NMDC ਨੇ ਕੱਚੇ ਲੋਹੇ ਦੀ ਕੀਮਤ ਘਟਾਈ, ਇੱਧਰ ਸਟੀਲ ਕੀਮਤਾਂ 'ਚ ਕਟੌਤੀ
Tuesday, Sep 07, 2021 - 08:50 AM (IST)
ਨਵੀਂ ਦਿੱਲੀ- ਖਣਨ ਪ੍ਰਮੁੱਖ ਐੱਨ. ਐੱਮ. ਡੀ. ਸੀ. ਨੇ ''ਆਇਰਨ ਓਰ ਲੰਪ ਅਤੇ ਫਾਈਨਸ'' ਦੀਆਂ ਕੀਮਤਾਂ ਨੂੰ ਕ੍ਰਮਵਾਰ 1,000 ਰੁਪਏ ਪ੍ਰਤੀ ਟਨ ਘਟਾ ਦਿੱਤਾ ਹੈ। ਕੰਪਨੀ ਨੇ ਸੋਮਵਾਰ ਨੂੰ ਰੈਗੂਲੇਟਰੀ ਫਾਈਲਿੰਗ ਵਿਚ ਕਿਹਾ ਕਿ 4 ਸਤੰਬਰ ਤੋਂ ਨਵੀਆਂ ਕੀਮਤਾਂ ਪ੍ਰਭਾਵੀ ਹੋ ਗਈਆਂ ਹਨ। 'ਲੰਪ ਓਰ' ਦੀ ਨਵੀਂ ਕੀਮਤ 6,150 ਪ੍ਰਤੀ ਟਨ ਅਤੇ ਇਸੇ ਗੁਣਵੱਤਾ ਦੇ 'ਫਾਈਨਸ' ਦੀ ਕੀਮਤ ਘਟਾ ਕੇ 5,160 ਰੁਪਏ ਪ੍ਰਤੀ ਟਨ ਕਰ ਦਿੱਤੀ ਗਈ ਹੈ।
ਇਹ ਲਗਾਤਾਰ ਤੀਜਾ ਮਹੀਨਾ ਹੈ ਜਦੋਂ ਦੇਸ਼ ਦੇ ਸਭ ਤੋਂ ਵੱਡੇ ਲੋਹੇ ਦੇ ਉਤਪਾਦਕ ਨੇ ਕੀਮਤਾਂ ਵਿਚ ਕਮੀ ਕੀਤੀ ਹੈ। ਜੁਲਾਈ ਵਿਚ ਐੱਨ. ਐੱਮ. ਡੀ. ਸੀ. ਨੇ ਲੰਪ ਅਤੇ ਫਾਈਨਸ ਦੋਹਾਂ ਲਈ ਕੀਮਤਾਂ ਵਿਚ 200 ਪ੍ਰਤੀ ਟਨ ਦੀ ਕਟੌਤੀ ਕੀਤੀ ਸੀ। ਇਸ ਤੋਂ ਅਗਲੇ ਅਗਲੇ ਮਹੀਨੇ ਇਸ ਨੇ ਲੰਪ ਦੀ ਕੀਮਤ 300 ਪ੍ਰਤੀ ਟਨ ਘਟਾ ਕੇ 7,150 ਅਤੇ ਫਾਈਨਸ ਦੀ ਕੀਮਤ ਵਿਚ 200 ਰੁਪਏ ਦੀ ਕਟੌਤੀ ਕਰਕੇ 6,160 ਕਰ ਦਿੱਤੀ ਸੀ।
ਕੱਚੇ ਲੋਹੇ ਦੀਆਂ ਕੀਮਤਾਂ ਘੱਟ ਹੋਣ ਨਾਲ ਸਟੀਲ ਕੰਪਨੀਆਂ ਨੇ ਸਤੰਬਰ ਮਹੀਨੇ ਲਈ ਆਪਣੀਆਂ ਕੀਮਤਾਂ ਵਿਚ ਕਟੌਤੀ ਕਰ ਦਿੱਤੀ ਹੈ। ਤਿੰਨ ਪ੍ਰਮੁੱਖ ਸਟੀਲ ਕੰਪਨੀਆਂ ਨੇ ਇਸ ਮਹੀਨੇ ਕੀਮਤਾਂ ਘਟਾਉਣ ਦੀ ਗੱਲ ਕਹੀ ਹੈ। ਇਕ ਪ੍ਰਮੁੱਖ ਉਤਪਾਦਕ ਮੁਤਾਬਕ, ਹੌਟ ਰੋਲਡ ਕੁਆਇਲ (ਐੱਚ. ਆਰ. ਸੀ.) ਦੀ ਕੀਮਤ ਫਿਲਹਾਲ 67,000 ਰੁਪਏ ਪ੍ਰਤੀ ਟਨ ਦੇ ਪੱਧਰ 'ਤੇ ਹੈ। ਜੂਨ ਵਿਚ ਇਹ 71,000 ਰੁਪਏ ਪ੍ਰਤੀ ਟਨ 'ਤੇ ਪਹੁੰਚ ਗਈ ਸੀ। ਹਾਲਾਂਕਿ, ਇਕ ਪ੍ਰਮੁੱਖ ਸਟੀਲ ਉਤਪਾਦਕ ਨੇ ਇਹ ਉਮੀਦ ਜਤਾਈ ਹੈ ਕਿ ਤਿਉਹਾਰੀ ਮੌਸਮ ਵਿਚ ਵਿਕਰੀ ਤੇਜ਼ ਹੋਣ ਦੀ ਉਮੀਦ ਵਿਚ ਅਕਤੂਬਰ ਵਿਚ ਸਟੀਲ ਦੀ ਕੀਮਤ ਵੱਧ ਸਕਦੀ ਹੈ। ਕ੍ਰਿਸਿਲ ਰਿਸਰਚ ਮੁਤਾਬਕ, ਜੂਨ ਦੇ ਮੁਕਾਬਲੇ ਅਗਸਤ ਵਿਚ ਲਾਂਗ ਸਟੀਲ ਕੀਮਤਾਂ ਵਿਚ 3-4 ਫ਼ੀਸਦੀ ਅਤੇ ਫਲੈਟ ਸਟੀਲ ਕੀਮਤਾਂ ਵਿਚ 2-3 ਫ਼ੀਸਦੀ ਗਿਰਾਵਟ ਦੇਖੀ ਗਈ ਹੈ।