ਜਿਣਸਾਂ ਦੇ ਉੱਚੇ ਮੁੱਲ ਕਾਰਨ ਅਗਲਾ ਸਾਲ ਹੋਵੇਗਾ ਮੁਸ਼ਕਲ : ਨੈਸਲੇ ਇੰਡੀਆ ਮੁਖੀ

09/21/2021 10:26:37 AM

ਨਵੀਂ ਦਿੱਲੀ- ਮੈਗੀ, ਦੁੱਧ ਪਾਊਡਰ ਵਰਗੇ ਰੋਜ਼ਾਨਾ ਇਸਤੇਮਾਲ ਦਾ ਸਾਮਾਨ ਬਣਾਉਣ ਵਾਲੀ ਨੈਸਲੇ ਇੰਡੀਆ ਦੇ ਮੁਖੀ ਸੁਰੇਸ਼ ਨਾਰਾਇਣ ਨੇ ਸੋਮਵਾਰ ਨੂੰ ਕਿਹਾ ਕਿ ਜਿਣਸਾਂ ਦੀਆਂ ਕੀਮਤਾਂ ਵਿਚ ਤੇਜ਼ੀ ਦੇ ਮੱਦੇਨਜ਼ਰ ਅਗਲਾ ਸਾਲ 2022 ਮੁਸ਼ਕਲ ਹੋ ਸਕਦਾ ਹੈ। ਇਸ ਕਾਰਨ ਨਿਰਮਾਤਾਵਾਂ ਲਈ ਉੱਚੀ ਖੁਰਾਕੀ ਮਹਿੰਗਾਈ ਦੀ ਸਥਿਤੀ ਬਣ ਸਕਦੀ ਹੈ।

ਕੰਪਨੀ ਨੂੰ ਦੁੱਧ, ਕੌਫੀ, ਤੇਲ ਕੀਮਤਾਂ ਸਣੇ ਹੋਰ ਕੱਚੇ ਮਾਲ ਦੀਆਂ ਕੀਮਤਾਂ ਵਿਚ ਤੇਜ਼ੀ ਦਾ ਖ਼ਦਸ਼ਾ ਹੈ। ਨਾਰਾਇਣ ਨੇ ਕਿਹਾ ਕਿ ਪਿਛਲੇ ਛੇ ਤੋਂ ਅੱਠ ਮਹੀਨਿਆਂ ਵਿਚ ਕੀਮਤਾਂ ਵਿਚ ਔਸਤ ਇਕ ਤੋਂ ਤਿੰਨ ਫ਼ੀਸਦੀ ਦਾ ਵਾਧਾ ਹੋਇਆ ਹੈ।

ਉਨ੍ਹਾਂ ਕਿਹਾ ਕਿ ਜਿਣਸ ਦੀਆਂ ਕੀਮਤਾਂ ਦੇ ਲਿਹਾਜ ਨਾਲ 2021 ਦੀ ਪਹਿਲੀ ਛਿਮਾਹੀ ਨਰਮੀ ਵਾਲੀ ਮਿਆਦ ਰਹੀ ਹੈ। ਡਿੱਬਾਬੰਦ ਉਤਪਾਦ ਤੇ ਕੱਚੇ ਤੇਲ ਨੂੰ ਛੱਡ ਕੇ ਦੁੱਧ ਅਤੇ ਕਣਕ ਦੀਆਂ ਲਗਭਗ ਸਥਿਰ ਰਹੇ। ਨਾਰਾਇਣ ਨੇ ਮੀਡੀਆ ਨਾਲ ਆਨਲਾਈਨ ਗੱਲਬਾਤ ਵਿਚ ਕਿਹਾ ਕਿ ਆਉਣ ਵਾਲਾ ਸਾਲ 2022 ਮੁਸ਼ਕਲ ਹੋ ਸਕਦਾ ਹੈ। ਜਿੱਥੋਂ ਤੱਕ ਦੁੱਧ ਦਾ ਸਵਾਲ ਹੈ, ਨਿਸ਼ਚਿਤ ਰੂਪ ਤੋਂ ਕੀਮਤਾਂ ਵਿਚ ਤੇਜ਼ੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨੈਸਲੇ ਇੰਡੀਆ ਇਸਤਰੀ-ਪੁਰਸ਼ ਵਿਭਿੰਨਤਾ ਦੇ ਯਤਨਾਂ ਤਹਿਤ ਮਹਿਲਾ ਕਰਮਚਾਰੀਆਂ ਦੀ ਗਿਣਤੀ ਵਧਾ ਰਹੀ ਹੈ। ਮੌਜੂਦਾ ਸਮੇਂ ਨੈਸਲੇ ਇੰਡੀਆ ਦੇ ਕੁੱਲ ਕਰਮਚਾਰੀਆਂ ਵਿਚ ਲਗਭਗ 23 ਫ਼ੀਸਦੀ ਮਹਿਲਾਵਾਂ ਹਨ। ਨਾਰਾਇਣ ਨੇ ਕਿਹਾ, ''ਜਦੋਂ ਮੈਂ 2015 ਵਿਚ ਨੈਸਲੇ ਇੰਡੀਆ ਆਇਆ ਸੀ ਉਸ ਸਮੇਂ ਲਗਭਗ 15-16 ਫ਼ੀਸਦੀ ਮਹਿਲਾ ਕਰਮਚਾਰੀ ਸਨ। ਹੁਣ ਇਹ ਗਿਣਤੀ 23 ਫ਼ੀਸਦੀ ਹੋ ਗਈ ਹੈ।''
 


Sanjeev

Content Editor

Related News