ਯੈੱਸ ਬੈਂਕ 'ਚੋਂ ਨਹੀਂ ਕੱਢਵਾ ਸਕੋਗੇ 50 ਹਜ਼ਾਰ ਰੁਪਏ ਤੋਂ ਜ਼ਿਆਦਾ ਪੈਸੇ, ਸਰਕਾਰ ਨੇ ਤੈਅ ਕੀਤੀ ਹੱਦ
Thursday, Mar 05, 2020 - 09:24 PM (IST)
ਨਵੀਂ ਦਿੱਲੀ—ਸਰਕਾਰ ਨੇ ਨਿੱਜੀ ਖੇਤਰ ਦੇ ਯੈੱਸ ਬੈਂਕ 'ਤੇ 30 ਦਿਨ ਦੀ ਅਸਥਾਈ ਰੋਕ ਲੱਗਾਉਂਦੇ ਹੋਏ ਇਸ ਦੌਰਾਨ ਖਾਤਾਧਾਰਕਾਂ ਲਈ ਨਿਕਾਸੀ ਦੀ ਸੀਮਾ 50 ਹਜ਼ਾਰ ਰੁਪਏ ਤੈਅ ਕਰ ਦਿੱਤੀ ਹੈ। ਇਸ ਪੂਰੀ ਮਿਆਦ 'ਚ ਖਾਤਾਧਾਰਕ 50 ਹਜ਼ਾਰ ਰੁਪਏ ਤੋਂ ਜ਼ਿਆਦਾ ਨਹੀਂ ਕੱਢਵਾ ਸਕਣਗੇ। ਜੇਕਰ ਕਿਸੇ ਖਾਤਾਧਾਰਕ ਦੇ ਇਸ ਬੈਂਕ 'ਚ ਇਕ ਤੋਂ ਜ਼ਿਆਦਾ ਖਾਤੇ ਹਨ ਤਾਂ ਉਹ ਵੀ ਕੁੱਲ ਮਿਲਾ ਕੇ 50 ਹਜ਼ਾਰ ਰੁਪਏ ਹੀ ਕੱਢਵਾ ਸਕੇਗਾ। ਵਿੱਤ ਮੰਤਰੀ ਦੀ ਅਧਿਸੂਚਨਾ 'ਚ ਕਿਹਾ ਗਿਆ ਹੈ ਕਿ ਅੱਜ ਸ਼ਾਮ ਇਹ ਰੋਕ ਸ਼ੁਰੂ ਹੋ ਗਈ ਹੈ ਅਤੇ 3 ਅਪ੍ਰੈਲ ਤੱਕ ਜਾਰੀ ਰਹੇਗੀ।
ਆਰ.ਬੀ.ਆਈ. ਨੇ ਇਹ ਕਾਰਵਾਈ ਬੈਂਕ ਦੀ ਆਰਥਿਕ ਹਾਲਤ ਨੂੰ ਦੇਖਦੇ ਹੋਏ ਕੀਤੀ ਹੈ। ਦੱਸਣਯੋਗ ਹੈ ਕਿ ਯੈੱਸ ਬੈਂਕ ਬੀਤੇ ਕੁਝ ਸਮੇਂ ਤੋਂ ਫੰਡ ਜੁਟਾਉਣ ਲਈ ਸੰਘਰਸ਼ ਕਰ ਰਿਹਾ ਹੈ। ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਸਰਕਾਰ ਨੇ ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਐੱਸ.ਬੀ.ਆਈ. ਨੂੰ ਯੈੱਸ ਬੈਂਕ 'ਚ ਹਿੱਸੇਦਾਰੀ ਖਰੀਦਣ ਲਈ ਕਿਹਾ ਹੈ।
ਬੈਂਕ ਦੇ ਸ਼ੇਅਰ 'ਚ ਆਈ ਤੇਜ਼ੀ
ਯੈੱਸ ਬੈਂਕ 'ਚ ਐੱਸ.ਬੀ.ਆਈ. ਦੀ ਹਿੱਸੇਦਾਰੀ ਦੀ ਖਬਰ ਨਾਲ ਬੈਂਕ ਦੇ ਸ਼ੇਅਰ 'ਚ 25 ਫੀਸਦੀ ਤੋਂ ਜ਼ਿਆਦਾ ਦੀ ਤੇਜ਼ੀ ਆ ਗਈ ਹੈ। ਕਾਰੋਬਾਰ ਦੇ ਆਖਿਰ 'ਚ ਯੈੱਸ ਬੈਂਕ ਦਾ ਸ਼ੇਅਰ 36.85 (25.77 ਫੀਸਦੀ) ਰੁਪਏ ਦੇ ਭਾਅ 'ਤੇ ਬੰਦ ਹੋਇਆ ਸੀ। ਇਸ ਤੋਂ ਇਕ ਦਿਨ ਪਹਿਲਾਂ 29.30 ਰੁਪਏ ਦੇ ਭਾਅ 'ਤੇ ਬੰਦ ਹੋਇਆ ਸੀ।
ਕਰੀਬ 15 ਸਾਲ ਪਹਿਲਾਂ ਸ਼ੁਰੂ ਹੋਏ ਯੈੱਸ ਬੈਂਕ ਦੀ ਆਰਥਿਕ ਹਾਲਤ ਠੀਕ ਨਹੀਂ ਹੈ। ਬੈਂਕ 'ਤੇ ਕਰਜ਼ ਵਧਦਾ ਜਾ ਰਿਹਾ ਹੈ ਤਾਂ ਉੱਥੇ ਸ਼ੇਅਰ ਵੀ ਟੁੱਟ ਰਿਹਾ ਹੈ। ਯੈੱਸ ਬੈਂਕ ਦੀ ਬਦਹਾਲੀ ਇੰਨੀ ਵਧ ਗਈ ਹੈ ਕਿ ਸਿਰਫ 15 ਮਹੀਨਿਆਂ ਦੇ ਅੰਦਰ ਹੀ ਬੈਂਕ ਦੇ ਨਿਵੇਸ਼ਕਾਂ ਨੂੰ 90 ਫੀਸਦੀ ਤੋਂ ਜ਼ਿਆਦਾ ਦਾ ਨੁਕਸਾਨ ਹੋ ਗਿਆ ਹੈ।