ਹੁਣ ਟਵਿੱਟਰ ਨੂੰ ਖਰੀਦਣਾ ਚਾਹੁੰਦੇ ਹਨ Elon Musk, 54.20 ਡਾਲਰ ਪ੍ਰਤੀ ਸ਼ੇਅਰ ਦੀ ਕੀਤੀ ਪੇਸ਼ਕਸ਼

04/14/2022 6:09:22 PM

ਨਿਊਯਾਰਕ - ਟੇਸਲਾ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਏਲੋਨ ਮਸਕ ਨੇ ਹੁਣ ਟਵਿੱਟਰ ਨੂੰ ਖਰੀਦਣ ਦੀ ਪੇਸ਼ਕਸ਼ ਕੀਤੀ ਹੈ। ਕੁਝ ਦਿਨ ਪਹਿਲਾਂ ਉਨ੍ਹਾਂ ਨੇ ਕਿਹਾ ਸੀ ਕਿ ਉਹ ਹੁਣ ਸੋਸ਼ਲ ਮੀਡੀਆ ਕੰਪਨੀ ਦੇ ਬੋਰਡ ਆਫ ਡਾਇਰੈਕਟਰਜ਼ 'ਚ ਨਹੀਂ ਰਹਿਣਗੇ। ਮਸਕ ਕੋਲ ਇਸ ਸਮੇਂ ਟਵਿੱਟਰ ਦੇ ਨੌਂ ਫੀਸਦੀ ਤੋਂ ਵੱਧ ਸ਼ੇਅਰ ਹਨ।

ਉਹ ਕੰਪਨੀ ਦਾ ਸਭ ਤੋਂ ਵੱਡਾ ਸ਼ੇਅਰ ਧਾਰਕ ਹੈ। ਟਵਿੱਟਰ ਨੇ ਵੀਰਵਾਰ ਨੂੰ ਸਟਾਕ ਐਕਸਚੇਂਜ ਨੂੰ ਦੱਸਿਆ ਕਿ ਮਸਕ ਨੇ ਬੁੱਧਵਾਰ ਨੂੰ ਕੰਪਨੀ ਦੇ ਬਾਕੀ ਸ਼ੇਅਰਾਂ ਨੂੰ ਖਰੀਦਣ ਦਾ ਪ੍ਰਸਤਾਵ ਦਿੰਦੇ ਹੋਏ ਇੱਕ ਪੱਤਰ ਭੇਜਿਆ ਹੈ। ਮਸਕ ਨੇ ਹਰੇਕ ਟਵਿੱਟਰ ਸ਼ੇਅਰ ਲਈ 54.20 ਡਾਲਰ ਦੀ ਪੇਸ਼ਕਸ਼ ਕੀਤੀ ਹੈ। ਉਸ ਨੇ ਇਸ ਕੀਮਤ ਨੂੰ ਆਪਣੀ ਵੱਧ ਤੋਂ ਵੱਧ ਅਤੇ ਅੰਤਿਮ ਪੇਸ਼ਕਸ਼ ਕਰਾਰ ਦਿੱਤਾ ਹੈ।

ਮਸਕ ਨੇ ਇੱਕ ਸਟਾਕ ਐਕਸਚੇਂਜ ਬ੍ਰੀਫਿੰਗ ਵਿੱਚ ਕਿਹਾ, "ਮੈਂ ਟਵਿੱਟਰ ਵਿੱਚ ਨਿਵੇਸ਼ ਕੀਤਾ ਕਿਉਂਕਿ ਮੈਂ ਦੁਨੀਆ ਭਰ ਵਿੱਚ ਆਜ਼ਾਦ ਪ੍ਰਗਟਾਵੇ ਲਈ ਇੱਕ ਪਲੇਟਫਾਰਮ ਹੋਣ ਵਿੱਚ ਵਿਸ਼ਵਾਸ ਕਰਦਾ ਹਾਂ ਅਤੇ ਮੇਰਾ ਮੰਨਣਾ ਹੈ ਕਿ ਆਜ਼ਾਦ ਪ੍ਰਗਟਾਵੇ ਇੱਕ ਕਾਰਜਸ਼ੀਲ ਲੋਕਤੰਤਰ ਦੀ ਕੁੰਜੀ ਹੈ।" ਇਸ ਦੇ ਨਾਲ ਉਸਨੇ ਅੱਗੇ ਕਿਹਾ, "ਹਾਲਾਂਕਿ ਨਿਵੇਸ਼ ਕਰਨ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਕੰਪਨੀ ਆਪਣੇ ਮੌਜੂਦਾ ਰੂਪ ਵਿੱਚ ਨਾ ਤਾਂ ਵਿਕਾਸ ਕਰੇਗੀ ਅਤੇ ਨਾ ਹੀ ਇਸ ਸਮਾਜਿਕ ਲੋੜ ਨੂੰ ਪੂਰਾ ਕਰੇਗੀ। ਟਵਿੱਟਰ ਨੂੰ ਇੱਕ ਪ੍ਰਾਈਵੇਟ ਕੰਪਨੀ ਵਿੱਚ ਬਦਲਣ ਦੀ ਲੋੜ ਹੈ।” 

ਇਹ ਵੀ ਪੜ੍ਹੋ : ਇਲੈਕਟ੍ਰਿਕ ਵਾਹਨਾਂ ਦੇ ਕੱਚੇ ਮਾਲ ਦੀਆਂ ਕੀਮਤਾਂ ਅਸਮਾਨ ’ਤੇ, Elon Musk ਬਣਾ ਰਹੇ ਇਹ ਯੋਜਨਾ

ਬਾਜ਼ਾਰ ਖੁੱਲ੍ਹਣ ਤੋਂ ਪਹਿਲਾਂ, ਟਵਿੱਟਰ ਦੇ ਸ਼ੇਅਰਾਂ ਵਿੱਚ ਲਗਭਗ 11 ਪ੍ਰਤੀਸ਼ਤ ਦੀ ਛਾਲ ਦੇਖਣ ਨੂੰ ਮਿਲੀ। ਮਸਕ ਦੀ ਖਰੀਦਦਾਰੀ ਦੀ ਪੇਸ਼ਕਸ਼ ਟਵਿੱਟਰ ਨਾਲ ਉਸਦੇ ਰਿਸ਼ਤੇ ਵਿੱਚ ਨਵੀਨਤਮ ਲੜੀ ਹੈ। 

ਅਰਬਪਤੀ ਕਾਰੋਬਾਰੀ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਸੀ ਕਿ ਉਹ 31 ਜਨਵਰੀ ਤੋਂ ਹਰ ਰੋਜ਼ ਸ਼ੇਅਰ ਖਰੀਦ ਰਿਹਾ ਹੈ। ਸਿਰਫ਼ ਵੈਨਗਾਰਡ ਗਰੁੱਪ ਮਿਉਚੁਅਲ ਫੰਡ ਅਤੇ ਈਟੀਐਫ ਕੋਲ ਟਵਿੱਟਰ ਦੇ ਜ਼ਿਆਦਾਤਰ ਸ਼ੇਅਰਾਂ ਦਾ ਕੰਟਰੋਲ ਹੈ। ਸ਼ੇਅਰ ਬਾਜ਼ਾਰ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਉਸ ਸਮੇਂ ਟਵਿੱਟਰ ਨੇ ਮਸਕ ਨੂੰ ਇਸ ਸ਼ਰਤ 'ਤੇ ਆਪਣੇ ਬੋਰਡ 'ਚ ਰੱਖਿਆ ਸੀ ਕਿ ਉਹ ਕੰਪਨੀ ਦੇ ਬਕਾਇਆ ਸ਼ੇਅਰਾਂ 'ਚੋਂ 14.9 ਫੀਸਦੀ ਤੋਂ ਵੱਧ ਦਾ ਮਾਲਕ ਨਹੀਂ ਹੋਵੇਗਾ।

ਪਰ, ਮਸਕ ਨੇ ਬਾਅਦ ਵਿੱਚ ਬੋਰਡ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ। ਮਸਕ ਦੇ ਟਵਿੱਟਰ 'ਤੇ 8.1 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ। ਉਹ ਇਸ ਪਲੇਟਫਾਰਮ 'ਤੇ ਸਭ ਤੋਂ ਮਸ਼ਹੂਰ ਹਸਤੀਆਂ ਵਿੱਚੋਂ ਇੱਕ ਹੈ। ਉਹ ਏਰੀਆਨਾ ਗ੍ਰਾਂਡੇ ਅਤੇ ਲੇਡੀ ਗਾਗਾ ਵਰਗੇ ਪੌਪ ਸਿਤਾਰਿਆਂ ਨਾਲ ਮੁਕਾਬਲਾ ਕਰ ਰਿਹਾ ਹੈ। ਹਾਲਾਂਕਿ, ਉਨ੍ਹਾਂ ਦੇ ਟਵੀਟਸ ਨੇ ਕਈ ਵਾਰ ਉਨ੍ਹਾਂ ਨੂੰ ਮੁਸੀਬਤ ਵਿੱਚ ਪਾ ਦਿੱਤਾ ਹੈ।

ਇਹ ਵੀ ਪੜ੍ਹੋ : ਬੈਂਕ ਧੋਖਾਧੜੀ 'ਚ CBI ਨੂੰ ਵੱਡੀ ਸਫਲਤਾ, ਨੀਰਵ ਮੋਦੀ ਦੇ ਕਰੀਬੀ ਸੁਭਾਸ਼ ਸ਼ੰਕਰ ਨੂੰ ਲਿਆਂਦਾ ਮੁੰਬਈ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News