ਨਵੰਬਰ ’ਚ ਵਿਕਰੀ 3.94 ਲੱਖ ਯੂਨਿਟਸ ਤੱਕ ਵਧੀ, ਫਾਡਾ ਨੇ ਜਾਰੀ ਕੀਤਾ ਅੰਕੜਾ
Monday, Dec 08, 2025 - 06:01 PM (IST)
ਨਵੀਂ ਦਿੱਲੀ- ਫੈਡਰੇਸ਼ਨ ਆਫ ਆਟੋਮੋਬਾਈਲ ਡੀਲਰਸ ਐਸੋਸੀਏਸ਼ਨਜ਼ (ਫਾਡਾ) ਨੇ ਦੱਸਿਆ ਕਿ ਭਾਰਤ ’ਚ ਪਸੈਂਜਰ ਵ੍ਹੀਕਲ (ਪੀ.ਵੀ.) ਦੀ ਰਿਟੇਲ ਵਿਕਰੀ ਨਵੰਬਰ ’ਚ ਪਿਛਲੇ ਸਾਲ ਦੇ ਮੁਕਾਬਲੇ 20 ਫ਼ੀਸਦੀ ਵਧ ਕੇ 3,94, 152 ਯੂਨਿਟ ਹੋ ਗਈ। ਇਹ ਤੇਜ਼ੀ ਮੁੱਖ ਤੌਰ ’ਤੇ ਤਿਉਹਾਰਾਂ ਤੋਂ ਬਾਅਦ ਵੀ ਮਜ਼ਬੂਤ ਖਪਤਕਾਰ ਮੰਗ ਅਤੇ ਜੀ. ਐੱਸ. ਟੀ. ਸੁਧਾਰਾਂ ਕਾਰਨ ਰਹੀ। ਫਾਡਾ ਦੇ ਪ੍ਰਧਾਨ ਸੀ. ਐੱਸ. ਵਿਗਨੇਸ਼ਵਰ ਨੇ ਕਿਹਾ ਕਿ ਮੰਗ ਨੂੰ ਜੀ. ਐੱਸ. ਟੀ. ਲਾਭ, ਵਿਆਹਾਂ ਦੇ ਸੀਜ਼ਨ ਦੀ ਜ਼ਰੂਰਤ, ਲੋਕਪ੍ਰਿਯ ਮਾਡਲ ਦੀ ਬਿਹਤਰ ਉਪਲੱਬਧਤਾ ਅਤੇ ਕੰਪੈਕਟ ਐੱਸ. ਯੂ. ਵੀ. ਦੀ ਵਧਦੀ ਲੋਕਪ੍ਰਿਯਤਾ ਨੇ ਉਤਸ਼ਾਹਿਤ ਕੀਤਾ। ਇਨਵੈਂਟਰੀ ’ਚ ਵੀ ਤੇਜ਼ ਗਿਰਾਵਟ ਆਈ ਅਤੇ ਇਹ 44-46 ਦਿਨ ’ਤੇ ਆ ਗਈ, ਜਦੋਂ ਕਿ ਪਹਿਲਾਂ ਇਹ 53-55 ਦਿਨ ਸੀ, ਜਿਸਦੇ ਨਾਲ ਮੰਗ ਅਤੇ ਸਪਲਾਈ ’ਚ ਸੰਤੁਲਨ ਦਿਸਿਆ।
ਹੋਰ ਸੈਗਮੈਂਟ ਦਾ ਪ੍ਰਦਰਸ਼ਨ
ਕਮਰਸ਼ੀਅਲ ਵ੍ਹੀਕਲਸ : 20 ਫ਼ੀਸਦੀ ਵਾਧਾ
ਥ੍ਰੀ-ਵ੍ਹੀਲਰਸ : 24 ਫ਼ੀਸਦੀ ਵਾਧਾ
ਟਰੈਕਟਰਸ : 57 ਫ਼ੀਸਦੀ ਵਾਧਾ
ਟੂ- ਵ੍ਹੀਲਰਸ : 3 ਫ਼ੀਸਦੀ ਗਿਰਾਵਟ
ਕੰਸਟ੍ਰਕਸ਼ਨ ਉਪਕਰਨ : 17 ਫ਼ੀਸਦੀ ਗਿਰਾਵਟ
ਕੁਲ ਮਿਲਾ ਕੇ ਨਵੰਬਰ ’ਚ ਵਾਹਨ ਰਿਟੇਲ ਵਿਕਰੀ ’ਚ 2.14 ਫ਼ੀਸਦੀ ਦਾ ਸਾਲਾਨਾ ਵਾਧਾ ਦਰਜ ਹੋਇਆ ਭਾਵ ਕੁਲ 33 ਲੱਖ ਯੂਨਿਟਸ ਦੀ ਵਿਕਰੀ ਹੋਈ।
ਉਦਯੋਗ ਮਾਹਿਰ ਦਾ ਬਿਆਨ
ਵਿਗਨੇਸ਼ਵਰ ਨੇ ਕਿਹਾ ਕਿ ਨਵੰਬਰ 2025 ਨੇ ਰਵਾਇਤੀ ਪੋਸਟ-ਫੈਸਟਿਵ ਸਲੋਅ ਡਾਊਨ ਨੂੰ ਚੁਣੌਤੀ ਦਿੱਤੀ। ਇਸ ਵਾਰ ਜ਼ਿਆਦਾਤਰ ਤਿਉਹਾਰਾਂ ਦੀ ਖਰੀਦਦਾਰੀ ਅਕਤੂਬਰ ’ਚ ਹੋ ਚੁੱਕੀ ਸੀ, ਜਦੋਂ ਕਿ ਪਿਛਲੇ ਸਾਲ ਇਹ ਨਵੰਬਰ ’ਚ ਹੋਈ ਸੀ। ਇਸ ਦੇ ਬਾਵਜੂਦ ਆਟੋ ਰਿਟੇਲ ਨੇ ਮਜ਼ਬੂਤ ਪ੍ਰਦਰਸ਼ਨ ਕੀਤਾ, ਜਿਸ ਨਾਲ ਗਾਹਕ ਵਿਸ਼ਵਾਸ ਅਤੇ ਭਾਰਤ ਦੇ ਆਟੋ ਮਾਰਕੀਟ ਦੀ ਮਜ਼ਬੂਤੀ ਸਾਬਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜੀ. ਐੱਸ. ਟੀ. ਦਰ ’ਚ ਕਟੌਤੀ, ਓ. ਈ. ਐੱਮ.-ਡੀਲਰ ਆਫਰ ਅਤੇ ਵਿਆਹਾਂ ਦੇ ਸੀਜ਼ਨ ਦੀ ਮੰਗ ਨੇ ਖਰੀਦਦਾਰਾਂ ਨੂੰ ਸ਼ੋਅਰੂਮ ਤੱਕ ਖਿੱਚਿਆ। ਅਕਤੂਬਰ ’ਚ ਕੀਮਤਾਂ ’ਚ ਕਮੀ ਨਵੰਬਰ ’ਚ ਵੀ ਵਿਕਰੀ ਵਧਾਉਣ ’ਚ ਮਦਦਗਾਰ ਰਹੀ।
ਭਵਿੱਖ ਦੀਆਂ ਉਮੀਦਾਂ
ਫਾਡਾ ਅਨੁਸਾਰ ਅਗਲੇ ਤਿੰਨ ਮਹੀਨਿਆਂ ’ਚ ਆਟੋ ਰਿਟੇਲ ਦਾ ਵਾਧਾ ਜਾਰੀ ਰਹਿਣ ਦੀ ਸੰਭਾਵਨਾ ਹੈ। ਨਵੇਂ ਮਾਡਲ ਲਾਂਚ, ਜਨਵਰੀ ’ਚ ਕੀਮਤਾਂ ’ਚ ਵਾਧਾ ਅਤੇ ਵਿਆਹ ਸੀਜ਼ਨ ਦੀ ਮੰਗ ਵਿਕਰੀ ਵਧਾਉਣ ’ਚ ਸਹਾਇਕ ਹੋਵੇਗੀ। ਦਿਹਾਤੀ ਖੇਤਰਾਂ ’ਚ ਖੇਤੀਬਾੜੀ ਆਮਦਨ ’ਚ ਸੁਧਾਰ ਅਤੇ ਸਰਕਾਰ ਦੀ ‘ਵਨ ਨੇਸ਼ਨ, ਵਨ ਟੈਕਸ’ ਅਤੇ ‘ਵਿਕਸਿਤ ਭਾਰਤ 2047’ ਯੋਜਨਾ ਵੀ ਵਾਹਨ ਪਹੁੰਚ ਅਤੇ ਕਿਫਾਇਤੀ ਕੀਮਤਾਂ ਨੂੰ ਮਜ਼ਬੂਤ ਕਰੇਗੀ।
