ਹੁਣ ਰੋਬੋਟ ਵੀ ਬਣਾਉਣਗੇ ਮੁਕੇਸ਼ ਅੰਬਾਨੀ !, ਰੋਬੋਟਿਕਸ ਕੰਪਨੀ ’ਤੇ ਖੇਡਿਆ ਵੱਡਾ ਦਾਅ
Wednesday, Jan 19, 2022 - 10:58 AM (IST)
ਨਵੀਂ ਦਿੱਲੀ- ਉਦਯੋਗਪਤੀ ਮੁਕੇਸ਼ ਅੰਬਾਨੀ ਹੁਣ ਲੱਗਦਾ ਹੈ ਰੋਬੋਟ ਬਣਾਉਣ ਦੀ ਤਿਆਰੀ ’ਚ ਹਨ ਕਿਉਂਕਿ ਉਨ੍ਹਾਂ ਨੇ ਇਕ ਰੋਬੋਟਿਕਸ ਕੰਪਨੀ ’ਤੇ ਵੱਡਾ ਦਾਅ ਖੇਡਦੇ ਹੋਏ ਉਸ ’ਚ ਹਿੱਸੇਦਾਰੀ ਖਰੀਦੀ ਹੈ। ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਰਿਟੇਲ ਨੇ ਘਰੇਲੂ ਰੋਬੋਟਿਕਸ ਕੰਪਨੀ ਐਡਵਰਬ ’ਚ 13.2 ਕਰੋੜ ਅਮਰੀਕੀ ਡਾਲਰ (ਲਗਭਗ 983 ਕਰੋੜ ਰੁਪਏ) ’ਚ 54 ਫੀਸਦੀ ਹਿੱਸੇਦਾਰੀ ਖਰੀਦੀ ਹੈ।
ਐਡਵਰਬ ਟੈਕਨੋਲਾਜੀਜ਼ ਦੇ ਸਹਿ-ਸੰਸਥਾਪਕ ਅਤੇ ਸੀ. ਈ. ਓ. ਸੰਗੀਤ ਕੁਮਾਰ ਦਾ ਕਹਿਣਾ ਹੈ ਕਿ ਕੰਪਨੀ ਸੁਤੰਤਰ ਰੂਪ ’ਚ ਕੰਮ ਕਰਨਾ ਜਾਰੀ ਰੱਖੇਗੀ। ਰਿਲਾਇੰਸ ਤੋਂ ਮਿਲੀ ਰਾਸ਼ੀ ਦੀ ਵਰਤੋਂ ਵਿਦੇਸ਼ ’ਚ ਕਾਰੋਬਾਰ ਦੇ ਵਿਸਤਾਰ ਅਤੇ ਨੋਇਡਾ ’ਚ ਇਕ ਵੱਡੇ ਰੋਬੋਟ ਨਿਰਮਾਣ ਪਲਾਂਟ ਦੀ ਸਥਾਪਨਾ ਲਈ ਕੀਤੀ ਜਾਵੇਗੀ।
ਕੰਪਨੀ ਦੇ ਕੋਲ ਪਹਿਲਾਂ ਹੀ ਨੋਇਡਾ ’ਚ ਇਕ ਨਿਰਮਾਣ ਪਲਾਂਟ ਹੈ, ਜਿੱਥੇ ਹਰ ਸਾਲ ਲਗਭਗ 10,000 ਰੋਬੋਟ ਬਣਾਏ ਜਾਂਦੇ ਹਨ। ਕੁਮਾਰ ਨੇ ਕਿਹਾ, ‘‘ਇਸ ਨਿਵੇਸ਼ ਦੇ ਨਾਲ ਰਿਲਾਇੰਸ ਦੇ ਕੋਲ ਐਡਵਰਬ ’ਚ ਲਗਭਗ 54 ਫ਼ੀਸਦੀ ਹਿੱਸੇਦਾਰੀ ਹੋਵੇਗੀ। ਉਹ ਕੰਪਨੀ ’ਚ ਸਭ ਤੋਂ ਵੱਡੇ ਸ਼ੇਅਰਧਾਰਕ ਬਣ ਗਏ ਹਨ। ਰਿਲਾਇੰਸ ਪਹਿਲਾਂ ਹੀ ਸਾਡੇ ਸਨਮਾਨਿਤ ਗਾਹਕਾਂ ’ਚੋਂ ਇਕ ਸੀ, ਜਿਸ ਦੇ ਨਾਲ ਮਿਲ ਕੇ ਅਸੀਂ ਉਨ੍ਹਾਂ ਦੇ ਕਰਿਆਨਾ ਕਾਰੋਬਾਰ ਜਿਓ ਮਾਰਟ ਲਈ ਉੱਚ ਸਮਰੱਥਾ ਵਾਲੇ ਆਟੋਮੈਟਿਕ ਗੁਦਾਮਾਂ ਦਾ ਨਿਰਮਾਣ ਕੀਤਾ ਸੀ।’’
ਕਮਾਈ ਦਾ 80 ਫ਼ੀਸਦੀ ਹਿੱਸਾ ਭਾਰਤ ਤੋਂ
ਉਨ੍ਹਾਂ ਕਿਹਾ ਕਿ ਰਿਲਾਇੰਸ ਰਿਟੇਲ ਦੇ ਨਾਲ ਰਣਨੀਤਿਕ ਸਾਂਝੇਦਾਰੀ ਨਾਲ ਸਾਨੂੰ ਨਵੀਂ ਊਰਜਾ ਪਹਿਲਾਂ ਦੇ ਜਰੀਏ 5-ਜੀ, ਬੈਟਰੀ ਟੈਕਨਾਲੌਜੀ ਦਾ ਲਾਭ ਲੈਣ ’ਚ ਮਦਦ ਮਿਲੇਗੀ। ਕੁਮਾਰ ਨੇ ਕਿਹਾ, ‘‘ਇਸ ਸਮੇਂ ਸਾਡੀ ਕਮਾਈ ਦਾ 80 ਫ਼ੀਸਦੀ ਹਿੱਸਾ ਭਾਰਤ ਤੋਂ ਆਉਂਦਾ ਹੈ ਪਰ ਅਗਲੇ 4-5 ਸਾਲਾਂ ’ਚ ਭਾਰਤ ਅਤੇ ਵਿਦੇਸ਼ ਵਪਾਰ ਵਿਚਾਲੇ 50-50 ਫ਼ੀਸਦੀ ਦੀ ਹਿੱਸੇਦਾਰੀ ਹੋਣ ਦੀ ਉਮੀਦ ਹੈ। ਸਾਡੀ ਆਮਦਨ ’ਚ ਸਾਫਟਵੇਅਰ ਦੀ ਕੁੱਲ ਹਿੱਸੇਦਾਰੀ 15 ਫ਼ੀਸਦੀ ਹੈ, ਜਿਸ ’ਚ ਰਿਕਾਰਡ ਵਾਧੇ ਦਾ ਅੰਦਾਜਾ ਹੈ।’’
ਐਡਵਰਬ ਦੀ ਸਥਾਪਨਾ 2016 ’ਚ ਹੋਈ ਸੀ ਅਤੇ ਉਸ ਨੂੰ ਚਾਲੂ ਵਿੱਤੀ ਸਾਲ ਦੌਰਾਨ 400 ਕਰੋਡ਼ ਰੁਪਏ ਦੀ ਕਮਾਈ ਦੀ ਉਮੀਦ ਹੈ, ਜੋ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ 100 ਫ਼ੀਸਦੀ ਦੀ ਵਾਧਾ ਦਰਸਾਉਂਦਾ ਹੈ।