾ ਰੈਗੂਲੇਟਰੀ ਅਥਾਰਟੀ ਆਈ.ਆਰ.ਡੀ.ਏ.(IRDA) ਨੇ ਅਜਿਹੀ ਪਾਲਿਸੀ ਲਿਆਉਣ ਲਈ ਬੀਮਾ ਕੰਪਨੀਆਂ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਆਈ.ਆਰ.ਡੀ.ਏ. ਨੇ ਇਸ ਨੂੰ ਫਰੈਂਡ ਇੰਸ਼ੋਰੈਂਸ ਦਾ ਨਾਂ ਦਿੱਤਾ ਹੈ। ਇਸ ਪਾਲਸੀ ਨੂੰ ਲੈਣ ਵਾਲੇ ਸਮੂਹ ਨੂੰ ਛੋਟ ਵੀ ਮਿਲੇਗੀ।

ਮੌਜੂਦਾ ਸਮੇਂ 'ਚ ਲਿਆ ਜਾ ਸਕਦਾ ਹੈ ਸਿਹਤ ਬੀਮਾ

ਆਈ.ਆਰ.ਡੀ.ਏ. ਨੇ ਫਿਲਹਾਲ ਸਿਹਤ ਬੀਮਾ ਲਿਆਉਣ ਲਈ ਕੰਪਨੀਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਆਈ.ਆਰ.ਡੀ.ਏ. ਨੇ ਰੇਲੀਗੇਅਰ ਹੈਲਥ ਇੰਸ਼ੋਰੈਂਸ, ਮੈਕਸ ਬੂਪਾ ਹੈਲਥ ਇੰਸ਼ੋਰੈਂਸ ਅਤੇ ਕੋਟਕ ਮਹਿੰਦਰਾ ਜਨਰਲ ਬੀਮਾ ਨੂੰ ਸੈਂਡ ਬਾਕਸ ਦੇ ਤਹਿਤ ਅਜਿਹਾ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਕੰਪਨੀਆਂ 1 ਫਰਵਰੀ ਤੋਂ ਇਸ ਯੋਜਨਾ ਨੂੰ ਪਾਇਲਟ ਬੇਸਿਸ 'ਤੇ ਅਗਲੇ ਛੇ ਮਹੀਨਿਆਂ ਲਈ ਲਾਗੂ ਕਰ ਸਕਣਗੀਆਂ।

ਪਾਲਸੀ ਦਾ ਫਾਰਮੈਟ 

ਇਕ ਅਖਬਾਰ ਦੀ ਰਿਪੋਰਟ ਅਨੁਸਾਰ ਹੁਣ ਤੱਕ ਜਿਹੜਾ ਵੀ ਵਿਅਕਤੀ ਸਿਹਤ ਬੀਮਾ ਪਾਲਿਸੀ ਲੈਂਦਾ ਸੀ ਉਹ ਸਿਰਫ ਆਪਣੇ ਪਰਿਵਾਰ (ਮਾਤਾ-ਪਿਤਾ, ਪਤਨੀ / ਪਤੀ ਅਤੇ ਦੋ ਬੱਚਿਆਂ) ਲਈ ਪਾਲਸੀ ਲੈ ਸਕਦਾ ਸੀ। ਪਰ ਹੁਣ ਉਹ ਵਿਅਕਤੀ ਆਪਣੇ ਦੋਸਤਾਂ ਜਾਂ ਰਿਸ਼ਤੇਦਾਰਾਂ ਨੂੰ ਵੀ ਇਸ ਫੈਮਿਲੀ ਪਾਲਸੀ ਵਿਚ ਸ਼ਾਮਲ ਕਰ  ਸਕੇਗਾ।
ਇਨ੍ਹਾਂ ਸਾਰਿਆਂ ਦਾ ਪਾਲਸੀ ਨੰਬਰ ਵੀ ਇਕ ਹੋਵੇਗਾ। ਨਵੀਨੀਕਰਣ ਦੇ ਸਮੇਂ ਲੋਕਾਂ ਨੂੰ ਪ੍ਰੀਮੀਅਮ 'ਤੇ 15 ਫੀਸਦੀ ਦੀ ਛੋਟ ਮਿਲੇਗੀ, ਜੇਕਰ ਕਿਸੇ ਤਰ੍ਹਾਂ ਦਾ ਕਲੇਮ ਨਹੀਂ ਲਿਆ ਗਿਆ ਹੈ। ਇਸਦੇ ਨਾਲ ਹੀ ਲੋਕਾਂ ਨੂੰ ਪੰਜ ਤੋਂ ਇਕ ਕਰੋੜ ਰੁਪਏ ਤੱਕ ਦਾ ਕਵਰ ਵੀ ਮਿਲੇਗਾ। ਹਾਲਾਂਕਿ ਇਸ ਵਿਚ ਘੱਟੋ-ਘੱਟ ਪੰਜ ਲੋਕਾਂ ਦਾ ਹੋਣਾ ਜ਼ਰੂਰੀ ਹੈ ਅਤੇ ਵਧ ਤੋਂ ਵਧ 30 ਲੋਕਾਂ ਨੂੰ ਇਸ ਪਾਲਸੀ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਇਕ ਪਾਲਸੀ ਵਿਚ ਸ਼ਾਮਲ ਲੋਕਾਂ ਨੂੰ ਹੈਲਥ ਚੈੱਕਅੱਪ ਅਤੇ ਡਾਕਟਰ ਕੋਲ ਸਲਾਹ ਲਈ ਕਿੰਨੀ ਵਾਰ ਗਏ ਹਨ ਉਸ 'ਤੇ ਸਕੋਰ ਵੀ ਮਿਲੇਗਾ।
 


Related News