ਖ਼ੁਸ਼ਖ਼ਬਰੀ! ਇਸ ਦਿਨ ਤੋਂ ਸਸਤਾ ਹੋ ਜਾਏਗਾ ਕਾਰ, ਬਾਈਕ ਖਰੀਦਣਾ
Tuesday, Jul 28, 2020 - 08:06 PM (IST)
ਨਵੀਂ ਦਿੱਲੀ— ਪਹਿਲੀ ਅਗਸਤ ਤੋਂ ਤੁਸੀਂ ਨਵੀਂ ਕਾਰ ਜਾਂ ਬਾਈਕ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਪਹਿਲਾਂ ਨਾਲੋਂ ਇਹ ਸਸਤਾ ਪੈਣ ਜਾ ਰਿਹਾ ਹੈ।
ਇਹ ਇਸ ਲਈ ਕਿਉਂਕਿ ਵਾਹਨ ਬੀਮਾ ਨਿਯਮਾਂ 'ਚ ਬਦਲਾਅ ਕੀਤਾ ਗਿਆ ਹੈ। ਇਸ ਨਾਲ ਤੁਹਾਨੂੰ ਹੁਣ ਨਵੀਂ ਕਾਰ ਜਾਂ ਬਾਈਕ ਖਰੀਦਣ 'ਤੇ ਵਾਹਨ ਬੀਮਾ ਉਪਰ ਘੱਟ ਪੈਸੇ ਖਰਚ ਕਰਨੇ ਪੈਣਗੇ।
ਭਾਰਤੀ ਬੀਮਾ ਰੈਗੂਲੇਟਰੀ ਤੇ ਵਿਕਾਸ ਅਥਾਰਟੀ (ਆਈ. ਆਰ. ਡੀ. ਏ. ਆਈ.) ਨੇ ਇਕ ਵੱਡਾ ਫ਼ੈਸਲਾ ਕੀਤਾ ਹੈ, ਜਿਸ 'ਚ ਲੰਬੀ ਮਿਆਦ ਦੇ ਥਰਡ ਪਾਰਟੀ ਤੇ ਓਨ ਡੈਮੇਜ ਪਾਲਿਸੀ ਦੇ ਨਿਯਮਾਂ ਨੂੰ ਵਾਪਸ ਲੈ ਲਿਆ ਗਿਆ ਹੈ। ਹੁਣ ਗੱਡੀਆਂ ਲਈ 3 ਅਤੇ 5 ਸਾਲ ਦਾ ਥਰਡ ਪਾਰਟੀ ਬੀਮਾ ਲੈਣਾ ਜ਼ਰੂਰੀ ਨਹੀਂ ਹੋਵੇਗਾ। ਇਸ ਨਾਲ ਸਿੱਧੇ ਕਾਰਾਂ ਤੇ ਮੋਟਰਸਾਈਕਲਾਂ ਦੀ ਓਨ ਰੋਡ ਕੀਮਤ ਘੱਟ ਹੋ ਜਾਵੇਗੀ। ਆਈ. ਆਰ. ਡੀ. ਏ. ਆਈ. ਦੇ ਇਸ ਨਿਰਦੇਸ਼ ਤੋਂ ਬਾਅਦ ਹੁਣ ਕਾਰ ਦੀ ਖਰੀਦ 'ਤੇ 3 ਸਾਲ ਅਤੇ ਸਕੂਟਰ, ਇਲੈਕਟ੍ਰਿਕ ਸਕੂਟਰ ਜਾਂ ਮੋਟਰਸਾਈਕਲ ਦੀ ਖਰੀਦ 'ਤੇ 5 ਸਾਲ ਦਾ ਕਵਰ ਲੈਣਾ ਲਾਜ਼ਮੀ ਨਹੀਂ ਹੋਵੇਗਾ।
ਗੌਰਤਲਬ ਹੈ ਕਿ ਲੰਬੇ ਸਮੇਂ ਦੇ ਬੀਮਾ ਕਵਰ ਨੂੰ ਸਤੰਬਰ 2018 'ਚ ਲਾਗੂ ਕੀਤਾ ਗਿਆ ਸੀ। ਦੋਪਹੀਆ ਵਾਹਨਾਂ ਲਈ ਉਸ ਸਮੇਂ 5 ਸਾਲ ਦਾ (ਓਨ ਡੈਮੇਜ+ਥਰਡ ਪਾਰਟੀ) ਅਤੇ ਚਾਰ ਪਹੀਆ ਵਾਹਨ ਚਾਲਕਾਂ ਲਈ 3 ਸਾਲ ਦਾ ਬੀਮਾ ਲੈਣਾ ਲਾਜ਼ਮੀ ਕੀਤਾ ਗਿਆ ਸੀ। ਆਈ. ਆਰ. ਡੀ. ਏ. ਆਈ. ਨੇ ਕਿਹਾ ਕਿ ਇਸ ਨੂੰ ਵਾਪਸ ਲੈਣ ਦਾ ਮੁੱਖ ਕਾਰਨ ਇਹ ਹੈ ਕਿ ਗਾਹਕਾਂ ਲਈ ਵਾਹਨ ਖਰੀਦਣਾ ਮਹਿੰਗਾ ਹੋ ਰਿਹਾ ਹੈ ਅਤੇ ਕੋਰੋਨਾ ਕਾਲ ਦੌਰਾਨ ਇਸ ਨੂੰ ਘਟਾਇਆ ਜਾਣਾ ਚਾਹੀਦਾ ਹੈ। ਬੀਮਾ ਨਿਯਮਾਂ 'ਚ ਤਬਦੀਲੀ ਤੋਂ ਬਾਅਦ ਗਾਹਕਾਂ ਲਈ ਅਗਲੇ ਮਹੀਨੇ ਤੋਂ ਨਵੀਆਂ ਕਾਰਾਂ ਅਤੇ ਮੋਟਰਸਾਈਕਲ ਖਰੀਦਣੇ ਸਸਤੇ ਹੋ ਜਾਣਗੇ।