ਹੁਣ ਏਅਰ ਇੰਡੀਆ ''ਚ ਇਨ੍ਹਾਂ ਦਾ ਲੱਗੇਗਾ ਅੱਧਾ ਕਿਰਾਇਆ!

04/22/2017 8:28:07 AM

ਨਵੀਂ ਦਿੱਲੀ— ਏਅਰ ਇੰਡੀਆ ਨੇ ਕਿਰਾਏ ''ਚ ਰਿਆਇਤ ਲੈਣ ਵਾਲੇ ਸੀਨੀਅਰ ਨਾਗਰਿਕਾਂ ਦੀ ਉਮਰ ਹੱਦ 63 ਤੋਂ ਘਟਾ ਕੇ 60 ਸਾਲ ਕਰ ਦਿੱਤੀ ਹੈ। ਯਾਨੀ ਹੁਣ ਇਸ ਸਕੀਮ ਤਹਿਤ ਹਰ ਉਹ ਵਿਅਕਤੀ ਕਿਰਾਏ ''ਚ ਰਿਆਇਤ ਲੈ ਸਕੇਗਾ, ਜੋ ਭਾਰਤੀ ਨਾਗਰਿਕ ਹੈ ਅਤੇ ਉਸ ਦੀ ਉਮਰ 60 ਸਾਲ ਜਾਂ ਉਸ ਤੋਂ ਜ਼ਿਆਦਾ ਹੈ। ਉਸ ਨੂੰ ਕਿਰਾਏ ''ਤੇ 50 ਫੀਸਦੀ ਛੋਟ ਮਿਲੇਗੀ। ਹਾਲਾਂਕਿ, ਇਹ ਆਫਰ ਸਿਰਫ ਘਰੇਲੂ ਯਾਤਰਾ ਲਈ ਹੀ ਹੋਵੇਗਾ। 

ਇਸ ਸਹੂਲਤ ਦਾ ਫਾਇਦਾ ਲੈਣ ਲਈ ਸੀਨੀਅਰ ਨਾਗਰਿਕਾਂ ਨੂੰ ਪਛਾਣ ਪੱਤਰ ਦਿਖਾਉਣਾ ਹੋਵੇਗਾ, ਤਾਂ ਕਿ ਉਨ੍ਹਾਂ ਦੀ ਉਮਰ ਦਾ ਪਤਾ ਲੱਗ ਸਕੇ। ਸਬੂਤ ਦੇ ਤੌਰ ''ਤੇ ਆਧਾਰ, ਵੋਟਰ ਕਾਰਡ, ਪਾਸਪੋਰਟ, ਡਰਾਈਵਿੰਗ ਲਾਈਸੈਂਸ ਅਤੇ ਏਅਰ ਇੰਡੀਆ ਵੱਲੋਂ ਜਾਰੀ ਕੀਤਾ ਗਿਆ ਸੀਨੀਅਰ ਸਿਟੀਜ਼ਨ ਕਾਰਡ ਦਿਖਾਇਆ ਜਾ ਸਕਦਾ ਹੈ। 

ਬਦਸਲੂਕੀ ਕਰਨ ਵਾਲੇ ਯਾਤਰੀ ''ਤੇ ਹੋਵੇਗੀ ਕਾਰਵਾਈ

ਏਅਰ ਇੰਡੀਆ ਆਪਣੀ ਉਡਾਣ ''ਚ ਬਦਸਲੂਕੀ ਕਰਨ ਵਾਲੇ ਯਾਤਰੀਆਂ ''ਤੇ ਸਖਤ ਕਾਰਵਾਈ ਕਰਨ ਦੀ ਤਿਆਰੀ ਵੀ ਕਰ ਰਿਹਾ ਹੈ। ਇਸ ਲਈ ਉਸ ਨੇ ਨਵੇਂ ਦਿਸ਼ਾ-ਨਿਰਦੇਸ਼ ਤਿਆਰ ਕੀਤੇ ਹਨ। ਨਵੇਂ ਨਿਯਮਾਂ ਮੁਤਾਬਕ ਅਜਿਹੇ ਯਾਤਰੀਆਂ ''ਤੇ ਜੁਰਮਾਨਾ ਲਾਇਆ ਜਾਵੇਗਾ ਜਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕੁਝ ਮਾਮਲਿਆਂ ''ਚ ਜੁਰਮਾਨਾ ਅਤੇ ਕਾਨੂੰਨੀ ਕਾਰਵਾਈ ਦੋਵੇਂ ਕੀਤੀ ਜਾ ਸਕਦੀ ਹੈ। 

ਸੂਤਰਾਂ ਮੁਤਾਬਕ, ਜੇਕਰ ਕਿਸੇ ਯਾਤਰੀ ਦੇ ਹੰਗਾਮਾ ਜਾਂ ਵਿਵਾਦ ਕਾਰਨ ਉਡਾਣ ''ਚ ਦੇਰੀ ਹੋਈ ਤਾਂ ਉਸ ''ਤੇ ਜੁਰਮਾਨਾ ਲਾਇਆ ਜਾਵੇਗਾ। ਉਡਾਣ 1 ਘੰਟਾ ਲੇਟ ਹੋਈ ਤਾਂ ਦੋਸ਼ੀ ਯਾਤਰੀ ''ਤੇ 5 ਲੱਖ ਰੁਪਏ ਜੁਰਮਾਨਾ ਕੀਤਾ ਜਾਵੇਗਾ। ਇਕ ਤੋਂ ਦੋ ਘੰਟੇ ਦੀ ਦੇਰੀ ਹੋਣ ''ਤੇ 10 ਲੱਖ ਰੁਪਏ ਅਤੇ ਉਸ ਤੋਂ ਜ਼ਿਆਦਾ ਦੀ ਦੇਰੀ ਹੋਈ ਤਾਂ 15 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਅਜੇ ਇਨ੍ਹਾਂ ਨਿਯਮਾਂ ਨੂੰ ਮਨਜ਼ੂਰੀ ਨਹੀਂ ਮਿਲੀ ਹੈ ਪਰ ਖਰੜਾ ਤਿਆਰ ਹੈ। 


Related News