ਨੋਟਬੰਦੀ ਦਾ ਅਸਰ ਕੁਝ ਪਲਾਂ ਦਾ ਸੀ : ਉਰਜਿਤ ਪਟੇਲ
Tuesday, Nov 27, 2018 - 11:42 PM (IST)

ਨਵੀਂ ਦਿੱਲੀ— ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ ਸੰਸਦ ਦੀ ਇਕ ਕਮੇਟੀ ਦੇ ਸਾਹਮਣੇ ਪੇਸ਼ ਹੋਏ ਅਤੇ ਨੋਟਬੰਦੀ ਅਤੇ ਜਨਤਕ ਖੇਤਰ ਦੇ ਬੈਂਕਾਂ ਵਿਚ ਫਸੇ ਕਰਜ਼ੇ (ਐੱਨ. ਪੀ. ਏ.) ਦੀ ਸਥਿਤੀ ਸਮੇਤ ਹੋਰ ਮਾਮਲਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਨੋਟਬੰਦੀ ਦਾ ਅਸਰ ਕੁਝ ਪਲਾਂ ਦਾ ਸੀ । ਪਟੇਲ ਨੂੰ 12 ਨਵੰਬਰ ਨੂੰ ਕਮੇਟੀ ਦੇ ਸਾਹਮਣੇ ਪੇਸ਼ ਹੋਣਾ ਸੀ ।
ਸੂਤਰਾਂ ਨੇ ਕਿਹਾ ਕਿ ਵਿੱਤ 'ਤੇ ਸੰਸਦ ਦੀ ਸਥਾਈ ਕਮੇਟੀ ਦੇ ਏਜੰਡੇ ਵਿਚ ਨਵੰਬਰ 2016 ਵਿਚ ਪੁਰਾਣੇ 500 ਤੇ 1000 ਰੁਪਏ ਦੇ ਨੋਟਾਂ ਨੂੰ ਚਲਣ ਤੋਂ ਹਟਾਉਣ, ਆਰ. ਬੀ. ਆਈ. ਵਿਚ ਸੁਧਾਰ, ਬੈਂਕਾਂ ਵਿਚ ਦਬਾਅ ਵਾਲੀਆਂ ਜਾਇਦਾਦਾਂ ਅਤੇ ਅਰਥਵਿਵਸਥਾ ਦੀ ਹਾਲਤ ਸੂਚੀਬੱਧ ਹੈ । ਆਰ. ਬੀ. ਆਈ. ਗਵਰਨਰ ਕਮੇਟੀ ਦੇ ਸਾਹਮਣੇ ਅਜਿਹੇ ਸਮੇਂ ਪੇਸ਼ ਹੋ ਰਹੇ ਹਨ, ਜਦੋਂ ਕੇਂਦਰੀ ਬੈਂਕ ਅਤੇ ਵਿੱਤ ਮੰਤਰਾਲਾ ਦੇ ਦਰਮਿਆਨ ਕੱਝ ਮੁੱਦਿਆਂ ਨੂੰ ਲੈ ਕੇ ਡੂੰਘੇ ਮਤਭੇਦ ਹਨ । ਇਨ੍ਹਾਂ ਮੁੱਦਿਆਂ ਵਿਚ ਆਰ. ਬੀ. ਆਈ. ਦੇ ਕੋਲ ਪਏ ਰਾਖਵੇਂ ਫੰਡ ਦਾ ਸਹੀ ਆਕਾਰ ਕੀ ਹੋਵੇ ਅਤੇ ਛੋਟੇ ਅਤੇ ਮੱਧਵਰਗੀ ਉੱਦਮੀਆਂ ਲਈ ਕਰਜ਼ੇ ਦੇ ਨਿਯਮਾਂ ਵਿਚ ਢਿੱਲ ਦੇ ਮਾਮਲੇ ਸ਼ਾਮਲ ਹਨ ।
ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ ਨੇ ਸੰਸਦ ਦੀ ਕਮੇਟੀ ਨੂੰ ਵਚਨ ਦਿੱਤਾ ਕਿ ਉਹ ਕੇਂਦਰੀ ਬੈਂਕ ਨਾਲ ਸਬੰਧਤ ਕੁਝ ਵਿਵਾਦਪੂਰਨ ਮੁੱਦਿਆਂ 'ਤੇ ਆਪਣੀ ਗੱਲ ਲਿਖਤੀ ਰੂਪ ਵਿਚ ਪੇਸ਼ ਕਰਨਗੇ। ਸੂਤਰਾਂ ਨੇ ਕਿਹਾ ਕਿ ਇਨ੍ਹਾਂ ਮੁੱਦਿਆਂ ਵਿਚ ਸਰਕਾਰ ਵੱਲੋਂ ਰਿਜ਼ਰਵ ਬੈਂਕ ਦੀ ਉਸ ਧਾਰਾ ਦੀ ਵਰਤੋਂ ਕਰਨ ਦਾ ਵੀ ਮੁੱਦਾ ਹੈ, ਜਿਸ ਦਾ ਜ਼ਿਕਰ ਇਸ ਤੋਂ ਪਹਿਲਾਂ ਕਿਸੇ ਸਰਕਾਰ ਨੇ ਨਹੀਂ ਕੀਤਾ ਸੀ । ਸਬੰਧਤ ਧਾਰਾ ਦੇ ਤਹਿਤ ਸਰਕਾਰ ਰਿਜ਼ਰਵ ਬੈਂਕ ਨੂੰ ਨਿਰਦੇਸ਼ ਦੇ ਸਕਦੀ ਹੈ ।