ਨੋਟਬੰਦੀ ਸੋਚਿਆ-ਸਮਝਿਆ ਕਦਮ ਨਹੀਂ ਸੀ : ਰਾਜਨ
Friday, Apr 13, 2018 - 02:00 AM (IST)

ਨਿਊਯਾਰਕ— ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਦਾ ਮੰਨਣਾ ਹੈ ਕਿ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਦਾ ਲਾਗੂਕਰਨ ਅਜਿਹੀ ਸਮੱਸਿਆ ਨਹੀਂ ਹੈ ਜੋ ਹੱਲ ਨਹੀਂ ਹੋ ਸਕਦੀ। ਹਾਲਾਂਕਿ ਇਸ ਦੇ ਨਾਲ ਹੀ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨੋਟਬੰਦੀ ਸੋਚ-ਸਮਝ ਕੇ ਚੁੱਕਿਆ ਗਿਆ ਕਦਮ ਨਹੀਂ ਸੀ। ਨਰਿੰਦਰ ਮੋਦੀ ਸਰਕਾਰ ਵੱਲੋਂ ਜੀ. ਐੱਸ. ਟੀ. ਅਤੇ ਨੋਟਬੰਦੀ ਵਰਗੇ ਉਤਸ਼ਾਹੀ ਸੁਧਾਰਾਂ 'ਤੇ ਰਾਜਨ ਨੇ ਕਿਹਾ ਕਿ ਚੰਗਾ ਹੁੰਦਾ ਜੇਕਰ ਇਨ੍ਹਾਂ ਨੂੰ ਬਿਹਤਰ ਤਰੀਕੇ ਨਾਲ ਲਾਗੂ ਕੀਤਾ ਜਾਂਦਾ। ਰਾਜਨ ਨੇ ਕੈਂਬ੍ਰਿਜ 'ਚ ਕੱਲ ਹਾਰਵਰਡ ਕੈਨੇਡੀ ਸਕੂਲ 'ਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੀ. ਐੱਸ. ਟੀ. ਦਾ ਲਾਗੂਕਰਨ ਜੇਕਰ ਬਿਹਤਰ ਤਰੀਕੇ ਨਾਲ ਹੁੰਦਾ ਤਾਂ ਇਹ ਚੰਗਾ ਹੁੰਦਾ। ਹਾਲਾਂਕਿ ਇਹ ਅਜਿਹੀ ਸਮੱਸਿਆ ਨਹੀਂ ਹੈ, ਜਿਸ ਦਾ ਹੱਲ ਨਹੀਂ ਹੋ ਸਕਦਾ। ਅਸੀਂ ਇਸ 'ਤੇ ਕੰਮ ਕਰ ਸਕਦੇ ਹਾਂ। ਅਜੇ ਮੈਂ ਇਸ 'ਤੇ ਉਮੀਦ ਨਹੀਂ ਛੱਡੀ ਹੈ।
ਨਹੀਂ ਕੀਤਾ ਗਿਆ ਸੀ ਰਿਜ਼ਰਵ ਬੈਂਕ ਨਾਲ ਸਲਾਹ-ਮਸ਼ਵਰਾ
ਨੋਟਬੰਦੀ 'ਤੇ ਰਾਜਨ ਨੇ ਇਸ ਦਾਅਵੇ ਨੂੰ ਖਾਰਿਜ ਕੀਤਾ ਕਿ ਸਰਕਾਰ ਵੱਲੋਂ 1000 ਅਤੇ 500 ਰੁਪਏ ਦਾ ਨੋਟ ਬੰਦ ਕਰਨ ਦੇ ਐਲਾਨ ਤੋਂ ਪਹਿਲਾਂ ਰਿਜ਼ਰਵ ਬੈਂਕ ਨਾਲ ਸਲਾਹ-ਮਸ਼ਵਰਾ ਨਹੀਂ ਕੀਤਾ ਗਿਆ ਸੀ। ਨਵੰਬਰ, 2016 'ਚ ਨੋਟਬੰਦੀ ਹੋਈ ਸੀ। ਰਾਜਨ ਨੇ ਦੁਹਰਾਇਆ ਕਿ 87.5 ਫ਼ੀਸਦੀ ਮੁੱਲ ਦੀ ਕਰੰਸੀ ਨੂੰ ਰੱਦ ਕਰਨਾ ਵਧੀਆ ਕਦਮ ਨਹੀਂ ਸੀ। ਉਨ੍ਹਾਂ ਕਿਹਾ ਕਿ ਨੋਟਬੰਦੀ ਸੋਚ-ਵਿਚਾਰ ਕੇ ਚੁੱਕਿਆ ਗਿਆ ਕਦਮ ਨਹੀਂ ਸੀ। ਕੋਈ ਵੀ ਅਰਥਸ਼ਾਸਤਰੀ ਇਹੀ ਕਹੇਗਾ ਕਿ ਜੇਕਰ 87.5 ਫ਼ੀਸਦੀ ਕਰੰਸੀ ਨੂੰ ਰੱਦ ਕਰਨਾ ਹੈ ਤਾਂ ਪਹਿਲਾਂ ਇਹ ਯਕੀਨੀ ਕੀਤਾ ਜਾਣਾ ਚਾਹੀਦਾ ਹੈ ਕਿ ਓਨੀ ਹੀ ਕਰੰਸੀ ਛਾਪ ਕੇ ਉਸ ਨੂੰ ਸਿਸਟਮ 'ਚ ਪਾਉਣ ਲਈ ਤਿਆਰ ਰੱਖਿਆ ਜਾਵੇ। ਸਾਬਕਾ ਗਵਰਨਰ ਨੇ ਕਿਹਾ, ''ਜੋ ਵੀ ਭਾਰਤ ਨੂੰ ਜਾਣਦਾ ਹੈ, ਉਸ ਨੂੰ ਪਤਾ ਹੈ ਕਿ ਛੇਤੀ ਹੀ ਉਹ ਸਿਸਟਮ ਦੇ ਆਸ-ਪਾਸ ਇਸ ਦਾ ਤਰੀਕਾ ਲੱਭ ਲਵੇਗਾ।'' ਰਾਜਨ ਨੇ ਕਿਹਾ ਕਿ ਜਿੰਨੇ ਵੀ ਨੋਟ ਬੰਦ ਕੀਤੇ ਗਏ ਸਨ ਉਹ ਸਿਸਟਮ 'ਚ ਵਾਪਸ ਆ ਗਏ। ਨੋਟਬੰਦੀ ਦਾ ਸਿੱਧਾ ਅਸਰ ਉਹ ਨਹੀਂ ਸੀ ਜਿਵੇਂ ਦਾ ਸੋਚਿਆ ਜਾ ਰਿਹਾ ਸੀ।