ਅਗਲੇ ਸਾਲ ਵਪਾਰ ’ਚ ਵਾਧਾ ਹੌਲੀ ਰਹਿਣ ਦਾ ਅਨੁਮਾਨ : WTO
Thursday, Oct 06, 2022 - 11:51 AM (IST)
ਜਿਨੇਵਾ : ਵਿਸ਼ਵ ਵਪਾਰ ਸੰਗਠਨ (ਡਬਲਯੂ. ਟੀ. ਓ.) ਨੇ ਅਗਲੇ ਸਾਲ ਵਪਾਰ ’ਚ ਿਸਰਫ 1 ਫੀਸਦੀ ਵਾਧੇ ਦਾ ਅਨੁਮਾਨ ਪ੍ਰਗਟਾਇਆ ਹੈ। ਇਸ ਦਾ ਕਾਰਨ ਮੌਜੂਦਾ ਸੰਕਟ ਅਤੇ ਚੁਣੌਤੀਆਂ ਕਾਰਨ ਊਰਜਾ ਦੀਆਂ ਕੀਮਤਾਂ ਅਤੇ ਵਿਆਜ ਦਰਾਂ ’ਚ ਵਾਧਾ ਅਤੇ ਚੀਨ ’ਚ ਕੋਵਿਡ-19 ਮਹਾਮਾਰੀ ਦੇ ਅਸਰ ਨਾਲ ਨਿਰਮਾਣ ਖੇਤਰ ਨੂੰ ਲੈ ਕੇ ਅਨਿਸ਼ਚਿਤਾ ਸਮੇਤ ਬਾਜ਼ਾਰ ’ਤੇ ਪੈਣ ਵਾਲਾ ਅਸਰ ਹੈ।
ਡਬਲਯੂ. ਟੀ. ਓ. ਨੇ ਕਿਹਾ ਕਿ ਵੱਖ-ਵੱਖ ਦੇਸ਼ਾਂ ਦਰਮਿਆਨ ਇਸ ਸਾਲ ਭੇਜੇ ਜਾਣ ਵਾਲੇ ਸਾਮਾਨ ਦੀ ਮਾਤਰਾ ’ਚ 3.5 ਫੀਸਦੀ ਦਾ ਵਾਧਾ ਹੋਣ ਦੀ ਉਮੀਦ ਹੈ। ਇਹ ਅਪ੍ਰੈਲ ’ਚ ਪ੍ਰਗਟਾਏ ਗਏ 3 ਫੀਸਦੀ ਦੇ ਅਨੁਮਾਨ ਤੋਂ ਵੱਧ ਹੈ। ਅਗਲੇ ਸਾਲ ਵਪਾਰ ਮਾਤਰਾ ਸਿਰਫ ਇਕ ਫੀਸਦੀ ਰਹਿਣ ਦਾ ਅਨੁਮਾਨ ਹੈ ਜੋ ਪਹਿਲਾਂ ਪ੍ਰਗਟਾਏ ਗਏ 3.4 ਫੀਸਦੀ ਤੋਂ ਕਾਫੀ ਘੱਟ ਹੈ।
ਡਬਲਯੂ. ਟੀ. ਓ. ਦੀ ਡਾਇਰੈਕਟਰ ਜਨਰਲ ਨਗੋਜੀ ਆਕੋਨਜੋ ਇਵੇਲਾ ਨੇ ਕਿਹਾ ਕਿ ਨਿਸ਼ਚਿਤ ਤੌਰ ’ਤੇ ਅਗਲੇ ਸਾਲ ਜੋਖਮ ਘੱਟ ਹੋਣਗੇ। ਵਿਸ਼ਵ ਵਪਾਰ ਸੰਗਠਨ ਨੇ ਕਿਹਾ ਕਿ ਰੂਸ-ਯੂਕ੍ਰੇਨ ਜੰਗ ਨਾਲ ਊਰਜਾ ਦੇ ਉੱਚੇ ਰੇਟ ਸਮੇਤ ਹੋਰ ਕਾਰਨ ਵਪਾਰ ਨੂੰ ਪ੍ਰਭਾਵਿਤ ਕਰ ਰਹੇ ਹਨ। ਜੰਗ ਕਾਰਨ ਯੂਰਪੀ ਸੰਘ ਦੇ ਮੈਂਬਰ ਦੇਸ਼ਾਂ ਸਮੇਤ ਕਈ ਦੇਸ਼ਾਂ ਨੇ ਰੂਸ ’ਤੇ ਪਾਬੰਦੀਆਂ ਲਗਾਈਆਂ ਹਨ, ਜਿਸ ਨਾਲ ਊਰਜਾ ਦੇ ਰੇਟ ਚੜ੍ਹੇ ਹਨ। ਯੂਰਪੀ ਸੰਘ ਰੂਸੀ ਤੇਲ ਅਤੇ ਗੈਸ ਦਾ ਸਭ ਤੋਂ ਵੱਡਾ ਗਾਹਕ ਹੈ।