ਸਮਾਰਟ ਫੋਨ ਤੋਂ ਹੁਣ ਮੈਸੇਜ ਦੀ ਤਰ੍ਹਾਂ ਚੁਟਕੀਆਂ ''ਚ ਟਰਾਂਸਫਰ ਕਰੋ ਪੈਸਾ

08/26/2016 10:21:10 AM

ਨਵੀਂ ਦਿੱਲੀ— ਪੈਸੇ ਟਰਾਂਸਫਰ ਦਾ ਸਭ ਤੋਂ ਸੌਖਾ ਤਰੀਕਾ ਯੂਨੀਫਾਈਡ ਭੁਗਤਾਨ ਇੰਟਰਫੇਸ (ਯੂ ਪੀ ਆਈ) ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਸ ਮੋਬਾਇਲ ਐਪ ਦੀ ਵਰਤੋਂ ਨਾਲ ਪੈਸੇ ਟਰਾਂਸਫਰ ਕਰਨਾ ਮੈਸੇਜ ਭੇਜਣ ਜਿੰਨਾ ਹੀ ਸੌਖਾ ਹੋ ਜਾਵੇਗਾ। ਇਸ ਸੇਵਾ ਦਾ ਮਕਸਦ ਡਿਜ਼ੀਟਲ ਲੈਣ-ਦੇਣ ਨੂੰ ਵਾਧਾ ਦੇਣਾ ਹੈ। ਇਕ ਅਧਿਐਨ ਮੁਤਾਬਕ ਭਾਰਤ ''ਚ ਅਜੇ ਵੀ ਕੁੱਲ ਵਿਕਾਸ ਦਰ ਦਾ 12 ਫੀਸਦੀ ਦੇ ਬਰਾਬਰ ਨਕਦੀ ਲੈਣ-ਦੇਣ ਹੁੰਦਾ ਹੈ। 

ਭਾਰਤੀ ਰਾਸ਼ਟਰੀ ਭੁਗਤਾਨ ਨਿਗਮ (ਐੱਨ ਪੀ ਸੀ ਆਈ) ਮੁਤਾਬਕ ਫਿਲਹਾਲ 21 ਬੈਂਕ ਇਸ ਪ੍ਰਣਾਲੀ ਨਾਲ ਜੁੜਨਗੇ। ਜ਼ਿਕਰਯੋਗ ਹੈ ਕਿ ਇਹ ਪ੍ਰਣਾਲੀ 31 ਜੁਲਾਈ ਤੋਂ ਹੀ ਸ਼ੁਰੂ ਹੋਣੀ ਸੀ ਪਰ ਕੁਝ ਵਿੱਤੀ ਅਦਾਰਿਆਂ ਦੀ ਤਿਆਰ ਪੂਰੀ ਨਾ ਹੋਣ ਕਾਰਨ ਇਸ ''ਚ ਦੇਰੀ ਹੋ ਗਈ। ਐੱਸ. ਬੀ. ਆਈ. ਸਮੇਤ ਕਈ ਅਦਾਰੇ ਤੈਅ ਸਮੇਂ ''ਚ ਕੰਮ ਪੂਰਾ ਨਹੀਂ ਕਰ ਸਕੇ। 

ਯੂ. ਪੀ. ਆਈ. ਨਾਮ ਵਾਲੀ ਐਪ ਨਾਲ ਸਹੀ ਸਮੇਂ ''ਚ ਭੁਗਤਾਨ ਹੋ ਜਾਵੇਗਾ। ਇਸ ਐਪ ਦੀ ਵਰਤੋਂ ਕਰਕੇ ਗਾਹਕ ਖਾਸ ਪਤਾ, ਮੋਬਾਇਲ ਨੰਬਰ ਜਾਂ ਆਧਾਰ ਨੰਬਰ ਰਾਹੀਂ ਭੁਗਤਾਨ ਕਰ ਸਕਣਗੇ। ਇਸ ''ਚ ਪੈਸਿਆਂ ਦੇ ਲੈਣ-ਦੇਣ ਨਾਲ ਜੁੜੇ ਕਿਸੇ ਵੀ ਪੱਖ ਨੂੰ ਬੈਂਕ ਖਾਤੇ ਜਾਂ ਕ੍ਰੈਡਿਟ-ਡੈਬਿਟ ਕਾਰਡ ਦੇ ਵੇਰਵੇ ਦੀ ਜ਼ਰੂਰਤ ਨਹੀਂ ਦੇਣੀ ਪਵੇਗੀ। ਇਸ ਤੋਂ ਇਲਾਵਾ ਇਸ ''ਚ ਕਿਸੇ ਨੂੰ ਭੁਗਤਾਨ ਯਾਦ ਕਰਵਾਉਣ ਜਾਂ ਬੇਨਤੀ ਭੇਜਣ ਦਾ ਵੀ ਬਦਲ ਮਿਲੇਗਾ।

ਇਹ ਐਪ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕਰਨੀ ਹੋਵੇਗੀ। ਰਿਜ਼ਰਵ ਬੈਂਕ ਨੇ ਇਸ ਦੀ ਸ਼ੁਰੂਆਤ 11 ਅਪ੍ਰੈਲ ਨੂੰ ਕੀਤੀ ਸੀ। ਪਹਿਲੇ ਪੜਾਅ ''ਚ ਇਸ ਐਪ ਦੀ ਸ਼ੁਰੂਆਤ ਆਈ. ਸੀ. ਆਈ. ਸੀ. ਆਈ. ਅਤੇ ਐਕਸਿਸ ਵਰਗੇ ਬੈਂਕਾਂ ਨਾਲ ਹੋਵੇਗੀ। ਐੱਸ. ਬੀ. ਆਈ. ਕੋਲ ਫਿਲਹਾਲ ਯੂ. ਪੀ. ਆਈ. ਐਪ ਨਹੀਂ ਹੈ। ਐੱਨ. ਪੀ. ਸੀ. ਆਈ. ਨੇ ਪੈਸਿਆਂ ਦੇ ਲੈਣ-ਦੇਣ ਲਈ UPI ਐਪ ਤਿਆਰ ਕੀਤੀ ਹੈ। ਇਸ ਨਾਲ ਪੈਸੇ ਭੇਜਣ ਲਈ ਕਿਸੇ ਤਰ੍ਹਾਂ ਦੇ ਬੈਂਕ ਵੇਰਵੇ ਦੀ ਜ਼ਰੂਰਤ ਨਹੀਂ ਹੋਵੇਗੀ। 

ਫਿਲਹਾਲ ਇਹ ਬੈਂਕ ਗੂਗਲ ਪਲੇਅ ਸਟੋਰ ''ਤੇ ਐਪ ਮੁਹੱਈਆ ਕਰਵਾ ਰਹੇ ਹਨ, ਆਂਧਰਾ ਬੈਂਕ, ਐਕਸਿਸ ਬੈਂਕ, ਬੈਂਕ ਆਫ ਮਹਾਰਾਸ਼ਟਰਾ, ਕੇਨਰਾ ਬੈਂਕ, ਓਰੀਐਂਟਲ ਬੈਂਕ ਆਫ ਕਾਮਰਸ, ਆਈ. ਸੀ. ਆਈ. ਸੀ. ਆਈ. ਬੈਂਕ, ਯੈੱਸ ਬੈਂਕ, ਪੰਜਾਬ ਨੈਸ਼ਨਲ ਬੈਂਕ, ਵਿਜਯਾ ਬੈਂਕ, ਯੂਨਾਈਟਿਡ ਬੈਂਕ ਆਫ ਇੰਡੀਆ, ਯੂਕੋ ਬੈਂਕ ਅਤੇ ਫੈਡਰਲ ਬੈਂਕ। ਰਾਸ਼ਟਰੀ ਭੁਗਤਾਨ ਨਿਗਮ ਮੁਤਾਬਕ, 19 ਬੈਂਕਾਂ ਦੀ ਯੂ. ਪੀ. ਆਈ. ਐਪਲੀਕੇਸ਼ਨ ਇਕ-ਦੋ ਦਿਨਾਂ ਤੱਕ ਗੂਗਲ ਸਟੋਰ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ।

ਇਹ ਕਰਨਾ ਹੋਵੇਗਾ ਤੁਹਾਨੂੰ

* ਐਪ ਦੀ ਵਰਤੋਂ ਕਰਨ ਲਈ ਬੈਂਕ ''ਚ ਖਾਤਾ ਅਤੇ ਸਮਾਰਟ ਫੋਨ ਹੋਣਾ ਜ਼ਰੂਰੀ ਹੈ।

* ਗੂਗਲ ਪਲੇਅ ਸਟੋਰ ''ਚ ਜਾ ਕੇ ਯੂ. ਪੀ. ਆਈ. ਐਪ ਡਾਊਨਲੋਡ ਕਰਨੀ ਹੋਵੇਗੀ ਅਤੇ ਉਸ ਨੂੰ ਬੈਂਕ ਖਾਤੇ ਨਾਲ ਜੋੜਨਾ ਹੋਵੇਗਾ।

* ਇਕ ਖਾਸ ਆਈ. ਡੀ. ਬਣਾਉਣੀ ਹੋਵੇਗੀ। ਮੋਬਾਇਲ ਪਿਨ ਜਨਰੇਟ ਕਰਨਾ ਹੋਵੇਗਾ ਅਤੇ ਉਸ ਨੂੰ ਆਧਾਰ ਨਾਲ ਲਿੰਕ ਕਰਨਾ ਹੋਵੇਗਾ। 

ਐਪ ਨਾਲ ਸੁਵਿਧਾ

* ਇਕ ਲੱਖ ਰੁਪਏ ਤਕ ਦੇ ਲੈਣ-ਦੇਣ ਕੀਤੇ ਜਾ ਸਕਣਗੇ। 

* 50 ਰੁਪਏ ਤੋਂ ਘੱਟ ਰਕਮ ਦੇ ਲੈਣ-ਦੇਣ ਵੀ ਕੀਤੇ ਜਾ ਸਕਣਗੇ।

* ਉਸੇ ਵੇਲੇ ਲੈਣ-ਦੇਣ ਹੋ ਸਕੇਗਾ। 

ਐਪ ਦੇ ਫਾਇਦੇ 

* ਪਾਣੀ-ਬਿਜਲੀ, ਫੋਨ ਆਦਿ ਦੇ ਬਿੱਲ ਅਦਾ ਕਰ ਸਕੋਗੇ। 

* ਬਾਹਰ ਕੰਮ ਕਰਨ ਵਾਲਿਆਂ ਨੂੰ ਘਰ ਪੈਸੇ ਭੇਜਣ ਦੀ ਆਸਾਨੀ ਹੋਵੇਗੀ। 

* ਰੈਸਟੋਰੈਂਟ ''ਚ ਬੈਠੇ-ਬੈਠੇ ਆਪਣੇ ਦੋਸਤ ਦਾ ਬਿੱਲ ਅਦਾ ਕਰ ਸਕੋਗੇ।

* ਕੈਸ਼ ਆਨ ਡਿਲੀਵਰੀ ਦੀ ਥਾਂ ਐਪ ਤੋਂ ਪੈਸੇ ਟਰਾਂਸਫਰ ਕਰਕੇ ਸਾਮਾਨ ਪ੍ਰਾਪਤ ਕਰ ਸਕੋਗੇ।


Related News