ਸਰਕਾਰ ਨਹੀਂ ਦੇਵੇਗੀ ਕੋਈ ਰਾਹਤ ਪੈਕੇਜ, ਜੇਤਲੀ ਨੇ ਦਿੱਤਾ ਇਹ ਬਿਆਨ

Sunday, Oct 15, 2017 - 01:19 PM (IST)

ਵਾਸ਼ਿੰਗਟਨ— ਅਰਥਵਿਵਸਥਾ ਨੂੰ ਤੇਜ਼ੀ ਦੇਣ ਲਈ ਸਰਕਾਰ ਵੱਲੋਂ ਰਾਹਤ ਪੈਕੇਜ ਦੇਣ ਦੀ ਗੱਲ ਤੋਂ ਜੇਤਲੀ ਨੇ ਇਨਕਾਰ ਕੀਤਾ ਹੈ। ਪਿਛਲੇ ਕਈ ਦਿਨਾਂ ਤੋਂ ਰਾਹਤ ਪੈਕੇਜ ਨੂੰ ਲੈ ਕੇ ਖਬਰਾਂ ਚੱਲ ਰਹੀਆਂ ਸਨ ਪਰ ਜੇਤਲੀ ਨੇ ਹੁਣ ਜਾ ਕੇ ਇਸ 'ਤੇ ਸਫਾਈ ਦਿੱਤੀ ਹੈ। ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਉਨ੍ਹਾਂ ਨੇ ਅਰਥਵਿਵਸਥਾ ਨੂੰ ਬੂਸਟ ਦੇਣ ਲਈ ਕਿਸੇ ਵੀ ਰਾਹਤ ਪੈਕੇਜ ਬਾਰੇ ਕਦੇ ਗੱਲ ਨਹੀਂ ਕੀਤੀ ਹੈ। ਇੱਥੇ ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਨੇ ਇਹ ਗੱਲ ਕਹੀ। ਜੇਤਲੀ ਨੂੰ ਸਵਾਲ ਸੀ ਕੀ ਸਰਕਾਰ ਭਾਰੀ-ਭਰਕਮ ਰਾਹਤ ਪੈਕੇਜ 'ਤੇ ਵਿਚਾਰ ਕਰ ਰਹੀ ਹੈ? ਇਸ 'ਤੇ ਜੇਤਲੀ ਨੇ ਕਿਹਾ ਕਿ ਮੀਡੀਆ ਨੇ ਰਾਹਤ ਪੈਕੇਜ ਬਾਰੇ ਗੱਲ ਕੀਤੀ ਅਤੇ ਤੁਹਾਨੂੰ ਇਸ 'ਤੇ ਉਨ੍ਹਾਂ ਕੋਲੋਂ ਪੁਛਣਾ ਚਾਹੀਦਾ ਹੈ।

ਜੇਤਲੀ ਨੇ ਕਿਹਾ, ''ਮੈਂ ਇਸ ਸ਼ਬਦ (ਰਾਹਤ ਪੈਕੇਜ) ਦਾ ਇਸਤੇਮਾਲ ਨਹੀਂ ਕੀਤਾ। ਮੈਂ ਕਿਹਾ ਸੀ ਕਿ ਅਸੀਂ ਹਾਲਾਤ ਨੂੰ ਦੇਖਦੇ ਹੋਏ ਫੈਸਲੇ ਕਰਾਂਗੇ ਅਤੇ ਤੁਹਾਡੇ ਮਿੱਤਰਾਂ ਨੇ ਇਸ ਸ਼ਬਦ ਦਾ ਮਤਲਬ ਰਾਹਤ ਪੈਕੇਜ ਕੱਢ ਲਿਆ।'' ਤੁਹਾਨੂੰ ਦੱਸ ਦੇਈਏ ਕਿ ਅਪ੍ਰੈਲ-ਜੂਨ ਤਿਮਾਹੀ 'ਚ ਭਾਰਤ ਦੀ ਵਿਕਾਸ ਦਰ ਘੱਟ ਕੇ 5.7 ਫੀਸਦੀ ਰਹਿ ਗਈ ਸੀ, ਜੋ ਕਿ ਤਿੰਨ ਸਾਲਾਂ 'ਚ ਸਭ ਤੋਂ ਸੁਸਤ ਰਫਤਾਰ ਹੈ। ਇਸ ਤੋਂ ਬਾਅਦ ਲਗਾਤਾਰ ਇਹ ਅਟਕਲਾਂ ਚੱਲ ਰਹੀਆਂ ਸਨ ਕਿ ਸਰਕਾਰ ਅਰਥਵਿਵਸਥਾ ਨੂੰ ਰਫਤਾਰ ਦੇਣ ਲਈ ਰਾਹਤ ਪੈਕੇਜ ਦਾ ਐਲਾਨ ਕਰ ਸਕਦੀ ਹੈ। ਜੇਤਲੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੂੰ ਵਿਰਾਸਤ 'ਚ 4.6 ਫੀਸਦੀ ਦਾ ਭਾਰੀ-ਭਰਕਮ ਵਿੱਤੀ ਘਾਟਾ ਮਿਲਿਆ ਸੀ। ਹੌਲੀ-ਹੌਲੀ ਭਾਰਤ ਇਸ ਨੂੰ ਘੱਟ ਕਰਨ 'ਚ ਸਫਲ ਹੋ ਰਿਹਾ ਹੈ ਅਤੇ ਅੱਗੇ ਵੀ ਇਸ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ। ਉਨ੍ਹਾਂ ਕਿਹਾ ਕਿ ਨੋਟਬੰਦੀ ਅਤੇ ਜੀ. ਐੱਸ. ਟੀ. ਵਰਗੇ ਸੁਧਾਰਾਂ ਨੂੰ ਲਾਗੂ ਕਰਨ ਲਈ ਪੂਰੀ ਦੁਨੀਆ ਭਾਰਤ ਦੀ ਹਿੰਮਤ ਦੀ ਸ਼ਲਾਘਾ ਕਰ ਰਹੀ ਹੈ ਪਰ ਕਾਂਗਰਸ ਅਲੋਚਨਾ ਕਰ ਰਹੀ ਹੈ। ਸਹੀ ਗੱਲ ਇਹ ਹੈ ਕਿ ਕੋਈ ਵੀ ਕਾਂਗਰਸ ਦੀ ਗੱਲ 'ਤੇ ਧਿਆਨ ਨਹੀਂ ਦੇ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਾਲੇ ਧਨ ਨੂੰ ਹਟਾਉਣਾ ਕਦੇ ਵੀ ਕਾਂਗਰਸ ਦੀ ਤਰਜੀਹ 'ਚ ਨਹੀਂ ਰਿਹਾ।


Related News