2000 ਰੁਪਏ ਦੇ ਨੋਟ ''ਤੇ ਰੋਕ ਲਾਉਣ ਦਾ ਵਿਚਾਰ ਨਹੀਂ : ਜੇਤਲੀ
Thursday, Aug 24, 2017 - 01:33 AM (IST)
ਨਵੀਂ ਦਿੱਲੀ-ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਕਿਹਾ ਕਿ ਸਰਕਾਰ 2000 ਰੁਪਏ ਦੇ ਨੋਟ 'ਤੇ ਰੋਕ ਲਾਉਣ 'ਤੇ ਵਿਚਾਰ ਨਹੀਂ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ 200 ਰੁਪਏ ਦਾ ਨੋਟ ਜਾਰੀ ਕਰਨ ਦੇ ਸਮੇਂ ਦੇ ਬਾਰੇ 'ਚ ਰਿਜ਼ਰਵ ਬੈਂਕ ਫੈਸਲਾ ਕਰੇਗਾ। ਸਰਕਾਰ ਨੇ ਕੇਂਦਰੀ ਬੈਂਕ ਨੂੰ 200 ਰੁਪਏ ਦਾ ਨੋਟ ਜਾਰੀ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਕਦਮ ਦਾ ਮਕਸਦ ਘੱਟ ਰਾਸ਼ੀ ਦੀ ਕਰੰਸੀ 'ਤੇ ਦਬਾਅ ਨੂੰ ਘੱਟ ਕਰਨਾ ਹੈ। ਜੇਤਲੀ ਨੇ ਕਿਹਾ ਕਿ ਨੋਟ ਦੀ ਛਪਾਈ ਕਦੋਂ ਹੋਵੇਗੀ, ਇਸ ਸੰਦਰਭ 'ਚ ਪੂਰੀ ਪ੍ਰਕਿਰਿਆ ਦੇ ਬਾਰੇ 'ਚ ਫੈਸਲਾ ਰਿਜ਼ਰਵ ਬੈਂਕ ਕਰੇਗਾ। ਇਹ ਪੁੱਛੇ ਜਾਣ 'ਤੇ ਕਿ ਸਰਕਾਰ 2000 ਰੁਪਏ ਦੇ ਨੋਟ ਨੂੰ ਹੌਲੀ-ਹੌਲੀ ਚਲਨ ਤੋਂ ਹਟਾਉਣ 'ਤੇ ਵਿਚਾਰ ਕਰ ਰਹੀ ਹੈ, ਉਨ੍ਹਾਂ ਕਿਹਾ ਕਿ ਨਹੀਂ, ਅਜਿਹੀ ਕੋਈ ਚਰਚਾ ਨਹੀਂ ਹੈ। ਪਿਛਲੇ ਸਾਲ 9 ਨਵੰਬਰ ਨੂੰ ਪੁਰਾਣੇ 500 ਅਤੇ 1000 ਰੁਪਏ ਦੇ ਨੋਟਾਂ ਨੂੰ ਚਲਨ ਤੋਂ ਹਟਾਏ ਜਾਣ ਤੋਂ ਬਾਅਦ ਰਿਜ਼ਰਵ ਬੈਂਕ ਨੇ ਹੋਰ ਸੁਰੱਖਿਆ ਵਿਸ਼ੇਸ਼ਤਾਵਾਂ ਨਾਲ 2000 ਅਤੇ 500 ਰੁਪਏ ਦੇ ਨਵੇਂ ਨੋਟ ਪੇਸ਼ ਕੀਤੇ ਸਨ।
