ਲਾਭਪਾਤਰੀ ਨੂੰ ਨਹੀਂ ਦਿੱਤਾ ਕਲੇਮ ਲਾਭ, ਹੁਣ ਬੀਮਾ ਕੰਪਨੀ ਦੇਵੇਗੀ ਜੁਰਮਾਨਾ
Sunday, Dec 31, 2017 - 10:51 PM (IST)
ਜਾਂਜਗੀਰ (ਇੰਟ.)-ਭਾਰਤੀ ਜੀਵਨ ਬੀਮਾ ਨਿਗਮ ਵੱਲੋਂ ਜਾਰੀ ਕੀਤਾ ਗਿਆ ਹੈਲਥ ਪਲੱਸ ਪਲਾਨ ਲੈਣ ਤੋਂ ਬਾਅਦ ਲਾਭਪਾਤਰੀ ਨੂੰ ਲਾਭ ਨਾ ਦੇਣ ਦੇ ਮਾਮਲੇ 'ਚ ਖਪਤਕਾਰ ਫੋਰਮ ਨੇ ਜੁਰਮਾਨੇ ਵਜੋਂ ਵਿਆਜ ਸਮੇਤ ਬੀਮੇ ਦੀ ਰਕਮ, ਮਾਨਸਿਕ ਪ੍ਰੇਸ਼ਾਨੀ ਤੇ ਅਦਾਲਤੀ ਖ਼ਰਚੇ ਸਮੇਤ ਇਕ ਮਹੀਨੇ ਦੇ ਅੰਦਰ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈ।
ਕੀ ਹੈ ਮਾਮਲਾ
ਬਲੌਦਾ ਰੋਡ ਅਕਲਤਰਾ ਨਿਵਾਸੀ ਮੁਹੰਮਦ ਮੁਸ਼ਤਾਕ ਪੁੱਤਰ ਮੁਹੰਮਦ ਸਲੀਮ ਨੇ ਭਾਰਤੀ ਜੀਵਨ ਬੀਮਾ ਨਿਗਮ ਵੱਲੋਂ ਜਾਰੀ ਕੀਤਾ ਗਿਆ ਹੈਲਥ ਪਲੱਸ ਪਲਾਨ ਸਾਲ 2008 'ਚ ਲਿਆ ਸੀ, ਜਿਸ ਦੇ ਤਹਿਤ ਉਸ ਨੂੰ 2 ਲੱਖ ਰੁਪਏ ਤੱਕ ਦਾ ਬੀਮਾ ਲਾਭ ਮਿਲਣਾ ਸੀ। ਇਸ ਦਰਮਿਆਨ ਮੁਸ਼ਤਾਕ ਨੂੰ 10 ਅਕਤੂਬਰ, 2016 ਨੂੰ ਹਾਰਟ ਅਟੈਕ ਆਇਆ। ਇਸ ਦਾ ਇਲਾਜ ਮੁਸ਼ਤਾਕ ਨੇ ਪਹਿਲਾਂ ਬਿਲਾਸਪੁਰ ਦੇ ਨਿਊ ਲਾਈਫ ਹਸਪਤਾਲ 'ਚ ਕਰਵਾਇਆ, ਜਿੱਥੇ 53,216 ਰੁਪਏ ਦਾ ਬਿੱਲ ਬਣਿਆ। ਇਸ ਤੋਂ ਬਾਅਦ ਮੁਸ਼ਤਾਕ ਨੇ ਹੈਦਰਾਬਾਦ ਦੇ ਊਸ਼ਾ ਮੁੱਲਾਪੁੜੀ ਕਾਰਡੀਅਕ ਸੈਂਟਰ 'ਚ ਹਾਰਟ ਦੀ ਐਂਜਿਓਗ੍ਰਾਫੀ ਅਤੇ ਐਂਜਿਓਪਲਾਸਟੀ ਕਰਵਾਈ। ਇਸ 'ਚ 1,93,177 ਰੁਪਏ ਖਰਚ ਹੋਏ। ਇਸ ਤਰ੍ਹਾਂ ਮੁਸ਼ਤਾਕ ਦੇ ਇਲਾਜ 'ਚ ਕੁਲ 2 ਲੱਖ 96 ਰੁਪਏ ਖਰਚ ਹੋਇਆ। ਇਸ ਖਰਚੇ ਦਾ ਭੁਗਤਾਨ ਉਸ ਨੇ ਹੈਲਥ ਪਲਾਨ ਤਹਿਤ ਬੀਮਾ ਨਿਗਮ ਤੋਂ ਮੰਗਿਆ, ਜਿਸ ਦੀ ਇਵਜ 'ਚ ਉਸ ਨੂੰ ਕੇਵਲ 8411 ਰੁਪਏ ਦਾ ਭੁਗਤਾਨ ਕੀਤਾ ਗਿਆ, ਬਾਕੀ ਰਕਮ ਨੂੰ ਬੀਮਾ ਯੋਜਨਾ 'ਚ ਸ਼ਾਮਲ ਨਾ ਹੋਣਾ ਦੱਸਿਆ ਗਿਆ। ਪ੍ਰੇਸ਼ਾਨ ਹੋ ਕੇ ਮੁਸ਼ਤਾਕ ਨੇ ਖਪਤਕਾਰ ਫੋਰਮ ਦਾ ਦਰਵਾਜ਼ਾ ਖੜਕਾਇਆ।
ਕੀ ਕਿਹਾ ਫੋਰਮ ਨੇ
ਖਪਤਕਾਰ ਫੋਰਮ 'ਚ ਸੁਣਵਾਈ ਕਰਦਿਆਂ ਦੋਵਾਂ ਪੱਖਾਂ ਦੀ ਦਲੀਲ ਸੁਣੀ ਗਈ। ਫੋਰਮ ਦੇ ਪ੍ਰਧਾਨ ਬੀ. ਪੀ. ਪਾਂਡੇ ਅਤੇ ਮੈਂਬਰ ਮਨਰਮਣ ਸਿੰਘ ਨੇ ਬੀਮਾ ਨਿਗਮ ਦੀ ਦਲੀਲ ਨੂੰ ਤੱਥਾਂ ਤੋਂ ਵਾਂਝੀ ਪਾਇਆ ਅਤੇ ਮੁਸ਼ਤਾਕ ਦੇ ਦਾਅਵੇ ਦੇ ਆਧਾਰ 'ਤੇ ਬੀਮੇ ਦੀ ਰਕਮ ਦੇ ਬਰਾਬਰ ਇਲਾਜ ਦੀ ਰਕਮ ਭੁਗਤਾਨ ਕਰਨ ਦਾ ਹੁਕਮ ਦਿੱਤਾ। ਬੀਮੇ ਦੀ ਰਕਮ 2 ਲੱਖ ਰੁਪਏ 'ਚੋਂ ਪਹਿਲਾਂ ਭੁਗਤਾਨ ਕੀਤੇ ਗਏ 8411 ਰੁਪਏ ਨੂੰ ਛੱਡ ਕੇ ਬਾਕੀ ਰਕਮ 1,91,600 ਰੁਪਏ ਅਦਾਇਗੀ ਅਤੇ ਜੁਰਮਾਨੇ ਵਜੋਂ ਬੀਮੇ ਦੀ ਬਾਕੀ ਰਾਸ਼ੀ 'ਤੇ ਵੱਖਰੇ ਤੌਰ 'ਤੇ 6 ਫ਼ੀਸਦੀ ਵਿਆਜ, ਮਾਨਸਿਕ ਪ੍ਰੇਸ਼ਾਨੀ ਅਤੇ ਅਦਾਲਤੀ ਖ਼ਰਚੇ ਇਕ ਮਹੀਨੇ ਦੇ ਅੰਦਰ ਭੁਗਤਾਨ ਕਰਨ ਲਈ ਕਿਹਾ ਹੈ।
