ਆਰਥਿਕ ਵਾਧੇ ਨੂੰ ਰਫ਼ਤਾਰ ਦੇਣ ਲਈ ਬਦਲਵੇਂ ਉਪਰਾਲਿਆਂ ’ਤੇ ਗੌਰ ਕਰਨ ਦੀ ਜ਼ਰੂਰਤ : ਰਾਜੀਵ ਕੁਮਾਰ

Thursday, Jan 30, 2020 - 10:50 PM (IST)

ਆਰਥਿਕ ਵਾਧੇ ਨੂੰ ਰਫ਼ਤਾਰ ਦੇਣ ਲਈ ਬਦਲਵੇਂ ਉਪਰਾਲਿਆਂ ’ਤੇ ਗੌਰ ਕਰਨ ਦੀ ਜ਼ਰੂਰਤ : ਰਾਜੀਵ ਕੁਮਾਰ

ਨਵੀਂ ਦਿੱਲੀ (ਭਾਸ਼ਾ)-ਨੀਤੀ ਆਯੋਗ ਦੇ ਉਪ ਚੇਅਰਮੈਨ ਰਾਜੀਵ ਕੁਮਾਰ ਨੇ ਕਿਹਾ ਹੈ ਕਿ ਸਰਕਾਰ ਨੂੰ ਅਰਥਵਿਵਸਥਾ ਨੂੰ ਰਫ਼ਤਾਰ ਦੇਣ ਲਈ ਵਿੱਤੀ ਪ੍ਰੋਤਸਾਹਨ ਤੋਂ ਇਲਾਵਾ ਬਦਲਵੇਂ ਉਪਰਾਲਿਆਂ ’ਤੇ ਗੌਰ ਕਰਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸਰਕਾਰ ਲਈ ਵਿੱਤੀ ਪ੍ਰੋਤਸਾਹਨ ਦੇਣਾ ਸੰਭਵ ਨਹੀਂ ਹੈ। ਉਨ੍ਹਾਂ ਇਹ ਗੱਲ ਬਜਟ ਤੋਂ ਪਹਿਲਾਂ ਕਹੀ ਹੈ। ਕੁਮਾਰ ਨੇ ਇਹ ਵੀ ਕਿਹਾ ਕਿ ਆਰਥਿਕ ਵਾਧੇ ਨੂੰ ਰਫ਼ਤਾਰ ਦੇਣ ਵਾਲੇ ਉਪਰਾਲੇ ਸਮੇਂ ਦੀ ਜ਼ਰੂਰਤ ਹਨ। ਦੇਸ਼ ’ਚ 7 ਤੋਂ 8 ਫ਼ੀਸਦੀ ਸਾਲਾਨਾ ਵਾਧਾ ਦਰ ਹਾਸਲ ਕਰਨ ਦੀ ਸਮਰੱਥਾ ਹੈ। ਉਨ੍ਹਾਂ ਮੌਜੂਦਾ ਨਰਮੀ ਲਈ ਘੱਟ ਨਿਵੇਸ਼, ਖਪਤ ਖ਼ਰਚਿਆਂ ’ਚ ਨਰਮਾਈ ਅਤੇ ਬਰਾਮਦ ’ਚ ਕਮੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਗੱਲ ਨੂੰ ਲੈ ਕੇ ਮਾਹਿਰ ਵੰਡੇ ਹੋਏ ਹਨ ਕਿ ਕੀ ਸਰਕਾਰ ਨੂੰ ਵਿੱਤੀ ਘਾਟੇ ਦੀ ਚਿੰਤਾ ਕੀਤੇ ਬਿਨਾਂ ਮੱਠੇ ਪੈਂਦੇ ਆਰਥਿਕ ਵਾਧੇ ਨੂੰ ਰਫ਼ਤਾਰ ਦੇਣ ਲਈ ਪ੍ਰੋਤਸਾਹਨ ਉਪਲੱਬਧ ਕਰਵਾਉਣਾ ਚਾਹੀਦਾ ਹੈ?

ਕੁਮਾਰ ਨੇ ਨੀਤੀ ਆਯੋਗ ਦੀ ਪੱਤ੍ਰਿਕਾ ਅਰਥਨੀਤੀ ’ਚ ਕਿਹਾ ਹੈ, ‘‘ਭਾਰਤ ਦੇ ਆਰਥਿਕ ਵਾਧੇ ਦੀ ਸਮਰੱਥਾ 7-8 ਫ਼ੀਸਦੀ ਸਾਲਾਨਾ ਹੈ ਅਤੇ ਵਾਧੇ ਨੂੰ ਰਫ਼ਤਾਰ ਦੇਣ ਲਈ ਉਪਰਾਲੇ ਕਰਨਾ ਸਮੇਂ ਦੀ ਜ਼ਰੂਰਤ ਹੈ।’’ ਉਨ੍ਹਾਂ ਕਿਹਾ, ‘‘ਹਾਲਾਂਕਿ ਸਰਕਾਰ ਲਈ ਵੱਡੇ ਪੱਧਰ ’ਤੇ ਵਿੱਤੀ ਪ੍ਰੋਤਸਾਹਨ ਦੇਣ ਦੀ ਰੁਕਾਵਟ ਹੈ, ਇਸ ਲਈ ਵਾਧਾ ਦਰ ਵਧਾਉਣ ਨੂੰ ਲੈ ਕੇ ਧਿਆਨ ਬਦਲਵੇਂ ਉਪਰਾਲਿਆਂ ’ਤੇ ਹੋਣਾ ਚਾਹੀਦਾ ਹੈ।’’ ਨੀਤੀ ਆਯੋਗ ਦੇ ਉਪ ਚੇਅਰਮੈਨ ਨੇ ਕਿਹਾ ਕਿ ਵਿਨਿਰਮਾਣ ਅਤੇ ਸੇਵਾਵਾਂ ਦੇ ਪ੍ਰਚੇਜ਼ਿੰਗ ਮੈਨੇਜਰ ਇੰਡੈਕਸ (ਪੀ. ਐੱਮ. ਆਈ.) ਤੋਂ ਸੁਧਾਰ ਦੇ ਕੁਝ ਸੰਕੇਤ ਦਿਸ ਰਹੇ ਹਨ। ਇਹ 52 ਤੋਂ ਉਪਰ ਪਹੁੰਚ ਗਿਆ ਹੈ ਜੋ ਵਿਸਥਾਰ ਨੂੰ ਦਰਸਾਉਂਦਾ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੇ ਅਰਥਵਿਵਸਥਾ ਨੂੰ ਰਫ਼ਤਾਰ ਦੇਣ ਲਈ ਹਾਲ ’ਚ ਕਈ ਉਪਰਾਲੇ ਕੀਤੇ ਹਨ। ਇਨ੍ਹਾਂ ’ਚ ਕੰਪਨੀ ਟੈਕਸ ’ਚ ਕਟੌਤੀ ਸ਼ਾਮਲ ਹੈ। ਕੁਮਾਰ ਨੇ ਕਿਹਾ, ‘‘ਸ਼ੇਅਰ ਬਾਜ਼ਾਰ ’ਤੇ ਇਨ੍ਹਾਂ ਉਪਰਾਲਿਆਂ ਦਾ ਅਸਰ ਦਿਸਿਆ ਹੈ ਅਤੇ ਬਾਜ਼ਾਰ ਰਿਕਾਰਡ ਉੱਚਾਈ ’ਤੇ ਪੁੱਜਾ ਹੈ। ਇਸ ਦੇ ਬਾਵਜੂਦ ਹੁਣ ਸਾਰਿਆਂ ਦੀ ਨਜ਼ਰ 2020 ਦੇ ਬਜਟ ’ਤੇ ਹੈ।’’


author

Karan Kumar

Content Editor

Related News